ਜ਼ਿਲ੍ਹੇ ਦੇ ਕਿਸਾਨ 1 ਲੱਖ 43 ਹਜ਼ਾਰ ਏਕੜ ਰਕਬੇ ’ਚ ਅੱਜ ਤੋਂ ਸ਼ੁਰੂ ਕਰਨਗੇ ਝੋਨੇ ਦੀ ਲਵਾਈ

Thursday, Jun 10, 2021 - 11:35 AM (IST)

ਜ਼ਿਲ੍ਹੇ ਦੇ ਕਿਸਾਨ 1 ਲੱਖ 43 ਹਜ਼ਾਰ ਏਕੜ ਰਕਬੇ ’ਚ ਅੱਜ ਤੋਂ ਸ਼ੁਰੂ ਕਰਨਗੇ ਝੋਨੇ ਦੀ ਲਵਾਈ

ਮੋਗਾ (ਗੋਪੀ ਰਾਊਕੇ): ਪੰਜਾਬ ਸਰਕਾਰ ਅਤੇ ਖ਼ੇਤੀਬਾੜੀ ਵਿਭਾਗ ਦੇ ਆਦੇਸ਼ਾਂ ਤਹਿਤ ਕਿਸਾਨਾਂ ਵੱਲੋਂ ਸਾਉਣ ਦੀ ਮੁੱਖ ਫ਼ਸਲ ਝੋਨੇ ਦੀ ਲਵਾਈ ਅੱਜ 10 ਜੂਨ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਕਰਕੇ ਮਾਲਵਾ ਖਿੱਤੇ ਦੇ ਮੋਗਾ ਜ਼ਿਲ੍ਹੇ ਦੇ ਕਿਸਾਨਾਂ ਨੇ ਵੀ ਝੋਨਾ ਲਗਾਉਣ ਵਾਲੇ ਖੇਤਾਂ ਦੀ ਤਿਆਰੀ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਹਨ। ਖ਼ੇਤੀਬਾੜੀ ਵਿਭਾਗ ਦੇ ਸੂਤਰਾਂ ਤੋਂ ਇਕੱਤਰ ਵੇਰਵਿਆਂ ਅਨੁਸਾਰ ਪਿਛਲੇ ਵਰ੍ਹੇ 1 ਲੱਖ 43 ਹਜ਼ਾਰ ਏਕੜ ਰਕਬੇ ਵਿਚ ਝੋਨੇ ਦੀ ਬਿਜਾਈ ਕੀਤੀ ਗਈ ਜਦੋਂਕਿ ਕਿ 27 ਹਜ਼ਾਰ ਏਕੜ ਦੇ ਲਗਭਗ ਕਿਸਾਨਾਂ ਨੇ ਪਿਛਲੇ ਵਰ੍ਹੇ ਸਿੱਧੀ ਬਿਜਾਈ ਨੂੰ ਤਰਜ਼ੀਹ ਦਿੱਤੀ ਸੀ, ਪਤਾ ਲੱਗਾ ਹੈ ਕਿ ਪਿਛਲੇ ਵਰ੍ਹੇ ਅਨੁਸਾਰ ਹੀ ਐਤਕੀ ਵੀ ਝੋਨੇ ਦੀ ਲਵਾਈ ਹੋਣ ਦੀ ਸੰਭਾਵਨਾ ਹੈ।ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਰੌਲੀ ਦੇ ਕਿਸਾਨਾਂ ਨੇ ਜ਼ਿਲ੍ਹੇ ਭਰ ਵਿਚੋਂ ਸਭ ਤੋਂ ਪਹਿਲਾ ਝੋਨੇ ਦੀ ਲਵਾਈ ਅੱਜ ਹੀ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਇਸੇ ਪਿੰਡ ਦੇ ਲੋਕ ਹਰ ਵਰ੍ਹੇ ਕਣਕ ਦੀ ਵਾਢੀ ਸ਼ੁਰੂ ਕਰਨ ਵਿਚ ਵੀ ਬਾਜ਼ੀ ਮਾਰਦੇ ਹਨ। ਪਿੰਡ ਰੌਲੀ ਦੇ ਕਿਸਾਨ ਜਗਰਾਜ ਸਿੰਘ ਨੰਬਰਦਾਰ ਅਤੇ ਜਗਸੀਰ ਸਿੰਘ ਰੌਲੀ ਨੇ ਦੱਸਿਆ ਕਿ ਝੋਨੇ ਦੀ ਲਵਾਈ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ:  ਨਾਬਾਲਗ ਬੱਚੇ ਨੇ ਭੱਜ ਕੇ ਬਚਾਈ ਜਾਨ, ਡੇਰਾ ਸੰਚਾਲਕ ਗਰਮ ਸਰੀਏ ਅਤੇ ਚਿਮਟੇ ਲਗਾ ਕਰਦਾ ਸੀ ਤਸ਼ੱਦਦ

