ਅੱਗ ਉਗਲਦੀ ਗਰਮੀ ਤੇ ਬਿਜਲੀ ਦੇ ਲੰਬੇ ਕੱਟਾਂ ਕਾਰਨ ਹਾਹਾਕਾਰ, ਨਹੀਂ ਮਿਲ ਰਿਹਾ ਪੀਣ ਵਾਲਾ ਪਾਣੀ
Thursday, May 30, 2024 - 12:27 PM (IST)
ਲੁਧਿਆਣਾ (ਖੁਰਾਣਾ) : ਅੱਗ ਉਗਲਦੀ ਸਰੀਰ ਨੂੰ ਝੁਲਸਾ ਦੇਣ ਵਾਲੀ ਗਰਮੀ ਅਤੇ ਕਈ-ਕਈ ਘੰਟਿਆਂ ਤੱਕ ਲੱਗ ਰਹੇ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਲੋਕਾਂ ਨੂੰ ਪੀਣ ਲਈ ਪਾਣੀ ਤੱਕ ਨਸੀਬ ਨਹੀਂ ਹੋ ਰਿਹਾ। ਸਥਿਤੀ ਇਹ ਬਣੀ ਹੋਈ ਹੈ ਕਿ ਪਾਵਰਕਾਮ ਦੀ ਘਟੀਆ ਕਾਰਜਸ਼ੈਲੀ ਕਾਰਨ ਸ਼ਹਿਰ ਦੇ ਕਈ ਹਿੱਸਿਆਂ ’ਚ ਹਾਲਾਤ ਲਗਾਤਾਰ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਭਿਆਨਕ ਗਰਮੀ ਅਤੇ ਤਾਪਮਾਨ 46 ਡਿਗਰੀ ਤੋਂ ਉੱਪਰ ਪੁੱਜਣ ਕਾਰਨ ਦੁਪਹਿਰ ਸਮੇਂ ਮਹਾਨਗਰ ਦੀਆਂ ਜ਼ਿਆਦਾਤਰ ਸੜਕਾਂ ਸੁੰਨਸਾਨ ਪਈਆਂ ਰਹਿੰਦੀਆਂ ਹਨ। ਸ਼ਿਮਲਾਪੁਰੀ ਦੇ ਡਾਬਾ ਰੋਡ ਇਲਾਕੇ ’ਚ ਰਹਿਣ ਵਾਲੀ ਬਜ਼ੁਰਗ ਔਰਤ ਸੁਨੀਤਾ ਦੇਵੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਇਲਾਕੇ ’ਚ ਮੰਗਲਵਾਰ ਨੂੰ ਸ਼ਾਮ ਤੋਂ ਲੈ ਕੇ ਬੁੱਧਵਾਰ ਦੁਪਹਿਰ ਬਾਅਦ ਤੱਕ ਬਿਜਲੀ ਨਾ ਆਉਣ ਕਾਰਨ ਪੀਣ ਵਾਲਾ ਪਾਣੀ ਤੱਕ ਨਹੀਂ ਹੈ, ਜਿਸ ਕਾਰਨ ਛੋਟੇ ਬੱਚੇ ਭੁੱਖੇ-ਪਿਆਸੇ ਵਿਲਕ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਰਿਕਾਰਡ ਤੋੜ ਗਰਮੀ ਕਾਰਨ 4 ਹੋਰ ਲੋਕਾਂ ਦੀ ਮੌਤ, ਜਾਰੀ ਹੋਇਆ ਹੈ Alert, ਰਹੋ ਬਚ ਕੇ
ਸੁਨੀਤਾ ਨੇ ਕਿਹਾ ਕਿ ਗਰਮੀ ਕਾਰਨ ਇਕ ਪਾਸੇ ਆਸਮਾਨ ਤੋਂ ਅੱਗ ਵਰ੍ਹ ਰਹੀ ਹੈ ਅਤੇ ਉੱਪਰੋਂ ਪਾਵਰਕਾਮ ਵੱਲੋਂ ਬਿਜਲੀ ਬੰਦ ਕਰ ਕੇ ਲੋਕਾਂ ਦੇ ਸੜੇ ’ਤੇ ਨਮਕ ਛਿੜਕਣ ਦਾ ਕੰਮ ਕੀਤਾ ਜਾ ਰਿਹਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਇਲਾਕੇ ਦੇ ਸਮਾਜ ਸੇਵੀ ਸੰਦੀਪ ਸ਼ੁਕਲਾ ਨੇ ਦੱਸਿਆ ਕਿ ਪਿਛਲੇ ਲਗਭਗ 24 ਘੰਟਿਆਂ ਤੋਂ ਇਲਾਕੇ ’ਚ ਬਿਜਲੀ ਦੀ ਸਪਲਾਈ ਠੱਪ ਪਈ ਹੋਈ ਅਤੇ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲੋਕਾਂ ਦੀ ਸੁਣਵਾਈ ਤੱਕ ਨਹੀਂ ਕੀਤੀ ਜਾ ਰਹੀ ਹੈ। ਦੂਜੇ ਮਾਮਲੇ ’ਚ ਹੈਬੋਵਾਲ ਇਲਾਕੇ ’ਚ ਜੱਸੀਆਂ ਰੋਡ ਨਿਵਾਸੀ ਜਾਨੀ ਬਾਬਾ ਨੇ ਵੀ ਸਪਲਾਈ ਵਿਵਸਥਾ ਠੱਪ ਹੋਣ ਦੇ ਦੋਸ਼ ਲਗਾਏ ਹਨ। ਇਲਾਕਾ ਨਿਵਾਸੀਆਂ ਵੱਲੋਂ ਵਿਭਾਗ ਦੇ ਟੋਲ ਫ੍ਰੀ ਨੰਬਰ 1912 ’ਤੇ ਕਈ ਵਾਰ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਵੀ ਕਰਮਚਾਰੀ ਬਿਜਲੀ ਠੀਕ ਕਰਨ ਨਹੀਂ ਪੁੱਜੇ।
ਇਹ ਵੀ ਪੜ੍ਹੋ : ਚੰਡੀਗੜ੍ਹ PGI 'ਚ ਪ੍ਰਾਈਵੇਟ ਕਮਰਾ ਲੈਣ ਬਾਰੇ ਆਈ ਅਹਿਮ ਖ਼ਬਰ, ਧਿਆਨ ਦੇਣ ਮਰੀਜ਼
ਹਰ ਇਲਾਕੇ ’ਚ ਬਿਜਲੀ ਦੀ ਪੂਰੀ ਸਪਲਾਈ : ਐੱਸ. ਈ. ਅਨਿਲ ਸ਼ਰਮਾ
ਪੰਜਾਬ ਸਟੇਟ ਪਾਵਰਕ ਕਾਰਪੋਰੇਸ਼ਨ ਦੇ ਐੱਸ. ਈ. ਵੈਸਟ ਅਨਿਲ ਕੁਮਾਰ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਵਿਭਾਗ ਵੱਲੋਂ ਹਰ ਇਲਾਕੇ ’ਚ ਬਿਜਲੀ ਦੀ ਪੂਰੀ ਸਪਲਾਈ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਕਿਸੇ ਇਲਾਕੇ ਵਿਚ ਵੀ ਬਿਜਲੀ ਦੇ ਅਣਐਲਾਨੇ ਕੱਟ ਨਹੀਂ ਲੱਗ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਸਮੇਂ ਸਿਰ ਹੀ ਬਿਜਲੀ ਦੀਆਂ ਖ਼ਸਤਾਹਾਲ ਤਾਰਾਂ ਨੂੰ ਬਦਲ ਕੇ ਨਹੀਂ ਨਵੀਂਆਂ ਤਾਰਾਂ ਪਾ ਦਿੱਤੀਆਂ ਗਈਆਂ ਸਨ ਅਤੇ ਮੌਜੂਦਾ ਸਮੇਂ ਦੌਰਾਨ ਵੀ ਹਰੇਕ ਇਲਾਕੇ ’ਚ ਟਰਾਂਸਫਾਰਮਰ ਅਤੇ ਫੀਡਰਾਂ ਨੂੰ ਸਮੇਂ-ਸਮੇਂ ’ਤੇ ਚੈੱਕ ਕੀਤਾ ਜਾ ਰਿਹਾ ਹੈ, ਤਾਂ ਕਿ ਕਿਸੇ ਵੀ ਇਲਾਕੇ ਵਿਚ ਬਿਜਲੀ ਦੀ ਸਪਲਾਈ ਪ੍ਰਭਾਵਿਤ ਨਾ ਹੋਵੇ। ਅਨਿਲ ਸ਼ਰਮਾ ਨੇ ਦੱਸਿਆ ਕਿ ਭਿਆਨਕ ਗਰਮੀ ਅਤੇ ਵਿਭਾਗ ਦੇ ਸੀਮਿਤ ਗਿਣਤੀ ’ਚ ਕਰਮਚਾਰੀਆਂ ਦੇ ਹੋਣ ਦੇ ਬਾਵਜੂਦ ਉਨ੍ਹਾਂ ਦੀ ਟੀਮ ’ਚ ਸ਼ਾਮਲ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕਿਸੇ ਵੀ ਇਲਾਕੇ ’ਚ ਬਿਜਲੀ ਸਬੰਧੀ ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਹੀ ਮੌਕੇ ’ਤੇ ਪੁੱਜ ਕੇ ਬਿਜਲੀ ਦੀ ਸਪਲਾਈ ਨੂੰ ਬਹਾਲ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8