ਪੰਜਾਬ 'ਚ ਭਿਆਨਕ ਗਰਮੀ ਨੇ ਬਿਜਲੀ ਦੀ ਖ਼ਪਤ ਦੇ ਤੋੜੇ ਰਿਕਾਰਡ, ਟੈਨਸ਼ਨ 'ਚ ਪਾਵਰਕਾਮ ਦੇ ਅਧਿਕਾਰੀ

05/26/2024 11:53:31 AM

ਲੁਧਿਆਣਾ (ਖੁਰਾਣਾ) : ਮੌਜੂਦਾ ਸਮੇਂ ਦੌਰਾਨ ਅੱਗ ਉਗਲ ਰਹੀ ਗਰਮੀ ਕਾਰਨ ਬਿਜਲੀ ਦੀ ਮੰਗ ’ਚ ਭਾਰੀ ਵਾਧਾ ਹੋਇਆ ਹੈ। ਅਹਿਜੇ ’ਚ ਬਿਜਲੀ ਦੀ ਵੱਧਦੀ ਮੰਗ ਅਤੇ ਬਾਰਸ਼ ਨਾ ਹੋਣ ਕਾਰਨ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਦੀਆਂ ਟੈਨਸ਼ਨਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਸਰੀਰ ਨੂੰ ਝੁਲਸਾ ਦੇਣ ਵਾਲੀ ਗਰਮੀ ’ਚ ਬਿਜਲੀ ਦੀ ਖ਼ਪਤ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਪੰਜਾਬ ਦੇ ਕਈ ਇਲਾਕਿਆਂ ’ਚ ਪਾਰਾ 46 ਡਿਗਰੀ ਤੋਂ ਪਾਰ ਹੋ ਚੁੱਕਾ ਹੈ ਅਤੇ ਹਾਲ ਦੀ ਘੜੀ ਬਾਰਸ਼ ਪੈਣ ਦੇ ਕੋਈ ਅਸਾਰ ਦਿਖਾਈ ਨਹੀਂ ਦੇ ਰਹੇ ਹਨ। ਅਜਿਹੇ ’ਚ ਲੋਕ ਸਭਾ ਚੋਣਾਂ ਸਮੇਤ ਰਾਜ ’ਚ ਝੋਨੇ ਦੀ ਬਿਜਾਈ ਦਾ ਸੀਜ਼ਨ ਸਿਰ ’ਤੇ ਹੈ, ਜਦੋਂ ਕਿ ਆਸਮਾਨ ਤੋਂ ਅੱਗ ਵਾਂਗ ਵਰ੍ਹ ਰਹੀ ਭਿਆਨਕ ਗਰਮੀ ਦੌਰਾਨ ਬਿਜਲੀ ਦੀ ਮੰਗ ਮੁਤਾਬਕ ਪੈਦਾਵਾਰ ਨਾ ਹੋਣ ਕਾਰਨ ਪੰਜਾਬ ਦੇ ਕਈ ਇਲਾਕਿਆਂ ’ਚ ਬਿਜਲੀ ਦੇ ਲੱਗ ਰਹੇ ਅਣ-ਐਲਾਨੇ ਕੱਟ ਲੋਕਾਂ ਦੇ ਸੜੇ ’ਤੇ ਲੂਣ ਛਿੜਕਣ ਦਾ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਪੰਜਾਬ ’ਚ ਵਿਧਾਨ ਸਭਾ ਚੋਣਾਂ ਹਾਰਨ ਵਾਲੇ ਨੇਤਾ ਸੰਸਦ ’ਚ ਐਂਟਰੀ ਲਈ ਲਾ ਰਹੇ ਨੇ ਜ਼ੋਰ

ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਪੰਜਾਬ ਭਰ ’ਚ ਝੋਨੇ ਦੀ ਬਿਜਾਈ ਦਾ ਸੀਜ਼ਨ ਸ਼ੁਰੂ ਹੋਣ ’ਤੇ ਹਾਲਾਤ ਹੋਰ ਵੀ ਜ਼ਿਆਦਾ ਭਿਆਨਕ ਹੋ ਸਕਦੇ ਹਨ। ਹੁਣ ਜੇਕਰ ਗੱਲ ਕੀਤੀ ਜਾਵੇ ਸਾਲ 2023 ਦੇ ਮੁਕਾਬਲੇ ਸਾਲ 2024 ਮਈ ਮਹੀਨੇ ਦੌਰਾਨ ਬਿਜਲੀ ਦੀ ਵਧੀ ਮੰਗ ਦੀ ਤਾਂ ਇਸ ’ਚ ਕਰੀਬ 25 ਫ਼ੀਸਦੀ ਦਾ ਭਾਰੀ ਵਾਧਾ ਹੋਇਆ ਹੈ, ਜਦੋਂ ਕਿ ਅਪ੍ਰੈਲ ’ਚ ਵੀ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ ’ਚ 10 ਫ਼ੀਸਦੀ ਤੱਕ ਦਾ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਅਜਿਹੇ ’ਚ ਜੇਕਰ ਮੌਸਮ ਨੇ ਸਾਥ ਨਾ ਦਿੱਤਾ ਤਾਂ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੰਜਾਬ ਦੀ ਜਨਤਾ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਸਬੰਧੀ ਕੀਤੇ ਦਾਅਵਿਆਂ ਦੀ ਪੋਲ ਖੁੱਲ੍ਹਣ ’ਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਜਾਰੀ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਵਿਭਾਗ ਵੱਲੋਂ ਪਿਛਲੇ ਸਾਲ ਮਈ ਮਹੀਨੇ ’ਚ 10386 ਮੈਗਾਵਾਟ ਦੇ ਮੁਕਾਬਲੇ ਮੌਜੂਦਾ ਸਮੇਂ ਰੋਜ਼ਾਨਾ 14514 ਮੈਗਾਵਾਟ ਬਿਜਲੀ ਦੀ ਸਪਲਾਈ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 40 ਫ਼ੀਸਦੀ ਵੱਧ ਹੈ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ CM ਮਾਨ ਦੇ ਅੱਜ 5 ਪ੍ਰੋਗਰਾਮ, ਜਾਣੋ ਪੂਰਾ ਸ਼ਡਿਊਲ (ਵੀਡੀਓ)

ਮੌਜੂਦਾ ਸਾਲ ਦੇ ਅਪ੍ਰੈਲ ’ਚ ਵੀ ਵੱਧ ਤੋਂ ਵੱਧ ਸਪਲਾਈ 10011 ਮੈਗਾਵਾਟ ਰਹੀ, ਜਦੋਂਕਿ ਅਪ੍ਰੈਲ 2023 ’ਚ ਬਿਜਲੀ ਸਪਲਾਈ ਦਾ ਇਹ ਅੰਕੜਾ 8143 ਮੈਗਾਵਾਟ ਰਿਹਾ। ਇਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੋਵੇਗਾ ਕਿ ਉਦਯੋਗਿਕ ਸ਼ਹਿਰ ਲੁਧਿਆਣਾ ’ਚ ਕਈ ਵੱਡੀਆਂ ਇੰਡਸਟਰੀਜ਼ ਤੇ ਉਦਯੋਗਿਕ ਘਰਾਣੇ ਸਥਾਪਿਤ ਹਨ, ਜੋ ਇਕ ਇੰਡਸਟਰੀਜ਼ ਨੂੰ ਬਿਜਲੀ ਦੀ ਉੱਚਿਤ ਸਪਲਾਈ ਨਾ ਮਿਲਣ ਕਾਰਨ ਸਮੇਂ-ਸਮੇਂ ’ਤੇ ਆਪਣਾ ਵਿਰੋਧ ਜਤਾਉਂਦੇ ਰਹਿੰਦੇ ਹਨ। ਇੱਥੇ ਅਜਿਹਾ ਨਹੀਂ ਹੈ ਕਿ ਪੰਜਾਬ ’ਚ ਝੋਨੇ ਦੀ ਬਿਜਾਈ ਕਰਨ ਅਤੇ ਗਰਮੀਆਂ ਦਾ ਸੀਜ਼ਨ ਪਹਿਲੀ ਵਾਰ ਜਾਂ ਫਿਰ ਅਚਾਨਕ ਆਇਆ ਹੋਵੇ ਅਤੇ ਇਸ ਦੌਰਾਨ ਬਿਜਲੀ ਦੀ ਮੰਗ ਅਚਾਨਕ ਵਧੀ ਹੈ, ਸਗੋਂ ਇਸ ਗੱਲ ਨੂੰ ਪਾਵਰਕਾਮ ਵਿਭਾਗ ਦੇ ਅਧਿਕਾਰੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਰਾਜ ’ਚ ਝੋਨੇ ਦੀ ਬਿਜਾਈ ਅਤੇ ਗਰਮੀਆਂ ਦੇ ਦਿਨਾਂ ’ਚ ਬਿਜਲੀ ਦੀ ਮੰਗ ਹਰ ਸਾਲ ਵੱਧ ਜਾਂਦੀ ਹੈ ਤਾਂ ਫਿਰ ਕਿਉਂ ਨਹੀਂ ਅਧਿਕਾਰੀਆਂ ਵੱਲੋਂ ਸਮਾਂ ਰਹਿੰਦੇ ਇਸ ਅਹਿਮ ਮਸਲੇ ’ਤੇ ਗੌਰ ਕੀਤਾ ਗਿਆ।

