ਹਾਕੀ ਪ੍ਰੋ ਲੀਗ ਦੇ ਯੂਰਪ ਪੜਾਅ ਲਈ ਭਾਰਤ ਦੀ 24 ਮੈਂਬਰੀ ਟੀਮ ਘੋਸ਼ਿਤ
Thursday, May 09, 2024 - 03:19 PM (IST)
ਨਵੀਂ ਦਿੱਲੀ : ਹਰਮਨਪ੍ਰੀਤ ਸਿੰਘ 22 ਮਈ ਤੋਂ ਸ਼ੁਰੂ ਹੋ ਰਹੀ ਐੱਫਆਈਐੱਚ ਹਾਕੀ ਪ੍ਰੋ ਲੀਗ ਦੇ ਯੂਰਪ ਲੇਗ ਵਿੱਚ 24 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰਨਗੇ। ਭਾਰਤ ਯੂਰਪ ਪੜਾਅ ਵਿੱਚ ਕੁੱਲ ਅੱਠ ਮੈਚ ਖੇਡੇਗਾ। ਟੀਮ ਦੋ ਪੜਾਅ ਵਾਲੇ ਟੂਰਨਾਮੈਂਟ ਵਿੱਚ ਅਰਜਨਟੀਨਾ, ਬੈਲਜੀਅਮ, ਜਰਮਨੀ ਅਤੇ ਗ੍ਰੇਟ ਬ੍ਰਿਟੇਨ ਦੇ ਖਿਲਾਫ ਦੋ-ਦੋ ਮੈਚ ਖੇਡੇਗੀ।
ਪਹਿਲਾ ਗੇੜ 22 ਤੋਂ 30 ਮਈ ਤੱਕ ਬੈਲਜੀਅਮ ਦੇ ਐਂਟਵਰਪ ਵਿੱਚ ਖੇਡਿਆ ਜਾਵੇਗਾ ਜਦਕਿ ਦੂਜਾ ਗੇੜ 1 ਤੋਂ 12 ਜੂਨ ਤੱਕ ਲੰਡਨ ਵਿੱਚ ਖੇਡਿਆ ਜਾਵੇਗਾ। 26 ਜੁਲਾਈ ਤੋਂ ਸ਼ੁਰੂ ਹੋ ਰਹੇ ਪੈਰਿਸ ਓਲੰਪਿਕ ਲਈ ਭਾਰਤ ਦੀ ਤਿਆਰੀ ਲਈ ਇਹ ਅਹਿਮ ਮੁਕਾਬਲਾ ਹੋਵੇਗਾ ਅਤੇ ਮੁੱਖ ਕੋਚ ਕਰੇਗ ਫੁਲਟਨ ਨੂੰ ਖੇਡਾਂ ਦੇ ਮੈਗਾ-ਕੁੰਭ ਲਈ ਟੀਮ ਨੂੰ ਤਿਆਰ ਕਰਨ ਦਾ ਮੌਕਾ ਮਿਲੇਗਾ। ਭਾਰਤੀ ਟੀਮ ਇਸ ਟੂਰਨਾਮੈਂਟ 'ਚ ਆਸਟ੍ਰੇਲੀਆ ਖਿਲਾਫ ਉਸ ਦੀ ਹੀ ਧਰਤੀ 'ਤੇ ਪੰਜ ਟੈਸਟ ਮੈਚਾਂ ਦੀ ਸੀਰੀਜ਼ 'ਚ 0-5 ਦੀ ਹਾਰ ਤੋਂ ਬਾਅਦ ਹਿੱਸਾ ਲਵੇਗੀ।
ਭਾਰਤ ਇਸ ਸਮੇਂ ਅੱਠ ਮੈਚਾਂ ਵਿੱਚ 15 ਅੰਕਾਂ ਨਾਲ ਪ੍ਰੋ ਲੀਗ ਸੂਚੀ ਵਿੱਚ ਤੀਜੇ ਸਥਾਨ 'ਤੇ ਹੈ। ਨੀਦਰਲੈਂਡ 12 ਮੈਚਾਂ 'ਚ 26 ਅੰਕਾਂ ਨਾਲ ਚੋਟੀ 'ਤੇ ਹੈ ਜਦਕਿ ਆਸਟ੍ਰੇਲੀਆ ਦੇ ਅੱਠ ਮੈਚਾਂ 'ਚ 20 ਅੰਕ ਹਨ। ਫੁਲਟਨ ਨੇ ਹਾਕੀ ਇੰਡੀਆ ਦੀ ਇੱਕ ਰਿਲੀਜ਼ ਵਿੱਚ ਕਿਹਾ, 