ਮੈਡ੍ਰਿਡ ਓਪਨ ’ਚ ਆਖਰੀ ਵਾਰ ਖੇਡਦੇ ਹੋਏ ਹਾਰ ਤੋਂ ਬਾਅਦ ਭਾਵੁਕ ਹੋਇਆ ਨਡਾਲ
Wednesday, May 01, 2024 - 06:45 PM (IST)
ਮੈਡ੍ਰਿਡ, (ਭਾਸ਼ਾ)– 22 ਵਾਰ ਦਾ ਗ੍ਰੈਂਡ ਸਲੈਮ ਚੈਂਪੀਅਨ ਰਾਫੇਲ ਨਡਾਲ ਮੈਡ੍ਰਿਡ ਓਪਨ ਦੇ ਚੌਥੇ ਦੌਰ ਵਿਚ ਮਿਲੀ ਹਾਰ ਤੋਂ ਬਾਅਦ ਭਾਵੁਕ ਹੋ ਗਿਆ ਕਿਉਂਕਿ ਇੱਥੇ ਉਹ ਆਖਰੀ ਵਾਰ ਖੇਡ ਰਿਹਾ ਸੀ। 5 ਵਾਰ ਦੇ ਚੈਂਪੀਅਨ ਨਡਾਲ ਨੂੰ 31ਵੀਂ ਰੈਂਕਿੰਗ ਵਿਲੀ ਜਿਰੀ ਲੇਹੇਕਾ ਨੇ 7-5, 6-4 ਨਾਲ ਹਰਾਇਆ। ਹਾਰ ਤੋਂ ਬਾਅਦ ਨਡਾਲ ਨੇ ਕਿਹਾ, ‘‘ਇਹ ਮੁਸ਼ਕਿਲ ਦਿਨ ਹੈ ਪਰ ਇਹ ਹਕੀਕਤ ਹੈ। ਮੇਰਾ ਸਰੀਰ ਤੇ ਜ਼ਿੰਦਗੀ ਕਾਫੀ ਸਮੇਂ ਤੋਂ ਸੰਕੇਤ ਦੇ ਰਹੇ ਹਨ। ਮੈਂ ਇਸ ਕੋਰਟ ਨੂੰ ਅਲਵਿਦਾ ਕਹਿ ਰਿਹਾ ਹਾਂ ਤੇ ਮੇਰੇ ਲਈ ਇਹ ਬਹੁਤ ਭਾਵੁਕ ਪਲ ਹੈ। ਇੱਥੋਂ ਦੀਆਂ ਯਾਦਾਂ ਸਦਾ ਮੇਰੇ ਨਾਲ ਰਹਿਣਗੀਆਂ।’’
ਨਡਾਲ ਦਾ ਹਮਵਤਨ ਸਪੇਨ ਦਾ ਹੀ ਕਾਰਲੋਸ ਅਲਕਾਰਾਜ 3 ਘੰਟਿਆ ਤਕ ਚੱਲੇ ਮੈਚ ਵਿਚ ਜਾਨ ਲੇਨਾਰਡ ਸਟ੍ਰਫ ਨੂੰ 6-3, 6-7, 7-6 ਨਾਲ ਹਰਾ ਕੇ ਅਗਲੇ ਦੌਰ ਵਿਚ ਪਹੁੰਚ ਗਿਆ। ਚੋਟੀ ਦਰਜਾ ਪ੍ਰਾਪਤ ਯਾਨਿਕ ਸਿਨੇਰ ਨੇ 16ਵਾਂ ਦਰਜਾ ਪ੍ਰਾਪਤ ਕਾਰੇਨ ਖਾਚਾਨੋਵ ਨੂੰ 5-7, 6-3, 6-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਤੀਜਾ ਦਰਜਾ ਪ੍ਰਾਪਤ ਡੈਨੀਅਲ ਮੇਦਵੇਦੇਵ ਨੇ ਅਲੈਗਜ਼ੈਂਡਰ ਬੁਬਲਿਕ ਨੂੰ 7-6, 6-4 ਨਾਲ ਹਰਾਇਆ।
ਮਹਿਲਾ ਵਰਗ ਵਿਚ ਚੋਟੀ ਦਰਜਾ ਪ੍ਰਾਪਤ ਇਗਾ ਸਵਿਯਾਤੇਕ ਨੇ ਬੀਟ੍ਰਿਜ ਹਦਾਦ ਮਾਈਯਾ ਨੂੰ 4-6, 6-0, 6-2 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਹੁਣ ਉਸਦਾ ਸਾਹਮਣਾ ਅਮਰੀਕਾ ਦੀ 18ਵਾਂ ਦਰਜਾ ਪ੍ਰਾਪਤ ਮੈਡੀਸਨ ਕੀਜ਼ ਨਾਲ ਹੋਵੇਗਾ, ਜਿਸ ਨੇ ਅੱਠਵਾਂ ਦਰਜਾ ਪ੍ਰਾਪਤ ਓਂਸ ਜਬਾਓਰ ਨੂੰ 0-6, 7-5, 6-1 ਨਾਲ ਹਰਾਇਆ।