ਸ੍ਰੀ ਅਨੰਦਪੁਰ ਸਾਹਿਬ ਵਿਖੇ ਨਗਾਰਿਆਂ ਦੀ ਗੂੰਜ 'ਚ ਅੱਜ ਰਾਤ ਤੋਂ ਹੋਵੇਗੀ ਹੋਲਾ-ਮਹੱਲਾ ਦੀ ਆਰੰਭਤਾ

Thursday, Feb 26, 2026 - 12:39 PM (IST)

ਸ੍ਰੀ ਅਨੰਦਪੁਰ ਸਾਹਿਬ ਵਿਖੇ ਨਗਾਰਿਆਂ ਦੀ ਗੂੰਜ 'ਚ ਅੱਜ ਰਾਤ ਤੋਂ ਹੋਵੇਗੀ ਹੋਲਾ-ਮਹੱਲਾ ਦੀ ਆਰੰਭਤਾ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੌਜੂਦਾ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਦੱਸਿਆ ਕਿ ਸਿੱਖ ਪੰਥ ਦੀ ਆਨ ਅਤੇ ਸ਼ਾਨ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ-ਮਹੱਲਾ (26 ਫਰਵਰੀ) ਅੱਜ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਗਾਰਿਆਂ ਦੀ ਗੂੰਜ ’ਚ ਆਰੰਭ ਹੋਵੇਗਾ। ਜਾਣਕਾਰੀ ਦਿੰਦੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਹੋਲਾ-ਮਹੱਲਾ ਸਿੱਖ ਪੰਥ ਦਾ ਉਹ ਤਿਉਹਾਰ ਹੈ, ਜਿਸ ਨੂੰ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਕੌਮ ਅੰਦਰ ਪੰਥਕ ਜਜ਼ਬਾ ਭਰਨ ਅਤੇ ਸ਼ਸਤਰਧਾਰੀ ਕਰਨ ਲਈ ਆਰੰਭ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਹੋਲੇ-ਮਹੱਲੇ ਦੀ ਆਰੰਭਤਾ ਮੌਕੇ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਰਾਤ 12 ਵਜੇ ਨਗਾਰੇ ਵਜਾਉਣ ਦੀ ਪੁਰਾਤਨ ਰਸਮ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ: ਘਰ ਦੇ ਬਾਹਰ ਖੇਡ ਰਹੇ ਜਵਾਕ 'ਤੇ ਚੜ੍ਹਾਈ ਟਰੈਕਟਰ-ਟਰਾਲੀ, ਤੜਫ਼-ਤੜਫ਼ ਕੇ ਨਿਕਲੀ ਜਾਨ

PunjabKesari

ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਅਤੇ ਹੋਰ ਅਧਿਕਾਰੀਆਂ ਦੇ ਨਾਲ ਤਿਆਰੀਆਂ ਦਾ ਜਾਇਜਾ ਲੈਣ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਭਾਈ ਚਾਵਲਾ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪ੍ਰਬੰਧਕਾ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਜਿਨ੍ਹਾਂ ਵਿਚ ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਲਈ ਰਿਹਾਇਸ਼ ਅਤੇ ਲੰਗਰਾਂ ਦੇ ਨਾਲ ਪਾਣੀ ਅਤੇ ਮੈਡੀਕਲ ਦੀ ਸਹੂਲਤ ਪ੍ਰਮੁੱਖ ਹੋਵੇਗੀ।

ਇਸ ਤੋਂ ਇਲਾਵਾ ਹੋਲੇ-ਮਹੱਲੇ ’ਤੇ ਪੁਜਣ ਵਾਲੀਆਂ ਸੰਗਤਾਂ ਲਈ ਕਿਸੇ ਨਾਲ ਵੀ ਹਾਦਸਾ ਵਾਪਰਨ ਦੇ ਮੱਦੇਨਜ਼ਰ ਉਨ੍ਹਾਂ ਲਈ ਵਿਸ਼ੇਸ਼ ਬੀਮਾ ਪਾਲਿਸੀ ਕਰਵਾਈ ਗਈ ਹੈ ਤਾਂ ਜੋ ਮੌਕੇ ’ਤੇ ਹੀ ਸਬੰਧਤ ਪੀੜਤ ਨੂੰ ਸਹਾਇਤਾ ਮਿਲ ਸਕੇ। ਉਨ੍ਹਾਂ ਦੱਸਿਆ ਕਿ 26, 27 ਫਰਵਰੀ ਅਤੇ 01 ਮਾਰਚ ਨੂੰ ਹੋਲਾ-ਮਹੱਲਾ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ ਅਤੇ 2, 3 ਅਤੇ 4 ਮਾਰਚ ਨੂੰ ਹੋਲਾ-ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਭੁਪਿੰਦਰ ਸਿੰਘ ਮੀਤ ਮੈਨੇਜਰ, ਸੁਖਬੀਰ ਸਿੰਘ ਕਲਮਾ ਮੀਤ ਮੈਨੇਜਰ, ਬਾਬਾ ਕਾਲਾ ਸਿੰਘ ਜੀ ਭੂਰੀ ਵਾਲੇ, ਸੁਖਵਿੰਦਰ ਸਿੰਘ ਗੁਲਾਲੀਪੁਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਪੰਜਾਬ 'ਚ 3 ਜ਼ਿਲ੍ਹਿਆਂ ਲਈ Alert! ਮੌਸਮ ਵਿਭਾਗ ਨੇ ਕੀਤੀ 1 ਮਾਰਚ ਤੱਕ ਵੱਡੀ ਭਵਿੱਖਬਾਣੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News