ਘਰ ''ਚ ਖੁਸ਼ੀਆਂ ''ਚ ਛਾਇਆ ਸੰਨਾਟਾ, ਆਖਿਰ 24 ਸਾਲਾਂ ਬਾਅਦ ਕਾਨੂੰਨ ਦੀ ਜੰਗ ਹਾਰ ਗਿਆ ਕਿਸਾਨ ਪਰਿਵਾਰ

10/27/2017 7:54:05 PM

ਝਬਾਲ (ਲਾਲੂਘੁੰਮਣ, ਨਰਿੰਦਰ, ਬਖਤਾਵਰ)- ਛੋਟੀ ਜਿਹੀ ਇਕ ਗਲਤੀ ਨੇ ਹੀ ਕਿਸਾਨ ਪਰਿਵਾਰਾਂ ਨੂੰ ਜਿਥੇ ਮਿੰਟਾਂ 'ਚ ਘਰੋਂ ਬੇਘਰ ਕਰਕੇ ਰੱਖ ਦਿੱਤਾ ਹੈ, ਉਥੇ ਹੀ ਜਿਸ ਜ਼ਮੀਨ 'ਤੇ ਉਹ ਕਦੇ ਹੱਲ ਚਲਾਇਆ ਕਰਦੇ ਸਨ, ਉਹ ਵੀ ਉਨ੍ਹਾਂ ਤੋਂ ਖੁੱਸ ਗਈ ਹੈ। ਮਾਮਲਾ ਇਸ ਤਰ੍ਹਾਂ ਹੈ ਕਿ ਬਲਵੰਤ ਸਿੰਘ ਪੁੱਤਰ ਥਨੇਸਰ ਸਿੰਘ ਜੋ ਕਿ ਪਿੰਡ ਕਸੇਲ ਦਾ ਵਸਨੀਕ ਹੈ, ਉਸ ਮੁਤਾਬਕ ਜਦੋਂ ਉਹ 1991 'ਚ ਕੈਨੇਡਾ ਗਿਆ ਤਾਂ ਉਸ ਦੇ ਪਿੱਛੋਂ ਉਸਦੇ ਸਕੇ ਭਰਾ ਰਾਮ ਸਿੰਘ ਵੱਲੋਂ ਇਕ ਫਰਜ਼ੀ ਮੁਖਤਾਰਨਾਮਾ ਤਿਆਰ ਕਰਕੇ ਉਸਦੀ ਕਰੀਬ 11 ਏਕੜ ਜ਼ਮੀਨ ਆਪਣੇ ਰਿਸ਼ਤੇਦਾਰਾਂ ਗੁਰਹਰਬੰਸ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਪਿੰਡ ਵਰਪਾਲ ਨੂੰ ਵੇਚ ਦਿੱਤੀ ਗਈ। ਇਹ ਜ਼ਮੀਨ ਉਕਤ ਲੋਕਾਂ ਕੋਲੋਂ ਅੱਗੇ ਕਸਬਾ ਮਜੀਠਾ ਦੇ ਪਿੰਡ ਨਾਗ ਕਲਾਂ ਦੇ ਵਾਸੀ ਕਿਸਾਨ ਰਛਪਾਲ ਸਿੰਘ ਵਗੈਰਾ ਵੱਲੋਂ ਸਸਤੇ ਭਾਅ 'ਤੇ ਖਰੀਦ ਲਈ ਗਈ। ਐੱਨ.ਆਰ.ਆਈ ਮੁਤਾਬਕ 1993 'ਚ ਦੇਸ਼ ਪਰਤ ਕੇ ਉਸਨੇ ਮਾਨਯੋਗ ਅਦਾਲਤ ਦੀ ਸ਼ਰਨ ਲਈ ਅਤੇ ਉਹ 24 ਸਾਲ ਤੱਕ ਲੰਬੀ ਚੱਲੀ ਕਾਨੂੰਨੀ ਪ੍ਰਕਿਰਿਆ ਦੌਰਾਨ ਹੇਠਲੀ ਤੋਂ ਲੈ ਕੇ ਉਪਰਲੀ ਅਦਾਲਤ ਤੱਕ ਕੇਸ ਜਿੱਤਦਾ ਰਿਹਾ 'ਤੇ ਅਖੀਰ ਅਦਾਲਤ ਦੇ ਹੁਕਮ ਤੋਂ ਬਾਅਦ ਉਸਦੀ ਜ਼ਮੀਨ ਉਸਨੂੰ ਵਾਪਸ ਮਿਲ ਗਈ।
ਇੱਧਰ ਕਿਸਾਨ ਰਛਪਾਲ ਸਿੰਘ ਨੇ ਦੱਸਿਆ ਕਿ ਇਕ ਛੋਟੀ ਜਿਹੀ ਗਲਤੀ ਹੀ ਉਨ੍ਹਾਂ ਦੀ ਬਰਬਾਦੀ ਦਾ ਕਾਰਨ ਬਣ ਗਈ। ਉਸ ਨੇ ਦੱਸਿਆ ਕਿ ਜ਼ਮੀਨ ਉਨ੍ਹਾਂ ਨੇ ਗੁਰਹਰਬੰਸ ਸਿੰਘ ਅਤੇ ਸੁਖਦੇਵ ਸਿੰਘ ਤੋਂ ਖਰੀਦੀ ਸੀ ਪ੍ਰੰਤੂ ਅਦਾਲਤੀ ਕੇਸ ਉਹ ਰਾਮ ਸਿੰਘ ਨਾਲ ਲੜਦੇ ਰਹੇ ਅਤੇ ਰਾਮ ਸਿੰਘ ਵੱਲੋਂ ਕਰਵਾਏ ਗਏ ਮੁਖਤਾਰਨਾਮੇ ਨੂੰ ਅਦਾਲਤ ਵੱਲੋਂ ਝੂਠਾ ਠਹਿਰਾਅ ਦੇਣ ਕਾਰਨ ਉਹ ਹਰ ਅਦਾਲਤ 'ਚੋਂ ਕੇਸ ਹਾਰਦੇ ਗਏ। ਰਛਪਾਲ ਸਿੰਘ ਨੇ ਦੱਸਿਆ ਕਿ ਉਹ ਕਾਨੂੰਨੀ ਤੌਰ 'ਤੇ ਗਲਤ ਨਹੀਂ ਹਨ ਪ੍ਰੰਤੂ ਕਾਨੂੰਨ ਨੇ ਫਿਰ ਵੀ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜ਼ਮੀਨ ਮੁੱਲ ਖਰੀਦੀ ਗਈ ਸੀ ਅਤੇ ਇਸ ਜ਼ਮੀਨ ਦੀਆਂ ਰਜਿਸਟਰੀਆਂ ਅਤੇ ਇੰਤਕਾਲ ਵੀ ਉਨ੍ਹਾਂ ਦੇ ਨਾਂਅ ਦਰਜ ਹੋਏ ਹਨ। ਉਸ ਨੇ ਇਹ ਵੀ ਦੱਸਿਆ ਕਿ ਪਿਛਲੇ 24 ਸਾਲ ਤੋਂ ਉਹ ਇਸ ਜ਼ਮੀਨ 'ਚ 5 ਵੱਖ-ਵੱਖ ਘਰ ਬਣਾ ਕੇ ਪੰਜ ਪਰਿਵਾਰਾਂ 'ਚ ਦੋ ਦਰਜਨ ਦੇ ਕਰੀਬ ਜੀਅ ਰਹਿ ਰਹੇ ਹਨ ਪਰ ਅੱਜ ਸਮੇਂ ਦੇ ਬਦਲੇ ਕਰਵਟ ਨੇ ਸਭ ਖੁਸ਼ੀਆਂ ਨੂੰ ਗਮੀ ਦਾ ਲਾਂਬੂ ਲਗਾ ਕਿ ਉਨ੍ਹਾਂ ਦੇ ਹੱਸਦੇ ਵੱਸਦੇ ਘਰਾਂ ਨੂੰ ਤਬਾਹੀ ਦੇ ਮੰਜ਼ਰ 'ਤੇ ਲਿਆ ਖੜ੍ਹਾ ਕਰ ਦਿੱਤਾ ਹੈ। ਉਸਨੇ ਦੱਸਿਆ ਕਿ ਉਹ ਪਿੰਡ ਨਾਗ ਕਲਾਂ ਤੋਂ ਵੀ ਆਪਣੀ ਜ਼ਮੀਨ 'ਤੇ ਘਰ ਵਗੈਰਾ ਵੇਚ ਆਏ ਹਨ ਅਤੇ ਇਥੇ ਆ ਕੇ ਹੁਣ ਉਹ ਨਾ ਕਿਸੇ ਘਰ ਦੇ ਨਾ ਘਾਟ ਦੇ ਰਹੇ ਹਨ।  
ਕੁਝ ਦਿਨਾਂ ਬਾਅਦ ਹੀ ਘਰਾਂ 'ਚ ਵੱਜਣੀਆਂ ਸਨ ਸ਼ਹਿਨਾਈਆਂ
ਸੂਤਰਾਂ ਮੁਤਾਬਕ ਕਿਸਾਨ ਰਛਪਾਲ ਸਿੰਘ ਦੇ ਘਰ ਕੁਝ ਦਿਨ ਬਾਅਦ ਹੀ ਸ਼ਹਿਨਾਈਆਂ ਵੱਜਣ ਵਾਲੀਆਂ ਸਨ। ਦੱਸਿਆ ਜਾਂਦਾ ਹੈ ਰਛਪਾਲ ਸਿੰਘ ਦੇ ਭਰਾ ਇਕਬਾਲ ਸਿੰਘ ਦੀ ਲੜਕੀ ਨਵਦੀਪ ਕੌਰ (ਕਾਲਪਨਿਕ ਨਾਂਅ) ਦਾ ਜਿਥੇ 19 ਨਵੰਬਰ ਨੂੰ ਵਿਆਹ ਸੀ ਅਤੇ ਬਰਾਤ ਢੁਕਣ ਵਾਲੀ ਸੀ, ਜਿਸ ਕਰਕੇ ਉਸ ਨੇ ਸ਼ਗਨਾਂ ਦੀਆਂ ਰੰਗ ਬਰੰਗੀਆਂ ਚੂੜੀਆਂ ਵੀ ਬਾਂਹਾਂ 'ਚ ਪਾਈਆਂ ਹੋਈਆਂ ਸਨ, ਉਥੇ ਹੀ 18 ਦਸੰਬਰ ਨੂੰ ਉਨ੍ਹਾਂ ਦੇ ਇਕ ਲੜਕੇ ਦੇ ਸਿਰ 'ਤੇ ਸਿਹਰਾ ਵੀ ਸੱਜਣ ਵਾਲਾ ਸੀ ਪਰ ਪਲਾਂ 'ਚ ਸਭ ਕੁਝ ਬਿਖਰ ਕੇ ਰਹਿ ਗਿਆ ਅਤੇ ਖੁਸ਼ੀਆਂ ਦੇ ਖਿਆਲ ਦੁੱਖਾਂ ਦੇ ਪਹਾੜ ਬਣ ਗਏ।
