UP, ਮਹਾਰਾਸ਼ਟਰ ਤੇ ਪੱਛਮੀ ਬੰਗਾਲ ’ਚ ਭਾਜਪਾ ਨੇਤਾਵਾਂ ਵਿਚਾਲੇ ਘਮਾਸਾਨ, ਪਹਿਲੀ ਵਾਰ ਹੋਏ ਆਹਮੋ-ਸਾਹਮਣੇ

06/15/2024 11:06:30 AM

ਨਵੀਂ ਦਿੱਲੀ - ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰਨ ਤੋਂ ਬਾਅਦ 10 ਸਾਲ ’ਚ ਪਹਿਲੀ ਵਾਰ ਭਾਜਪਾ ਨੇਤਾ ਸੂਬਾ ਪੱਧਰ ’ਤੇ ਖੁੱਲ੍ਹ ਕੇ ਇਕ-ਦੂਜੇ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ। ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਪੱਛਮੀ ਬੰਗਾਲ ਵਿਚ ਭਾਜਪਾ ਦਾ ਪ੍ਰਦਰਸ਼ਨ ਖਰਾਬ ਰਿਹਾ ਹੈ ਅਤੇ ਤਿੰਨਾਂ ਸੂਬਿਆਂ ’ਚ ਭਾਜਪਾ ਨੇਤਾ ਆਹਮੋ-ਸਾਹਮਣੇ ਹਨ। ਉੱਤਰ ਪ੍ਰਦੇਸ਼ ’ਚ 80 ਲੋਕ ਸਭਾ ਸੀਟਾਂ ਹਨ, ਜਦਕਿ ਮਹਾਰਾਸ਼ਟਰ ’ਚ 48 ਅਤੇ ਪੱਛਮੀ ਬੰਗਾਲ ’ਚ 42 ਸੀਟਾਂ ਹਨ। ਕੁੱਲ ਮਿਲਾ ਕੇ ਇਨ੍ਹਾਂ ਤਿੰਨਾਂ ਸੂਬਿਆਂ ’ਚ 170 ਲੋਕ ਸਭਾ ਸੀਟਾਂ ਹਨ ਅਤੇ ਇੰਨੇ ਵੱਡੇ ਸੂਬਿਆਂ ’ਚ ਭਾਜਪਾ ਲਈ ਅੰਦਰੂਨੀ ਫੁੱਟ ਨੂੰ ਸੰਭਾਲਣਾ ਮੁਸ਼ਕਲ ਹੋ ਰਿਹਾ ਹੈ।

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਉੱਤਰ ਪ੍ਰਦੇਸ਼ ’ਚ ਸੋਮਪ੍ਰਕਾਸ਼ ਅਤੇ ਬਾਲਿਯਾਨ ਵਿਚਾਲੇ ਛਿੜਿਆ ਘਮਾਸਾਨ
ਸਾਬਕਾ ਕੇਂਦਰੀ ਮੰਤਰੀ ਅਤੇ ਮੁਜ਼ੱਫਰਨਗਰ ਤੋਂ ਦੋ ਵਾਰ ਦੇ ਸੰਸਦ ਮੈਂਬਰ ਸੰਜੀਵ ਬਾਲਿਯਾਨ ਇਨ੍ਹਾਂ ਚੋਣਾਂ ’ਚ ਹਾਰ ਗਏ ਹਨ। ਉਨ੍ਹਾਂ ਨੇ ਆਪਣੀ ਹਾਰ ਲਈ ਪਾਰਟੀ ਦੇ ਸਾਬਕਾ ਵਿਧਾਇਕ ਸੰਗੀਤ ਸਿੰਘ ਸੋਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬਾਲਿਯਾਨ ਨੇ ਕਿਹਾ ਕਿ ਸੋਮਪ੍ਰਕਾਸ਼ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸਰਦਾਨਾ ਵਿਧਾਨ ਸਭਾ ਸੀਟ ’ਤੇ ਸਮਾਜਵਾਦੀ ਪਾਰਟੀ ਦਾ ਸਾਥ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬਾਲਿਯਾਨ ਇਨ੍ਹਾਂ ਚੋਣਾਂ ’ਚ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਮਲਿਕ ਤੋਂ 24672 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਸਨ।

