ਪੰਜਾਬ: ਕਲਯੁਗੀ ਮਾਂ ਨੇ ਕੀਤਾ ਮਮਤਾ ਦਾ ਸੌਦਾ! 2 ਲੱਖ 10 ਹਜ਼ਾਰ ''ਚ ਵੇਚ''ਤੀ ਫੁੱਲਭਰ ਧੀ

Monday, Feb 16, 2026 - 12:31 PM (IST)

ਪੰਜਾਬ: ਕਲਯੁਗੀ ਮਾਂ ਨੇ ਕੀਤਾ ਮਮਤਾ ਦਾ ਸੌਦਾ! 2 ਲੱਖ 10 ਹਜ਼ਾਰ ''ਚ ਵੇਚ''ਤੀ ਫੁੱਲਭਰ ਧੀ

ਲੁਧਿਆਣਾ (ਰਾਜ): ਮਹਾਨਗਰ ਵਿਚ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਰੂਹ ਕੰਬ ਜਾਵੇਗੀ। ਇਕ ਕਲਯੁਗੀ ਮਾਂ ਨੇ ਆਪਣੀ ਕੁੱਖੋਂ ਜੰਮੀ ਫੁੱਲ ਵਰਗੀ ਮਾਸੂਮ ਬੱਚੀ ਦਾ ਸੌਦਾ ਮਹਿਜ਼ ਕੁਝ ਰੁਪਇਆਂ ਦੀ ਖ਼ਾਤਰ ਕਰ ਦਿੱਤਾ। ਪੁਲਸ ਨੇ ਇਸ ਘਿਨੌਣੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇਕ ਮਹਿਲਾ ਡਾਕਟਰ ਸਮੇਤ ਪੰਜ ਮੁਲਜ਼ਮਾਂ ਨੂੰ ਮੌਕੇ ਤੋਂ ਦਬੋਚ ਲਿਆ ਹੈ। ਇਹ ਪੂਰਾ ਖੇਡ ਅਰੋੜਾ ਨਰਸਿੰਗ ਹੋਮ ਤੋਂ ਸ਼ੁਰੂ ਹੋਇਆ, ਜਿੱਥੇ ਔਰਤ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਮਾਂ ਸੁਨੀਤਾ ਰਾਣੀ, ਬੱਚਾ ਖਰੀਦਣ ਵਾਲੇ ਅਤੇ ਡਾਕਟਰ ਸਮੇਤ ਅੱਠ ਲੋਕਾਂ ਦੇ ਖਿਲਾਫ਼ ਕੇਸ ਦਰਜ ਕਰਕੇ ਪੰਜ ਨੂੰ ਕਾਬੂ ਕਰ ਲਿਆ ਹੈ।

 ਮਿਲੀ ਜਾਣਕਾਰੀ ਮੁਤਾਬਕ, ਥਾਣੇਦਾਰ ਗੁਰਮੇਲ ਸਿੰਘ ਆਪਣੀ ਪੁਲਸ ਪਾਰਟੀ ਨਾਲ 15 ਫਰਵਰੀ ਨੂੰ ਇਲਾਕੇ ਵਿਚ ਗਸ਼ਤ 'ਤੇ ਸਨ। ਇਸੇ ਦੌਰਾਨ ਇਕ ਖ਼ਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਅਰੋੜਾ ਨਰਸਿੰਗ ਹੋਮ (ਬਾਬਾ ਥਾਨ ਸਿੰਘ ਚੌਕ) ਵਿਚ 14 ਫਰਵਰੀ ਨੂੰ ਸੁਨੀਤਾ ਦੇਵੀ ਨਾਮਕ ਮਹਿਲਾ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ। ਇਹ ਮਾਂ ਮਮਤਾ ਨੂੰ ਦਰਕਿਨਾਰ ਕਰਕੇ ਆਪਣੀ ਨਵਜੰਮੇ ਬੇਟੀ ਨੂੰ ਵੇਚਣ ਦੀ ਫਿਰਾਕ ਵਿਚ ਸੀ। ਪੁਲਸ ਨੂੰ ਖ਼ਬਰ ਮਿਲੀ ਕਿ ਬੱਚੀ ਦਾ ਸੌਦਾ 2 ਲੱਖ 10 ਹਜ਼ਾਰ ਰੁਪਏ ਵਿਚ ਤੈਅ ਹੋ ਚੁੱਕਾ ਹੈ ਅਤੇ ਮੁਲਜ਼ਮ ਨੀਲੀ ਝੰਡਾ ਰੋਡ ਸਥਿਤ ਪਾਰਕ ਦੇ ਕੋਲ ਡੀਲ ਫਾਈਨਲ ਕਰਨ ਲਈ ਇਕੱਠੇ ਹੋਏ ਹਨ।

ਪੁਲਸ ਨੇ ਬਿਨਾਂ ਵਕਤ ਗਵਾਏ ਤੁਰੰਤ ਪਾਰਕ ਵਿਚ ਰੇਡ ਕੀਤੀ, ਜਿੱਥੇ ਬੱਚੀ ਨੂੰ ਵੇਚਣ ਦੀ ਤਿਆਰੀ ਚੱਲ ਰਹੀ ਸੀ। ਪੁਲਸ ਨੇ ਮੌਕੇ ਤੋਂ ਬੱਚੀ ਦੀ ਮਾਂ ਸੁਨੀਤਾ ਦੇਵੀ, ਪ੍ਰਵੀਨ, ਬੀ.ਏ.ਐੱਮ.ਐੱਸ. ਡਾਕਟਰ ਮਨਮੀਤ ਕੌਰ, ਰੁਚੀ ਅਤੇ ਖਰੀਦਦਾਰ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ ਇਸ ਨਵਜੰਮੇ ਜਾਨ ਦਾ ਸੌਦਾ ਕੀਤਾ ਸੀ। ਪੁਲਸ ਨੇ ਮੁਲਜ਼ਮਾਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਗਿਰੋਹ ਨੇ ਪਹਿਲਾਂ ਵੀ ਕਿਸੇ ਬੱਚੇ ਦਾ ਸੌਦਾ ਕੀਤਾ ਹੈ ਜਾਂ ਇਸ ਨੈੱਟਵਰਕ ਵਿਚ ਹੋਰ ਵੀ ਵੱਡੇ ਨਾਮ ਸ਼ਾਮਲ ਹਨ। ਫਿਲਹਾਲ ਮਾਸੂਮ ਬੱਚੀ ਨੂੰ ਸੁਰੱਖਿਅਤ ਸਰਪ੍ਰਸਤੀ ਵਿਚ ਲੈ ਲਿਆ ਗਿਆ ਹੈ।


author

Anmol Tagra

Content Editor

Related News