ਸਕਿੰਟਾਂ ''ਚ ਵੱਡਾ ਕਾਂਡ ਕਰ ਗਿਆ ਬੱਚਾ, ਕਿਸਾਨ ਦੇ ਲੱਖ ਰੁਪਏ ਚੁੱਕ ਹੋਇਆ ਫਰਾਰ
Wednesday, May 08, 2024 - 05:18 PM (IST)
ਤਪਾ ਮੰਡੀ (ਸ਼ਾਮ,ਗਰਗ) : ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਤਪਾ ਦੇ ਬਾਹਰੋਂ ਇਕ ਛੋਟਾ ਜਿਹਾ ਬੱਚਾ ਮੋਟਰਸਾਈਕਲ ਨਾਲ ਲੱਗੇ ਬੈਗ ‘ਚੋਂ ਕਿਸਾਨ ਦਾ ਇੱਕ ਲੱਖ ਰੁਪਏ ਲੈ ਕੇ ਰਫੂਚੱਕਰ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਧਰਮਪੁਰਾ ਮੋੜ ਦਾ ਕਿਸਾਨ ਕਰਮਵੀਰ ਸਿੰਘ ਪੁੱਤਰ ਰਣਜੀਤ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕੇ ਅਪਣੀ ਘਰ ਜ਼ਰੂਰਤ ਲਈ ਚੈਕ ਰਾਹੀਂ ਕਢਵਾਈ ਇਕ ਲੱਖ ਰੁਪਏ ਦੀ ਰਕਮ ਲੈ ਕੇ ਜਦ ਬਾਹਰ ਖੜ੍ਹੇ ਮੋਟਰਸਾਈਕਲ ਦੀ ਸਾਈਡ 'ਤੇ ਲੱਗੇ ਝੋਲੇ 'ਚ ਰੱਖ ਕੇ ਮੋਟਰਸਾਈਕਲ ਮੋੜਨ ਲੱਗਾ ਤਾਂ ਇੰਨੇ ‘ਚ ਹੀ ਇੱਕ ਛੋਟਾ ਜਿਹਾ ਬੱਚਾ ਆਇਆ ਅਤੇ 1 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ, ਕੋਲ ਖੜ੍ਹੀਆਂ ਔਰਤਾਂ ਨੇ ਕਿਸਾਨ ਨੂੰ ਕਿਹਾ ਕਿ ਬੱਚਾ ਬੈਗ 'ਚੋਂ ਰੁਪਏ ਕੱਢ ਕੇ ਲੈ ਗਿਆ ਹੈ।
ਇਸ ਦੀ ਜਦੋਂ ਕਿਸਾਨ ਨੇ ਜਾਂਚ ਕੀਤੀ ਤਾਂ ਬੈਂਕ 'ਚੋਂ ਕੱਢਵਾਏ 1 ਲੱਖ ਰੁਪਏ ਗਾਇਬ ਸੀ ਤੇ ਔਰਤਾਂ ਵੀ ਗਾਇਬ ਹੋ ਗਈਆਂ। ਕਿਸਾਨ ਨੇ ਤੁਰੰਤ ਇਰਦ-ਗਿਰਦ ਲੋਕਾਂ ਨੂੰ ਇਸ ਘਟਨਾ ਬਾਰੇ ਦੱਸਿਆ ਜੋ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਥਾਣਾ ਮੁਖੀ ਕੁਲਜਿੰਦਰ ਸਿੰਘ ਗਰੇਵਾਲ, ਚੌਂਕੀ ਇੰਚਾਰਜ ਕਰਮਜੀਤ ਸਿੰਘ, ਸਹਾਇਕ ਥਾਣੇਦਾਰ ਬਲਜੀਤ ਸਿੰਘ, ਮੁਨਸ਼ੀ ਚੌਂਕੀ ਕਮਲਪ੍ਰੀਤ ਕੌਰ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਬੈਂਕ ਅਤੇ ਨੇੜੇ ਦੁਕਾਨਾਂ ਅਤੇ ਬੈਂਕਾਂ ਦੇ ਕੈਮਰੇ ਖੰਘਾਲਣ ‘ਚ ਜੁੱਟ ਗਈ ਹੈ।
ਇਸ ਮੌਕੇ ਹਾਜ਼ਰ ਖਾਤਾਧਾਰਕਾਂ ਨੇ ਦੱਸਿਆ ਕਿ ਬੈਂਕ ‘ਚ ਹਰ ਰੋਜ਼ ਕਰੋੜਾਂ ਰੁਪਏ ਦਾ ਲੈਣ-ਦੇਣ ਹੁੰਦਾ ਹੈ ਪਰ ਸਕਿਓਰਿਟੀ ਦਾ ਕੋਈ ਇੰਤਜਾਮ ਨਾ ਹੋਣ ਕਾਰਨ ਖਾਤਾਧਾਰਕਾਂ ਨੂੰ ਹਰ ਸਮੇਂ ਆਪਣੀ ਹਿਫਾਜ਼ਤ ਆਪ ਕਰਨੀ ਪੈ ਰਹੀ ਹੈ ਜਦਕਿ ਹੋਰਨਾਂ ਬੈਂਕਾਂ ‘ਚ ਸਕਿਓਰਿਟੀ 24 ਘੰਟੇ ਗੇਟ 'ਤੇ ਤੈਨਾਤ ਰਹਿੰਦੀ ਹੈ। ਖਾਤਾਧਾਰਕਾਂ ਦੀ ਮੰਗ ਹੈ ਕਿ ਬੈਂਕ ‘ਚ 24 ਘੰਟੇ ਸਕਿਓਰਿਟੀ ਲਗਾਈ ਜਾਵੇ। ਖਾਤਾਧਾਰਕਾਂ ਨੇ ਇਹ ਵੀ ਦੱਸਿਆ ਕਿ ਬੈਂਕ ‘ਚ ਨਾ ਕੋਈ ਪੀਣ ਵਾਲਾ ਠੰਡਾ ਪਾਣੀ ਦਾ ਇੰਤਜ਼ਾਮ ਹੈ ਅਤੇ ਨਾ ਹੀ ਬਾਹਰ ਪਾਰਕਿੰਗ ਦਾ ਪ੍ਰਬੰਧ ਹੈ, ਇਸੇ ਕਾਰਨ ਖਾਤਾਧਾਰਕਾਂ ਨੂੰ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਉਕਤ ਸਮੱਸਿਆਵਾਂ ਨੂੰ ਲੈ ਕੇ ਡੀਜੀਐੱਮ ਬਠਿੰਡਾ ਮਨਕੋਟੀਆਂ ਦੇ ਧਿਆਨ ‘ਚ ਲਿਆ ਦਿੱਤਾ ਹੈ।