ਪੰਜਾਬ ਦੇ ਵੱਖ-ਵੱਖ ਰੂਟਾਂ ਦੀਆਂ 46 ਟਰੇਨਾਂ ਰੱਦ : 105 ਟਰੇਨਾਂ ਦੇ ਬਦਲੇ ਰੂਟ, ਛਾਇਆ ਸੰਨਾਟਾ ਤੇ ਪ੍ਰੇਸ਼ਾਨੀ ’ਚ ਯਾਤਰੀ

Saturday, Apr 27, 2024 - 06:04 AM (IST)

ਪੰਜਾਬ ਦੇ ਵੱਖ-ਵੱਖ ਰੂਟਾਂ ਦੀਆਂ 46 ਟਰੇਨਾਂ ਰੱਦ : 105 ਟਰੇਨਾਂ ਦੇ ਬਦਲੇ ਰੂਟ, ਛਾਇਆ ਸੰਨਾਟਾ ਤੇ ਪ੍ਰੇਸ਼ਾਨੀ ’ਚ ਯਾਤਰੀ

ਜਲੰਧਰ (ਪੁਨੀਤ)– ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਸੜਕ ਮਾਰਗ ਦੇ ਨਾਲ-ਨਾਲ ਟਰੇਨਾਂ ਪ੍ਰਭਾਵਿਤ ਹੋਣ ਲੱਗੀਆਂ ਹਨ, ਜੋ ਕਿ ਯਾਤਰੀਆਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਨ। ਪੰਜਾਬ ’ਚ ਆਉਣ ਵਾਲੀਆਂ ਟਰੇਨਾਂ 10 ਘੰਟੇ ਦੀ ਦੇਰੀ ਨਾਲ ਸਟੇਸ਼ਨਾਂ ’ਤੇ ਪਹੁੰਚ ਰਹੀਆਂ ਹਨ, ਜਿਸ ਨਾਲ ਯਾਤਰੀਆਂ ਨੂੰ ਬਹੁਤ ਦਿੱਕਤਾਂ ਪੇਸ਼ ਆ ਰਹੀਆਂ ਹਨ। ਇਸੇ ਲੜੀ ’ਚ ਫਿਰੋਜ਼ਪੁਰ ਡਵੀਜ਼ਨ ਵਲੋਂ ਪੰਜਾਬ ਦੇ ਵੱਖ-ਵੱਖ ਰੂਟਾਂ ਦੀਆਂ 46 ਟਰੇਨਾਂ ਨੂੰ ਰੱਦ ਕਰਨਾ ਪਿਆ। ਦੂਜੇ ਪਾਸੇ 105 ਟਰੇਨਾਂ ਦੇ ਰੂਟ ਬਦਲੇ ਗਏ ਹਨ।

ਮਹਾਨਗਰ ਜਲੰਧਰ, ਕੈਂਟ, ਅੰਮ੍ਰਿਤਸਰ ਤੇ ਲੁਧਿਆਣਾ ਸਮੇਤ ਵੱਖ-ਵੱਖ ਰੂਟਾਂ ਤੋਂ ਲੰਘਣ ਵਾਲੀਆਂ 46 ਟਰੇਨਾਂ ਦੇ ਰੱਦ ਹੋਣ ਨਾਲ ਰੇਲਵੇ ਨੂੰ ਭਾਰੀ ਵਿੱਤੀ ਨੁਕਸਾਨ ਹੋ ਰਿਹਾ ਹੈ। ਇਸ ਕਾਰਨ ਰੇਲਵੇ ਨੂੰ ਯਾਤਰੀਆਂ ਨੂੰ ਰਿਫੰਡ ਦੇਣਾ ਪੈ ਰਿਹਾ ਹੈ। ਦੂਜੇ ਪਾਸੇ ਟਰੇਨਾਂ ਦੇ ਰੱਦ ਹੋਣ ਨਾਲ ਯਾਤਰੀਆਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ’ਚ ਦੇਰੀ ਹੋ ਰਹੀ ਹੈ।

ਅੰਬਾਲਾ ਰੇਲਵੇ ਸਟੇਸ਼ਨ ’ਤੇ ਧਰਨੇ ’ਤੇ ਬੈਠੇ ਕਿਸਾਨਾਂ ਵਲੋਂ ਰੇਲਵੇ ਟਰੈਕ ਨੂੰ ਬੰਦ ਕੀਤਾ ਗਿਆ ਹੈ, ਜਿਸ ਕਾਰਨ ਪੰਜਾਬ ਆਉਣ ਵਾਲੀਆਂ ਟਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਕਾਰਨ ਜੰਮੂ-ਤਵੀ ਤੇ ਦਰਭੰਗਾ ਨੂੰ ਸ਼ਾਰਟ ਟਰਮੀਨੇਟ ਕਰਦਿਆਂ ਰਸਤੇ ’ਚੋਂ ਹੀ ਵਾਪਸ ਮੋੜ ਦਿੱਤਾ ਗਿਆ। ਪੂਰਾ ਘਟਨਾਕ੍ਰਮ ਯਾਤਰੀਆਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਵਲੋਂ ਪੰਜਾਬ ’ਚ 46 ਟਰੇਨਾਂ ਨੂੰ ਰੱਦ ਕਰਨ ਤੇ 105 ਟਰੇਨਾਂ ਦੇ ਰੂਟ ਬਦਲਣ ਨਾਲ ਮੁੱਖ ਟਰੇਨਾਂ ਪ੍ਰਭਾਵਿਤ ਹੋ ਰਹੀਆ ਹਨ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਦੇ ‘ਸਪਾਈਡਰਮੈਨ’ ਤੇ ‘ਸਪਾਈਡਰਵੁਮੈਨ’ ਪੁਲਸ ਨੇ ਕੀਤੇ ਕਾਬੂ, ਸੜਕ ’ਤੇ ਕਰ ਰਹੇ ਸਨ ਇਹ ਕੰਮ

ਜਾਣਕਾਰੀ ਮੁਤਾਬਕ ਅੰਬਾਲਾ ਕੈਂਟ ਤੋਂ ਜਲੰਧਰ ਸਿਟੀ ਆਉਣ ਵਾਲੀ ਟਰੇਨ ਨੰਬਰ 4689, ਜਲੰਧਰ ਸਿਟੀ ਤੋਂ ਅੰਬਾਲਾ ਕੈਂਟ ਜਾਣ ਵਾਲੀ ਟਰੇਨ ਨੰਬਰ 4690 ਨੂੰ ਰੱਦ ਕੀਤਾ ਗਿਆ ਹੈ। ਇਸੇ ਲੜੀ ’ਚ ਚੰਡੀਗੜ੍ਹ-ਅੰਮ੍ਰਿਤਸਰ ਜਾਣ ਵਾਲੀ ਟਰੇਨ ਨੰਬਰ 12241 ਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਣ ਵਾਲੀ ਟਰੇਨ ਨੰਬਰ 12242 ਨੂੰ ਰੱਦ ਕਰਨਾ ਪਿਆ।

ਰਿਫੰਡ ਦੇ ਤੌਰ ’ਤੇ ਲੱਖਾਂ ਦਾ ਭੁਗਤਾਨ, ਯਾਤਰੀ ਬੋਲੇ ਹੋ ਰਹੀ ਪ੍ਰੇਸ਼ਾਨੀ
ਟਰੇਨਾਂ ਦੇ ਰੱਦ ਹੋਣ ਨਾਲ ਯਾਤਰੀਆਂ ਨੂੰ ਟਿਕਟ ਰਿਫੰਡ ਬੇਸ਼ੱਕ ਮਿਲ ਰਿਹਾ ਹੈ ਪਰ ਯਾਤਰੀਆਂ ਦਾ ਕਹਿਣਾ ਹੈ ਕਿ ਇਸ ਸਭ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਰਿਫੰਡ ਲੈਣ ਲਈ ਟਿਕਟਾਂ ਬੁੱਕ ਨਹੀਂ ਕਰਵਾਈਆਂ ਸਨ। ਹੁਣ ਟਰੇਨਾਂ ਦੇ ਰੱਦ ਹੋਣ ਕਾਰਨ ਉੁਨ੍ਹਾਂ ਨੂੰ ਆਪਣੀ ਮੰਜ਼ਿਲ ਤਕ ਪੁੱਜਣ ਲਈ ਦੂਜੇ ਬਦਲੇ ਲੱਭਣੇ ਪੈਣਗੇ, ਜਿਸ ਨਾਲ ਦਿੱਕਤਾਂ ਵਧਣਗੀਆਂ। ਯਾਤਰੀਆਂ ਦਾ ਕਹਿਣਾ ਹੈ ਕਿ ਰੇਲਵੇ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਇਸੇ ਤਰ੍ਹਾਂ ਚੱਲਦਾ ਰਿਹਾ ਹੈ ਤਾਂ ਲੋਕਾਂ ਦੀਆਂ ਪ੍ਰੇਸ਼ਾਨੀਆਂ ’ਚ ਵਾਧਾ ਹੋਵੇਗਾ।

ਖਾਲੀ ਰੇਲਵੇ ਸਟੇਸ਼ਨ ਦੇਖ ਕੇ ਹੋ ਰਹੀ ਹੈਰਾਨੀ
ਰੇਲਵੇ ਸਟੇਸ਼ਨ, ਬੱਸ ਅੱਡਾ ਇਸ ਤਰ੍ਹਾਂ ਦੇ ਪਬਲਿਕ ਪਲੇਸ ਹੁੰਦੇ ਹਨ, ਜਿਥੇ ਦਿਨ-ਰਾਤ ਚਹਿਲ-ਪਹਿਲ ਰਹਿੰਦੀ ਹੈ ਪਰ ਸਿਟੀ ਰੇਲਵੇ ਸਟੇਸ਼ਨ ’ਤੇ ਦਿਨ ਦੇ ਸਮੇਂ ਸੰਨਾਟਾ ਛਾਇਆ ਹੋਇਆ ਸੀ। ਇਸ ਸਭ ਨੂੰ ਦੇਖ ਕੇ ਹੈਰਾਨੀ ਹੋ ਰਹੀ ਸੀ ਕਿਉਂਕਿ ਅਜਿਹਾ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਛੋਟੇ ਸ਼ਹਿਰ ਦੇ ਰੇਲਵੇ ਸਟੇਸ਼ਨ ਦਾ ਨਜ਼ਾਰਾ ਦਿਖਾਈ ਦੇ ਰਿਹਾ ਹੋਵੇ। ਕਿਸਾਨਾਂ ਵਲੋਂ ਅੰਬਾਲਾ ’ਚ ਦਿੱਤੇ ਜਾ ਰਹੇ ਧਰਨੇ ਕਾਰਨ ਪੰਜਾਬ ਦੇ ਰੇਲਵੇ ਸਟੇਸ਼ਨਾਂ ’ਚ ਮਾਹੌਲ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News