ਉਨ੍ਹਾਂ ਕਿਹਾ ਕਿ ਭਾਵੇਂ ਬਿਜਲੀ ਅੱਜ 10 ਜੂਨ ਤੋਂ ਖ਼ੇਤੀ ਸੈਕਟਰ ਲਈ ਆਉਣ ਦੀ ਸੰਭਾਵਨਾ ਹੈ, ਪਰੰਤੂ ਉਨ੍ਹਾਂ ਆਪਣੇ ਪੱਧਰ ’ਤੇ ਪਾਣੀ ਦੇ ਪ੍ਰਬੰਧ ਕਰ ਕੇ ਝੋਨੇ ਦੀ ਲਵਾਈ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ- ਚਾਰ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਰਕੇ ਕਿਸਾਨ ਵਰਗ ਨੂੰ ਪ੍ਰੇਸ਼ਾਨੀ ਦੇ ਆਲਮ ਵਿਚੋਂ ਲੰਘਣਾ ਪੈਂਦਾ ਹੈ, ਕਿਉਂਕਿ ਜ਼ਿਆਦਾ ਤਪਸ਼ ਕਰ ਕੇ ਝੋਨੇ ਦੇ ਖ਼ੇਤਾਂ ਵਿਚ ਜਲਦੀ ਪਾਣੀ ਸੁੱਕਣ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਨਸੂਨ ਪੌਣਾ ਨਾਲ ਜੇਕਰ ਮੀਂਹ ਝੋਨੇ ਲੇਟ ਪੈਦਾ ਹੈ ਤਾਂ ਕਿਸਾਨਾਂ ਨੂੰ ਐਤਕੀ ਮਹਿੰਗੇ ਭਾਅ ਦਾ ਡੀਜ਼ਲ ਮਚਾ ਕੇ ਝੋਨੇ ਦੀ ਫ਼ਸਲ ਨੂੰ ਪਾਣੀ ਲਾਉਣਾ ਪੈ ਸਕਦਾ ਹੈ ਕਿਉਂਕਿ ਇਸ ਵਾਰ ਘਰੇਲੂ ਬਿਜਲੀ ਦੇ ਕੱਟ ਵੀ ਜ਼ਿਆਦਾ ਲੱਗ ਰਹੇ ਹਨ, ਜਿਸ ਕਰਕੇ ਖ਼ਦਸ਼ਾ ਹੈ ਕਿ ਖ਼ੇਤਾਂ ਨੂੰ ਲੋੜ ਅਨੁਸਾਰ ਬਿਜਲੀ ਨਹੀਂ ਮਿਲੇਗੀ।

ਇਹ ਵੀ ਪੜ੍ਹੋ:  ਹੁਣ ਜ਼ਿਲ੍ਹਾ ਸੰਗਰੂਰ 'ਚ 'ਆਪ' ਨੂੰ ਲੱਗ ਸਕਦੈ ਝਟਕਾ, ਦਿੱਗਜ਼ ਆਗੂ ਕਾਂਗਰਸ ਦੇ ਸੰਪਰਕ 'ਚ ਹੋਣ ਦੀਆਂ ਚਰਚਾਵਾਂ

ਪ੍ਰਵਾਸੀ ਮਜ਼ਦੂਰਾਂ ਦੀ ਘਾਟ ਰਕੜਨ ਲੱਗੀ, 5 ਹਜ਼ਾਰ ਪ੍ਰਤੀ ਏਕੜ ਝੋਨੇ ਦੀ ਲਵਾਈ ਦਾ ਹੋਣ ਲੱਗਾ ਭਾਅ
ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਪੰਜਾਬ ਵਿਚ ਹੋਈ ਤਾਲਾਬੰਦੀ ਕਰਕੇ ਪ੍ਰੇਸ਼ਾਨ ਪ੍ਰਵਾਸੀ ਮਜ਼ਦੂਰ ਆਪਣੇ ਰਾਜ ਯੂ. ਪੀ. ਅਤੇ ਬਿਹਾਰ ਚਲੇ ਗਏ ਸਨ ਤੇ ਹੁਣ ਝੋਨੇ ਦੀ ਲਵਾਈ ਦੇ ਮੁੱਢਲੇ ਪੜਾਅ ’ਤੇ ਹੀ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਰਕੜਨ ਲੱਗੀ ਹੈ। ਪਿੰਡ ਭਿੰਡਰ ਕਲਾਂ ਦੇ ਕਿਸਾਨ ਗੁਰਭਿੰਦਰ ਸਿੰਘ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਆਏ ਹਨ, ਪਰ ਗਿਣਤੀ ਘੱਟ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਵੀ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਸੀ। ਉਨ੍ਹਾਂ ਕਿਹਾ ਕਿ 4500 ਤੋਂ 5000 ਪ੍ਰਤੀ ਏਕੜ ਝੋਨੇ ਦੀ ਲਵਾਈ ਹੈ।