'ਅਸੀਂ ਕੈਂਪ ਵਿੱਚ ਸਖ਼ਤ ਮਿਹਨਤ ਕੀਤੀ ਹੈ ਅਤੇ ਇੱਕ ਦੂਜੇ ਦੀ ਖੇਡ ਦੀ ਸਮਝ ਵਿਕਸਿਤ ਕੀਤੀ ਹੈ।' ਉਨ੍ਹਾਂ ਨੇ ਕਿਹਾ, "ਪੈਰਿਸ ਓਲੰਪਿਕ ਤੋਂ ਪਹਿਲਾਂ, ਸਾਨੂੰ ਚੋਟੀ ਦੇ ਪੱਧਰ ਦੀਆਂ ਟੀਮਾਂ ਵਿਰੁੱਧ ਖੇਡਣ ਦਾ ਮੌਕਾ ਮਿਲੇਗਾ ਜੋ ਸਾਡੀ ਖੇਡ ਨੂੰ ਮਜ਼ਬੂਤ ਅਤੇ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰੇਗਾ।"
ਕਪਤਾਨ ਹਰਮਨਪ੍ਰੀਤ ਨੇ ਕਿਹਾ, ‘ਸਾਨੂੰ ਐੱਫਆਈਐੱਚ ਪ੍ਰੋ ਲੀਗ ਵਿੱਚ ਸਿਖਰ ਪੱਧਰ ਦੀਆਂ ਟੀਮਾਂ ਖ਼ਿਲਾਫ਼ ਖੇਡਣ ਦਾ ਮੌਕਾ ਮਿਲੇਗਾ। ਅਸੀਂ ਖਿਡਾਰੀਆਂ ਨੂੰ ਤਜਰਬਾ ਦੇਣ ਲਈ ਟੀਮ ਦੀ ਚੋਣ ਕੀਤੀ ਹੈ ਅਤੇ ਇਸ ਨਾਲ ਮੈਂ ਪੈਰਿਸ ਓਲੰਪਿਕ ਤੋਂ ਪਹਿਲਾਂ ਖਿਡਾਰੀਆਂ ਨੂੰ ਮੁਕਾਬਲੇ ਵਾਲੇ ਫਾਰਮੈਟ 'ਚ ਦੇਖ ਸਕਾਂਗਾ। ਮਿਡਫੀਲਡਰ ਹਾਰਦਿਕ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ।
ਟੀਮ:
ਗੋਲਕੀਪਰ: ਪੀਆਰ ਸ਼੍ਰੀਜੇਸ਼, ਕ੍ਰਿਸ਼ਨ ਬਹਾਦੁਰ ਪਾਠਕ
ਡਿਫੈਂਡਰ: ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ, ਸੁਮਿਤ, ਸੰਜੇ, ਜੁਗਰਾਜ ਸਿੰਘ, ਵਿਸ਼ਨੁਕਾਂਤ ਸਿੰਘ
ਮਿਡਫੀਲਡਰ: ਵਿਵੇਕ ਸਾਗਰ ਪ੍ਰਸਾਦ, ਨੀਲਕਾਂਤਾ ਸ਼ਰਮਾ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਹਾਰਦਿਕ ਸਿੰਘ, ਰਾਜਕੁਮਾਰ ਪਾਲ, ਮੁਹੰਮਦ ਰਾਹੀਲ ਮੌਸਿਨ।
ਫਾਰਵਰਡ: ਮਨਦੀਪ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਗੁਰਜੰਟ ਸਿੰਘ, ਅਕਾਸ਼ਦੀਪ ਸਿੰਘ, ਅਰਿਜੀਤ ਸਿੰਘ ਹੁੰਦਲ ਅਤੇ ਬੌਬੀ ਸਿੰਘ ਧਾਮੀ।