ਬਾਲਿਯਾਨ ਨੇ ਕਿਹਾ ਕਿ ਪੱਛਮੀ ਯੂ. ਪੀ. ’ਚ ਰਾਜਪੂਤ ਭਾਈਚਾਰੇ ਨਾਲ ਸਬੰਧਿਤ ਪਿੰਡ ਵਿਚ ਭਾਜਪਾ ਦੇ ਵਿਰੋਧ ਪਿੱਛੇ ਸੰਗੀਤ ਸੋਮ ਦੀ ਭੂਮਿਕਾ ਸੀ। ਇਸ ਕਾਰਨ ਹੀ ਕੈਰਾਨਾ ਅਤੇ ਸਹਾਰਨਪੁਰ ਦੀਆਂ ਸੀਟਾਂ ’ਤੇ ਵੀ ਅਸਰ ਪਿਆ। ਸਹਾਰਨਪੁਰ ਤੋਂ ਕਾਂਗਰਸ ਦੇ ਇਮਰਾਨ ਮਸੂਦ ਨੇ ਚੋਣ ਜਿੱਤੀ, ਜਦਕਿ ਸਮਾਜਵਾਦੀ ਦੀ ਇਕਰਾ ਚੌਧਰੀ ਕੈਰਾਨਾ ਤੋਂ ਚੋਣ ਜਿੱਤ ਗਈ। ਇਸ ਚੋਣ ਵਿਚ ਸੰਜੀਵ ਬਾਲਿਯਾਨ ਨੂੰ ਰਾਜਪੂਤ ਭਾਈਚਾਰੇ ਵੱਲੋਂ ਬਾਈਕਾਟ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਵੋਟਰ ਭਾਜਪਾ ਦੇ ਖਿਲਾਫ ਖੜ੍ਹੇ ਹੋ ਗਏ ਸਨ, ਜਦਕਿ ਹਿੰਦੂਆਂ ਵਿਚ ਵੰਡੀਆਂ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ’ਚ ਜਯੰਤ ਚੌਧਰੀ ਦੇ ਰਾਸ਼ਟਰੀ ਲੋਕ ਦਲ ਨੇ ਭਾਜਪਾ ਦੀ ਮਦਦ ਕੀਤੀ।

ਇਹ ਵੀ ਪੜ੍ਹੋ - ਮਿਸਾਲ: ਅਮਰੀਕਾ ਦੀ ਸਭ ਤੋਂ ਅਮੀਰ ਔਰਤ ਬਣੀ 92 ਸਾਲਾਂ ਜੋਆਨ, ਨੌਕਰੀ ਗਈ ਫਿਰ ਵੀ ਨਹੀਂ ਛੱਡੀ ਹਿੰਮਤ

ਇਸ ਦੌਰਾਨ ਰਾਜਪੂਤ ਭਾਈਚਾਰੇ ਨਾਲ ਸਬੰਧਤ ਸੰਗੀਤ ਸੋਮ ਨੇ ਸੰਜੀਵ ਬਾਲਿਯਾਨ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਲਿਯਾਨ ਨੂੰ ਭਾਜਪਾ ਵਰਕਰਾਂ ਦਾ ਸਮਰਥਨ ਹੀ ਹਾਸਲ ਨਹੀਂ ਸੀ ਅਤੇ ਭਾਜਪਾ ਦਾ ਇਕ ਵੀ ਵਰਕਰ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ। ਭਾਜਪਾ ਵਰਕਰਾਂ ਅਤੇ ਆਮ ਲੋਕਾਂ ਨੇ ਪਾਰਟੀ ਲੀਡਰਸ਼ਿਪ ਨੂੰ ਸੁਨੇਹਾ ਦਿੱਤਾ ਸੀ ਕਿ ਉਸ ਨੂੰ ਟਿਕਟ ਨਾ ਦਿੱਤੀ ਜਾਵੇ ਕਿਉਂਕਿ ਉਸ ਨੇ ਪਿਛਲੇ 10 ਸਾਲਾਂ ਵਿਚ ਕੋਈ ਕੰਮ ਨਹੀਂ ਕੀਤਾ ਅਤੇ ਉਸ ਦੀ ਹਾਰ ਭਾਜਪਾ ਵਰਕਰਾਂ ਦੀ ਅਣਗਹਿਲੀ ਕਾਰਨ ਹੋਈ ਹੈ।

ਸੰਗੀਤ ਸੋਮ ਨੇ ਕਿਹਾ ਕਿ ਬਾਲਿਯਾਨ ਖੁਦ ਸਮਾਜਵਾਦੀ ਪਾਰਟੀ ਦੇ ਸਮਰਥਕ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਸਰਦਾਨਾ ਸੀਟ ’ਤੇ ਵੋਟਰਾਂ ਨਾਲ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ ਪਰ ਇਸ ਸੀਟ ’ਤੇ ਸਮਾਜਵਾਦੀ ਪਾਰਟੀ ਨੂੰ ਬਰਾਬਰ ਵੋਟਾਂ ਮਿਲੀਆਂ। ਸਰਕਾਰੀ ਅੰਕੜਿਆਂ ਮੁਤਾਬਕ ਸਰਦਾਨਾ ਵਿਧਾਨ ਸਭਾ ਸੀਟ ’ਤੇ ਭਾਜਪਾ ਸਿਰਫ਼ 45 ਵੋਟਾਂ ਨਾਲ ਪਿੱਛੇ ਰਹੀ ਹੈ। ਹਾਲਾਂਕਿ ਭਾਜਪਾ ਨੇ ਮੁਜ਼ੱਫਰਨਗਰ ਅਤੇ ਕਟੋਲੀ ਵਿਧਾਨ ਸਭਾ ਸੀਟਾਂ ’ਤੇ ਲੀਡ ਲੈ ਲਈ ਸੀ ਪਰ ਬੁਧਾਨਾ ਅਤੇ ਚਰਥਵਾਲ ਸੀਟਾਂ ’ਤੇ ਸਮਾਜਵਾਦੀ ਪਾਰਟੀ ਅੱਗੇ ਰਹੀ।