ਇਹ ਵੀ ਪੜ੍ਹੋ:  ਘਰ 'ਚ ਖੇਡਦਿਆਂ ਵਾਪਰਿਆ ਹਾਦਸਾ, ਗਲ਼ ’ਚ ਰੱਸੀ ਫਸਣ ਨਾਲ 8 ਸਾਲਾ ਬੱਚੀ ਦੀ ਦਰਦਨਾਕ ਮੌਤ

ਖ਼ੇਤੀ ਸੈਕਟਰ ਲਈ 10 ਘੰਟੇ ਛੱਡੀ ਜਾਵੇ ਬਿਜਲੀ ਦੀ ਸਪਲਾਈ :ਅਮ੍ਰਿਤਪਾਲ ਸਿੰਘ ਗਿੱਲ
ਮੋਗਾ ਸ਼ਹਿਰ ਦੇ ਕਿਸਾਨ ਅਮ੍ਰਿੰਤਪਾਲ ਸਿੰਘ ਗਿੱਲ ਦਾ ਕਹਿਣਾ ਸੀ ਕਿ ਖ਼ੇਤੀ ਸੈਕਟਰ ਲਈ 10 ਘੰਟੇ ਬਿਜਲੀ ਦੀ ਸਪਲਾਈ ਨਿਰਵਿਘਨ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਝੋਨੇ ਦੀ ਲਵਾਈ ਦਾ ਇਕਦਮ ਜ਼ੋਰ ਪੈਣਾ ਹੈ ਤੇ ਜੇਕਰ ਸਰਕਾਰ ਨੇ ਬਿਜਲੀ ਦੇ ਸੁਚੱਜੇ ਪ੍ਰਬੰਧ ਕਿਸਾਨਾਂ ਨੂੰ ਮੁਹੱਈਆਂ ਕਰਵਾਏ ਤਾਂ ਕਿਸਾਨਾਂ ਦੀ ਪ੍ਰੇਸ਼ਾਨੀ ਘੱਟ ਹੋ ਸਕਦੀ ਹੈ।

ਇਹ ਵੀ ਪੜ੍ਹੋ: ਕੋਰੋਨਾ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਪਿਤਾ ਦੇ ਭੋਗ ਵਾਲੇ ਦਿਨ ਹੀ ਪੁੱਤਰ ਦੀ ਕੋਰੋਨਾ ਨਾਲ ਮੌਤ

ਖ਼ੇਤੀ ਸੈਕਟਰ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਮਿਲੀ ਤਾਂ ਅਕਾਲੀ ਦਲ ਸੰਘਰਸ਼ ਲਈ ਮਜ਼ਬੂਰ ਹੋਵੇਗਾ : ਪ੍ਰਧਾਨ ਸਾਹੋਕੇ
ਸ਼੍ਰੋਮਣੀ ਅਕਾਲੀ ਦਲ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਦਾ ਕਹਿਣਾ ਸੀ ਕਿ ਖ਼ੇਤੀ ਸੈਕਟਰ ਲਈ ਬਿਜਲੀ ਦੀ ਨਿਰਵਿਘਨ ਸਪਲਾਈ ਦਾ ਸਰਕਾਰ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਜੇਕਰ ਖ਼ੇਤੀ ਸੈਕਟਰ ਲਈ ਲੋੜ ਅਨੁਸਾਰ ਬਿਜਲੀ ਨਾ ਮਿਲੀ ਤਾਂ ਅਕਾਲੀ ਦਲ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਜਦੋਂ ਵਿਕਾਸ ਦੇ ਮਸੀਹਾ ਜਥੇਦਾਰ ਤੋਤਾ ਸਿੰਘ ਖ਼ੇਤੀਬਾੜੀ ਮੰਤਰੀ ਸਨ ਤਾਂ ਉਨ੍ਹਾਂ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕੀਤੇ ਜਾਂਦੇ ਸਨ, ਜਦੋਂਕਿ ਕਾਂਗਰਸ ਸਰਕਾਰ ਸਭ ਨੂੰ ਪਤਾ ਹੈ ਕਿ ਹਰ ਫਰੰਟ ’ਤੇ ਫੇਲ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਖ਼ੇਤੀ ਸੈਕਟਰ ਬਿਜਲੀ ਦੀ ਸਪਲਾਈ ਨਾ ਆਈ ਤਾਂ ਅਕਾਲੀ ਦਲ ਇਹ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਏਗਾ।

ਇਹ ਵੀ ਪੜ੍ਹੋ:  ਤਪਾ ਦੇ ਨੌਜਵਾਨ ਦੀ ਕੁਵੈਤ ’ਚ ਦਿਲ ਦਾ ਦੌਰਾ ਪੈਣ ਨਾਲ ਮੌਤ, ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Shyna

Content Editor

Related News