'ਆਪ' ਮੰਤਰੀਆਂ ਤੇ ਵਿਧਾਇਕਾਂ ਦਾ ਘਿਰਾਓ ਕਰਨਗੇ ਕਿਸਾਨ
Friday, Feb 20, 2026 - 11:57 AM (IST)
ਰਾਏਕੋਟ (ਭੱਲਾ)- ਜਮਹੂਰੀ ਕਿਸਾਨ ਸਭਾ ਪੰਜਾਬ, ਸੀ. ਟੀ. ਯੂ. ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੀ ਸਾਂਝੀ ਮੀਟਿੰਗ ਕੁਲਦੀਪ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਰਾਏਕੋਟ ਵਿਖੇ ਹੋਈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ, ਟਰੇਡ ਯੂਨੀਅਨਾਂ ਅਤੇ ਜਮਹੂਰੀ ਜਨਤਕ ਜਥੇਬੰਦੀਆਂ ਵਲੋਂ ਸਾਂਝੇ ਤੌਰ ’ਤੇ 22 ਫਰਵਰੀ ਨੂੰ ਲੁਧਿਆਣਾ ਸਥਿਤ ਭਾਜਪਾ ਦਫ਼ਤਰ, ਜਗਰਾਓਂ ਵਿਚ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਅਤੇ ਖੰਨਾ ਵਿਚ ਪੰਜਾਬ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੇ ਦਫ਼ਤਰ ਅੱਗੇ ਧਰਨੇ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਕਾਨੂੰਨ ਵਿਚ ਕੀਤੇ ਬਦਲਾਅ, ਚਾਰ ਲੇਬਰ ਕੋਡ ਲਾਗੂ ਕਰਨ, ਬਿਜਲੀ ਸੋਧ ਬਿੱਲ ਤੇ ਬੀਜ ਬਿੱਲ ਨੂੰ ਪਾਸ ਕਰਵਾਉਣ ਦੀਆਂ ਕੋਸ਼ਿਸ਼ਾਂ ਦੇ ਵਿਰੋਧ ਵਿਚ ਸਾਂਝੇ ਤੌਰ ’ਤੇ ਅੰਦੋਲਨ ਚਲਾਇਆ ਜਾਵੇਗਾ ਅਤੇ ਜਿੱਤ ਤਕ ਜਾਰੀ ਰਹੇਗਾ।
ਇਸ ਮੌਕੇ ਸੀ. ਟੀ. ਯੂ. ਪੰਜਾਬ ਦੇ ਆਗੂ ਗੁਰਦੀਪ ਸਿੰਘ ਕਲਸੀ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਆਗੂ ਸਾਬਕਾ ਸਰਪੰਚ ਹਰਬੰਸ ਸਿੰਘ ਲੋਹਟਬੰਦੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੇ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸਾਜ਼ਸ਼ੀ ਚੁੱਪ ਧਾਰੀ ਹੋਈ ਹੈ, ਜਿਸਨੂੰ ਮਿਹਨਤਕਸ਼ ਲੋਕ ਕਦੇ ਵੀ ਬਰਦਾਸ਼ਤ ਨਹੀ ਕਰਨਗੇ। ਕੁਲਦੀਪ ਗਰੇਵਾਲ ਤੇ ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ ਨੇ ਕਿਹਾ ਕਿ 22 ਫਰਵਰੀ ਨੂੰ ਕਿਰਤੀ ਤੇ ਕਿਸਾਨ ਇਨ੍ਹਾਂ ਰੋਸ ਪ੍ਰਦਰਸ਼ਨਾਂ ਤੇ ਧਰਨਿਆਂ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ। ਇਸ ਮੌਕੇ ਗੁਰਦੀਪ ਸਿੰਘ, ਜਸਵੰਤ ਸਿੰਘ ਟੂਸੇ, ਡੋਗਰ ਸਿੰਘ, ਸ਼ੇਰ ਸਿੰਘ ਲੋਹਟਬੱਦੀ, ਹਰਭਜਨ ਸਿੰਘ ਧਾਲੀਆ, ਲਾਭ ਸਿੰਘ ਤੇ ਦਰਬਾਰਾ ਸਿੰਘ ਆਦਿ ਹਾਜ਼ਰ ਸਨ।