ਇਹ ਵੀ ਪੜ੍ਹੋ - ਸਿੰਗਾਪੁਰ ਏਅਰਲਾਈਨਜ਼ ਹਾਦਸੇ ਦਾ ਸ਼ਿਕਾਰ ਯਾਤਰੀਆਂ ਲਈ ਵੱਡੀ ਖ਼ਬਰ, ਮਿਲੇਗਾ ਮੁਆਵਜ਼ਾ

ਪੱਛਮੀ ਬੰਗਾਲ ’ਚ ਸ਼ੁਭੇਂਦੂ ਅਧਿਕਾਰੀ ਖਿਲਾਫ ਮੋਰਚਾ
ਇਸ ਦਰਮਿਆਨ ਪੱਛਮੀ ਬੰਗਾਲ ’ਚ ਭਾਜਪਾ ਦੇ ਸਾਰੇ ਪੁਰਾਣੇ ਨੇਤਾਵਾਂ ਨੇ ਤ੍ਰਿਣਮੂਲ ਕਾਂਗਰਸ ਤੋਂ ਆਏ ਭਾਜਪਾ ਵਿਧਾਇਕ ਦਲ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਭਾਜਪਾ ਨੇਤਾ ਸੂਬੇ ’ਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਲਈ ਸ਼ੁਭੇਂਦੂ ਅਧਿਕਾਰੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਭਾਜਪਾ ਆਗੂਆਂ ਦਾ ਦੋਸ਼ ਹੈ ਕਿ ਟਿਕਟਾਂ ਦੀ ਵੰਡ ਵਿਚ ਪੁਰਾਣੇ ਭਾਜਪਾ ਵਰਕਰਾਂ ਤੇ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਸ਼ੁਭੇਂਦੂ ਅਧਿਕਾਰੀ ਦੀ ਮਰਜ਼ੀ ਅਨੁਸਾਰ ਟਿਕਟਾਂ ਦੀ ਵੰਡ ਕੀਤੀ ਗਈ, ਜਿਸ ਕਾਰਨ ਪਾਰਟੀ ਨੂੰ ਚੋਣਾਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ।

ਮਹਾਰਾਸ਼ਟਰ ’ਚ ਤਾਵੜੇ ਅਤੇ ਫੜਨਵੀਸ ਵਿਚਾਲੇ ਖਿੱਚੋਤਾਣ
ਇਸ ਦਰਮਿਆਨ ਮਹਾਰਾਸ਼ਟਰ ਵਿਚ ਵੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਦੇ ਵੱਖ-ਵੱਖ ਧੜਿਆਂ ਵਿਚ ਆਪਸੀ ਰੰਜਿਸ਼ ਚੱਲ ਰਹੀ ਹੈ। ਮਹਾਰਾਸ਼ਟਰ ਭਾਜਪਾ ਵਿਚ ਅੰਦਰੂਨੀ ਕਲੇਸ਼ ਕਾਰਨ ਉੱਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਚੋਣ ਨਤੀਜਿਆਂ ਤੋਂ ਬਾਅਦ ਅਸਤੀਫ਼ਾ ਦੇਣ ਲਈ ਦਿੱਲੀ ਚਲੇ ਗਏ ਸਨ। ਮਹਾਰਾਸ਼ਟਰ ’ਚ ਵਿਨੋਦ ਤਾਵੜੇ ਅਤੇ ਦੇਵੇਂਦਰ ਫੜਨਵੀਸ ਤੋਂ ਇਲਾਵਾ ਹੋਰ ਧੜਿਆਂ ’ਚ ਲਗਾਤਾਰ ਤਕਰਾਰ ਚੱਲ ਰਹੀ ਹੈ ਅਤੇ ਇਸ ਕਾਰਨ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਹਾਰ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਸੀ ਕਿ ਭਾਜਪਾ ਦੇ ‘400 ਪਾਰ’ ਦੇ ਨਾਅਰੇ ਕਾਰਨ ਹੀ ਮਹਾਰਾਸ਼ਟਰ ’ਚ ਐੱਨ. ਡੀ. ਏ. ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News