ਯਾਤਰੀ ਵਾਹਨਾਂ ਦੀ ਥੋਕ ਵਿਕਰੀ ’ਚ ਮਾਮੂਲੀ ਵਾਧਾ

06/02/2024 4:25:42 PM

ਨਵੀਂ ਦਿੱਲੀ (ਭਾਸ਼ਾ) - ਭਾਰਤ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ’ਚ ਮਈ ’ਚ ਮਾਮੂਲੀ ਵਾਧਾ ਦੇਖਿਆ ਗਿਆ। ਇਸ ਦਾ ਕਾਰਨ ਉੱਚ ਆਧਾਰ ਪ੍ਰਭਾਵ ਅਤੇ ਆਮ ਚੋਣਾਂ ਕਾਰਨ ਮੰਗ ਕਮੀ ਰਿਹਾ। ਕੰਪਨੀਆਂ ਤੋਂ ਡੀਲਰਾਂ ਤੱਕ ਕੁੱਲ ਯਾਤਰੀ ਵਾਹਨਾਂ ਦੀ ਸਪਲਾਈ ਪਿਛਲੇ ਮਹੀਨੇ 4 ਫੀਸਦੀ ਵਾਧੇ ਨਾਲ 3,50,257 ਲੱਖ ਇਕਾਈ ਰਹੀ, ਜਦਕਿ ਪਿਛਲੇ ਸਾਲ ਦੇ ਇਸੇ ਮਹੀਨੇ ਇਹ 3,35,436 ਇਕਾਈ ਸੀ।

ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਘਰੇਲੂ ਬਾਜ਼ਾਰ ’ਚ ਯਾਤਰੀ ਵਾਹਨਾਂ ਸੈਗਮੈਂਟ ’ਚ ਕੁੱਲ ਵਿਕਰੀ ਥੋੜੀ ਵਧ ਕੇ 1,44,002 ਇਕਾਈ ਹੋ ਗਈ, ਜੋ ਪਿਛਲੇ ਸਾਲ ਮਈ ’ਚ 1,43,708 ਇਕਾਈ ਸੀ। ਕੰਪਨੀ ਨੇ ਪਿਛਲੇ ਮਹੀਨੇ ਐਂਟਰੀ-ਲੈਵਲ ਦੀਆਂ ਅਤੇ ਕੰਪੈਕਟ ਕਾਰਾਂ ਦੀ ਵਿਕਰੀ ’ਚ ਸਾਲਾਨਾ ਆਧਾਰ ’ਤੇ ਗਿਰਾਵਟ ਦੇਖੀ।

ਮਈ ’ਚ ਬਹੁ-ਉਦੇਸ਼ੀ ਵਾਹਨਾਂ- ਬ੍ਰੇਜ਼ਾ, ਗ੍ਰੈਂਡ ਵਿਟਾਰਾ, ਅਰਟਿਗਾ, ਐੱਸ-ਕ੍ਰਾਸ ਅਤੇ ਐਕਸ ਐੱਲ 6 ਦੀ ਵਿਕਰੀ ਵਧ ਕੇ 54,204 ਇਕਾਈ ਹੋ ਗਈ। ਐੱਮ. ਐੱਸ. ਆਈ. ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਵਿਕਰੀ ਅਤੇ ਮਾਰਕੀਟਿੰਗ) ਪਾਰਥੋ ਬੈਨਰਜੀ ਨੇ ਪੱਤਰਕਾਰਾਂ ਨੂੰ ਦੱਸਿਆ, “ਇਸ ਗੱਲ ’ਤੇ ਚਰਚਾ ਹੋਈ ਹੈ ਕਿ ਇਸ ਸਾਲ ਵਾਧਾ ਦਰ ਬਹੁਤ ਜ਼ਿਆਦਾ ਨਹੀਂ ਹੋਵੇਗੀ। ਉੱਚ ਅਧਾਰ ਪ੍ਰਭਾਵ ਕਾਰਨ ਇਹ ਇਕਹਿਰੇ ਅੰਕ ’ਚ ਰਹੇਗੀ। ਦੂਜੀ ਗੱਲ, ਚੋਣਾਂ ਸਨ ਅਤੇ ਅੱਤ ਦੀ ਗਰਮੀ ਦਾ ਵੀ ਮਈ ’ਚ ਸਮੁੱਚੀ ਵਿਕਰੀ ’ਤੇ ਅਸਰ ਪਿਆ।’’

ਹੁੰਡਈ ਮੋਟਰ ਇੰਡੀਆ (ਐੱਸ. ਐੱਮ. ਆਈ.) ਦੀ ਮਈ ’ਚ ਘਰੇਲੂ ਵਾਹਨਾਂ ਦੀ ਵਿਕਰੀ ’ਚ 1 ਫੀਸਦੀ ਦਾ ਵਾਧਾ ਹੋਇਆ ਹੈ। ਕੰਪਨੀ ਨੇ ਮਈ ’ਚ 49,151 ਵਾਹਨ ਵੇਚੇ, ਜਦਕਿ ਪਿਛਲੇ ਸਾਲ ਇਸੇ ਮਹੀਨੇ ’ਚ 48,601 ਵਾਹਨਾਂ ਦੀ ਵਿਕਰੀ ਕੀਤੀ ਸੀ। ਐੱਚ. ਐੱਮ. ਆਈ. ਦੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਤਰੁਣ ਗਰਗ ਨੇ ਕਿਹਾ ਕਿ ਇਸ ਵਿੱਤੀ ਸਾਲ ’ਚ ਵਿਕਰੀ ’ਚ ਵਾਧਾ ਇਕਹਿਰੇ ਅੰਕ ਦੀ ਹੱਦ ’ਚ ਰਹਿਣ ਦਾ ਅੰਦਾਜ਼ਾ ਹੈ। ਘਰੇਲੂ ਬਾਜ਼ਾਰ ’ਚ ਇਲੈਕਟ੍ਰਿਕ ਵਾਹਨਾਂ ਸਮੇਤ ਕੁੱਲ ਯਾਤਰੀ ਵਾਹਨਾਂ ਦੀ ਕੁੱਲ ਵਿਕਰੀ 2 ਫੀਸਦੀ ਵਧ ਕੇ 47,075 ਇਕਾਈ ਰਹੀ।

ਓਧਰ, ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਦੀ ਘਰੇਲੂ ਬਾਜ਼ਾਰ ’ਚ ਯਾਤਰੀ ਵਾਹਨਾਂ ਸੈਗਮੈਂਟ ’ਚ ਵਿਕਰੀ 31 ਫੀਸਦੀ ਵਧ ਕੇ 43,218 ਇਕਾਈ ਹੋ ਗਈ। ਟੋਇਟਾ ਕਿਰਲੋਸਕਰ ਮੋਟਰ (ਟੀ. ਕੇ. ਐੱਮ.) ਦੀ ਮਈ ’ਚ ਕੁੱਲ ਥੋਕ ਵਿਕਰੀ ਸਾਲਾਨਾ ਆਧਾਰ ’ਤੇ 24 ਫੀਸਦੀ ਵਧ ਕੇ 25,273 ਇਕਾਈ ਰਹੀ। ਕੀਆ ਇੰਡੀਆ ਦੀ ਵਾਹਨਾਂ ਦੀ ਵਿਕਰੀ ਮਈ ’ਚ ਸਾਲਾਨਾ ਆਧਾਰ ’ਤੇ 4 ਫੀਸਦੀ ਵਧ ਕੇ 19,500 ਇਕਾਈ ਰਹੀ ਹੈ।

ਐੱਮ. ਜੀ. ਮੋਟਰ ਇੰਡੀਆ ਦੀ ਥੋਕ ਵਿਕਰੀ ਮਈ ’ਚ ਸਾਲਾਨਾ ਆਧਾਰ ’ਤੇ 5 ਫੀਸਦੀ ਡਿੱਗ ਕੇ 4,769 ਇਕਾਈ ਰਹਿ ਗਈ। ਕੰਪਨੀ ਨੇ ਪਿਛਲੇ ਸਾਲ ਮਈ ’ਚ 5,006 ਵਾਹਨ ਵੇਚੇ ਸਨ। ਮੋਟਰਸਾਈਕਲ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਦੀ ਕੁੱਲ ਵਿਕਰੀ ਸਾਲਾਨਾ ਆਧਾਰ ’ਤੇ 8 ਫੀਸਦੀ ਘਟ ਕੇ 71,010 ਇਕਾਈ ਰਹੀ।


Harinder Kaur

Content Editor

Related News