ਹਥਿਆਰਾਂ ਦੇ ਜ਼ੋਰ ''ਤੇ ਆਟੋ ਚਾਲਕ ਤੋਂ ਲੁੱਟ, ਦਾਤ ਦਿਖਾ ਕੇ 11 ਹਜ਼ਾਰ ਦੀ ਨਕਦੀ ਅਤੇ ਚਾਂਦੀ ਦੀ ਚੇਨ ਖੋਹੀ

Saturday, Feb 14, 2026 - 03:03 PM (IST)

ਹਥਿਆਰਾਂ ਦੇ ਜ਼ੋਰ ''ਤੇ ਆਟੋ ਚਾਲਕ ਤੋਂ ਲੁੱਟ, ਦਾਤ ਦਿਖਾ ਕੇ 11 ਹਜ਼ਾਰ ਦੀ ਨਕਦੀ ਅਤੇ ਚਾਂਦੀ ਦੀ ਚੇਨ ਖੋਹੀ

ਲੁਧਿਆਣਾ (ਰਾਜ): ਸ਼ਹਿਰ ਵਿਚ ਬੇਖੌਫ ਘੁੰਮ ਰਹੇ ਲੁਟੇਰਿਆਂ ਨੇ ਇਕ ਵਾਰ ਫਿਰ ਪੁਲਸ ਦੀ ਗਸ਼ਤ ਨੂੰ ਚੁਣੌਤੀ ਦਿੰਦਿਆਂ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਇਕ ਆਟੋ ਚਾਲਕ ਜਦੋਂ ਆਪਣਾ ਕੰਮ ਖ਼ਤਮ ਕਰਕੇ ਵਾਪਸ ਪਰਤ ਰਿਹਾ ਸੀ, ਤਾਂ ਕਾਕੋਵਾਲ ਰੋਡ 'ਤੇ ਮੋਟਰਸਾਈਕਲ ਸਵਾਰ ਦੋ ਸ਼ਾਤਰ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ। ਹਮਲਾਵਰਾਂ ਨੇ ਪੀੜਤ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਦੀ ਜੇਬ 'ਚੋਂ ਹਜ਼ਾਰਾਂ ਦੀ ਨਕਦੀ ਅਤੇ ਗਲੇ 'ਚੋਂ ਚਾਂਦੀ ਦੀ ਚੇਨ ਖੋਹ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਹਾਲਾਂਕਿ, ਇਸ ਮਾਮਲੇ ਵਿਚ ਪੁਲਸ ਨੇ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮ ਜੱਜ ਸਿੰਘ ਅਤੇ ਗੁਰਵਿੰਦਰ ਸਿੰਘ ਹਨ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਉੱਤਮ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਆਟੋ ਥ੍ਰੀ-ਵ੍ਹੀਲਰ 'ਤੇ ਮਾਲ ਦੀ ਡਿਲੀਵਰੀ ਦੇ ਕੇ ਵਾਪਸ ਆਪਣੀ ਫੈਕਟਰੀ ਵੱਲ ਜਾ ਰਿਹਾ ਸੀ। ਜਦੋਂ ਉਹ ਸ਼ਾਮ ਕਰੀਬ ਪੌਣੇ 5 ਵਜੇ ਹੀਰਾ ਟੀਨਾ ਵਾਲੀ ਫੈਕਟਰੀ ਕੋਲ ਪਹੁੰਚਿਆ ਤਾਂ ਦੋ ਬਾਈਕ ਸਵਾਰ ਨੌਜਵਾਨਾਂ ਨੇ ਉਸ ਦਾ ਰਾਹ ਰੋਕ ਲਿਆ। ਮੁਲਜ਼ਮਾਂ ਨੇ ਪੀੜਤ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਦਹਿਸ਼ਤ ਵਿਚ ਪਾ ਦਿੱਤਾ ਅਤੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਉਸ ਦੀ ਪੈਂਟ ਦੀ ਜੇਬ ਵਿਚੋਂ 11,500 ਰੁਪਏ ਅਤੇ ਗੱਲੇ ਵਿਚੋਂ ਕਰੀਬ 6 ਤੋਲੇ ਦੀ ਚਾਂਦੀ ਦੀ ਚੇਨ ਲੁੱਟ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਤੇਜ਼ੀ ਨਾਲ ਰਫੂਚੱਕਰ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਸਰਗਰਮ ਹੋਈ ਥਾਣਾ ਜੋਧਵਾਲ ਪੁਲਸ ਨੇ ਘੇਰਾਬੰਦੀ ਕਰਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਸ ਨੇ ਉਨ੍ਹਾਂ ਦੇ ਕਬਜ਼ੇ 'ਚੋਂ ਵਾਰਦਾਤ 'ਚ ਵਰਤਿਆ ਗਿਆ ਬਿਨਾਂ ਨੰਬਰ ਪਲੇਟ ਵਾਲਾ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁਲਸ ਹੁਣ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਪਹਿਲਾਂ ਵੀ ਅਜਿਹੀਆਂ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।
 


author

Anmol Tagra

Content Editor

Related News