4 ਔਰਤਾਂ ਸਮੇਤ ਪਰਿਵਾਰ ਦੇ 11 ਮੈਂਬਰਾਂ 'ਤੇ ਕੇਸ ਦਰਜ
ਕਿਸਾਨ ਰਛਪਾਲ ਸਿੰਘ 'ਤੇ ਉਸਦਾ ਪਰਿਵਾਰ ਘਰੋਂ ਬੇਘਰ 'ਤੇ ਜ਼ਮੀਨ ਤੋਂ ਬੇਜ਼ਮੀਨੇ ਤਾਂ ਹੋ ਗਏ ਨਾਲ ਹੀ ਉਨ੍ਹਾਂ ਨੂੰ ਆਪਣੇ ਹੱਕ ਲਈ ਆਵਾਜ਼ ਉਠਾਉਣ ਦਾ ਅਜਿਹਾ ਖਿਆਜ਼ਮਾ ਭੁਗਤਨਾ ਪਿਆ ਹੈ ਕਿ ਉਨ•ਾਂ ਦੇ ਘਰ ਦੀਆਂ 4 ਔਰਤਾਂ ਸਮੇਤ 11 ਜੀਆਂ ਨੂੰ ਹੁਣ ਜੇਲ ਦੀ ਹਵਾ ਵੀ ਖਾਣੀ ਪਵੇਗੀ। ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਨੇ ਮਾਲ ਮਹਿਕਮੇ ਦੇ ਕਾਨੂੰਗੋ ਸੁਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸਰਕਾਰੀ ਡਿਊਟੀ 'ਚ ਵਿਘਨ ਪਾਉਣ, ਧਮਕੀਆਂ ਦੇਣ, ਨੁਕਸਾਨ ਕਰਨ, ਰਸਤਾ ਰੋਕਣ ਅਤੇ ਕਰਮਚਾਰੀਆਂ 'ਤੇ ਜਾਨੀ ਹਮਲਾ ਕਰਨ ਦੇ ਗੰਭੀਰ ਦੋਸ਼ਾਂ ਤਹਿਤ ਮੁਕਦਮਾਂ ਨੰਬਰ 73 ਦਰਜ ਕਰਦਿਆਂ ਜੇਰੇ ਧਾਰਾ 307, 341, 186, 353, 506, 148, 149 ਆਈ.ਪੀ.ਸੀ. ਤਹਿਤ ਅਮਨਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ, ਸਤਨਾਮ ਸਿੰਘ ਪੁੱਤਰ ਰੰਗਾ ਸਿੰਘ, ਮੇਜਰ ਸਿੰਘ ਪੁੱਤਰ ਸਵਰਨ ਸਿੰਘ, ਟਹਿਲ ਸਿੰਘ ਪੁੱਤਰ ਗੁਰਦੇਵ ਸਿੰਘ, ਨਵਦੀਪ ਸਿੰਘ ਪੁੱਤਰ ਰਛਪਾਲ ਸਿੰਘ, ਦੀਦਾਰ ਸਿੰਘ ਪੁੱਤਰ ਹਰਨਾਮ ਸਿੰਘ ਸਮੇਤ ਰਾਜਵਿੰਦਰ ਕੌਰ ਪਤਨੀ ਅਮਨਪ੍ਰੀਤ ਸਿੰਘ, ਹਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ, ਨਿਰਮਲਜੀਤ ਕੌਰ ਪਤਨੀ ਇਕਬਾਲ ਸਿੰਘ ਅਤੇ ਪਰਮਜੀਤ ਕੌਰ ਪਤਨੀ ਕੁਲਵੰਤ ਸਿੰਘ ਨੂੰ ਨਾਮਜ਼ਦ ਕਰਦਿਆਂ 20/25 ਹੋਰ ਅਣਪਛਾਤਿਆਂ ਵਿਅਕਤੀਆਂ ਵਿਰੋਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।  


Related News