ਇਹ ਇਕ ਵੱਡਾ ਸਵਾਲ ਹੈ। ਇਸ ਸਭ ’ਚ ਵਿਭਾਗੀ ਅਧਿਕਾਰੀਆਂ ਵੱਲੋਂ ਸਰਦੀਆਂ ਦੇ ਦਿਨਾਂ ’ਚ ਬਾਰਸ਼ ਘੱਟ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਜਦੋਂਕਿ ਮੌਜੂਦਾ ਸਮੇਂ ਦੌਰਾਨ ਵੀ ਮਾਨਸੂਨ ਲੇਟ ਹੋਣ ਕਾਰਨ ਬਾਰਸ਼ ਨਾ ਹੋਣਾ ਬਿਜਲੀ ਦੀ ਲਗਾਤਾਰ ਵੱਧਦੀ ਮੰਗ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਅਜਿਹੇ ’ਚ ਜੇਕਰ ਆਉਣ ਵਾਲੇ ਦਿਨਾਂ ’ਚ ਪੰਜਾਬ ’ਚ ਮੀਂਹ ਪੈਣ ਕਾਰਨ ਮੌਸਮ ’ਚ ਬਦਲਾਅ ਆਉਂਦਾ ਹੈ ਤਾਂ ਤਾਪਮਾਨ ਘੱਟ ਹੋਣ ਕਾਰਨ ਬਿਜਲੀ ਦੀ ਮੰਗ ’ਚ ਸੁਧਾਰ ’ਤੇ ਜਿੱਥੇ ਆਮ ਜਨਤਾ ਸਮੇਤ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨੂੰ ਕੁੱਝ ਰਾਹਤ ਮਿਲ ਸਕਦੀ ਹੈ।

ਜਦੋਂਕਿ ਕਿਸਾਨਾਂ ਦੇ ਖੇਤਾਂ ’ਚ ਲਾਈ ਜਾਣ ਵਾਲੀ ਝੋਨੇ ਦੀ ਫ਼ਸਲ ਨੂੰ ਵੀ ਆਸਮਾਨ ਤੋਂ ਡਿੱਗਣ ਵਾਲੇ ਕੁਦਰਤੀ ਪਾਣੀ ਦਾ ਲਾਭ ਮਿਲੇਗਾ। ਕਾਬਿਲੇਗੌਰ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਪਿਛਲੇ ਕਰੀਬ 3 ਮਹੀਨਿਆਂ ਦੌਰਾਨ ਲੁਧਿਆਣਾ ਜ਼ਿਲ੍ਹੇ ’ਚ ਬਿਜਲੀ ਦੀ ਪੈਦਾਵਾਰ ਵਧਾਉਣ ਲਈ ਕਰੋੜਾਂ ਰੁਪਏ ਦੇ ਨਵੇਂ ਪ੍ਰਾਜੈਕਟ ਲਾਏ ਗਏ ਹਨ, ਜਿਸ ਕਾਰਨ ਜ਼ਿਆਦਾਤਰ ਇਲਾਕਿਆਂ ’ਚ ਲੱਗੀ ਇੰਡਸਟਰੀ, ਕਾਰੋਬਾਰੀਆਂ, ਵਪਾਰੀਆਂ ਅਤੇ ਘਰੇਲੂ ਖ਼ਪਤਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News