ਵਿਦੇਸ਼ ਮੰਤਰੀ ਵਲੋਂ ਇਰਾਕ ''ਚ ਫਸੇ ਪੰਜਾਬੀਆਂ ਦੀ ਮੁਕਤੀ ਲਈ ਦੂਤਘਰ ਨੂੰ ਨਿਰਦੇਸ਼

Thursday, Jun 13, 2019 - 11:05 PM (IST)

ਵਿਦੇਸ਼ ਮੰਤਰੀ ਵਲੋਂ ਇਰਾਕ ''ਚ ਫਸੇ ਪੰਜਾਬੀਆਂ ਦੀ ਮੁਕਤੀ ਲਈ ਦੂਤਘਰ ਨੂੰ ਨਿਰਦੇਸ਼

ਚੰਡੀਗੜ੍ਹ(ਭੁੱਲਰ)- ਕੇਂਦਰੀ ਫੂਡ ਸਪਲਾਈ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਦੱਸਿਆ ਕਿ ਵਿਦੇਸ਼ ਮਾਮਲਿਆਂ ਦੇ ਮੰਤਰੀ ਡਾ. ਜੈਸ਼ੰਕਰ ਨੇ ਇਰਾਕ ਵਿਚਲੇ ਭਾਰਤੀ ਦੂਤਘਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪਿਛਲੇ 7 ਮਹੀਨਿਆਂ ਤੋਂ ਇਰਬਿਲ ਸਿਟੀ ਵਿਚ ਫਸੇ 7 ਪੰਜਾਬੀ ਨੌਜਵਾਨਾਂ ਦੀ ਤੁਰੰਤ ਵਾਪਸੀ ਲਈ ਲੋੜੀਂਦੇ ਕਦਮ ਚੁੱਕਣ।

ਹਰਸਿਮਰਤ ਅੱਜ ਜਲੰਧਰ ਅਤੇ ਕਪੂਰਥਲਾ ਜ਼ਿਲਿਆਂ ਦੇ ਇਰਾਕ ਵਿਚ ਫਸੇ ਪੰਜਾਬੀ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵਿਦੇਸ਼ ਮੰਤਰੀ ਨੂੰ ਮਿਲੀ। ਉਨ੍ਹਾਂ ਦੱਸਿਆ ਕਿ ਇਰਾਕ 'ਚ ਭਾਰਤ ਦੇ ਕੌਂਸਲ ਜਨਰਲ ਚੰਦਰਾਮੌਲੀ ਕੇ. ਕਰਨ ਵੀ ਇਸ ਮੀਟਿੰਗ ਦਾ ਹਿੱਸਾ ਸਨ, ਜਿਨ੍ਹਾਂ ਨੇ ਪੀੜਤ ਮਾਪਿਆਂ ਅਤੇ ਹਰਸਿਮਰਤ ਨੂੰ ਕੌਂਸਲੇਟ ਵਲੋਂ ਨੌਜਵਾਨਾਂ ਦੀ ਦੇਖ-ਭਾਲ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਜਾਣੂ ਕਰਵਾਇਆ। ਕੌਂਸਲ ਜਨਰਲ ਨੇ ਇਹ ਵੀ ਦੱਸਿਆ ਕਿ ਦੂਤਘਰ ਦਾ ਸਟਾਫ ਇਨ੍ਹਾਂ ਨੌਜਵਾਨਾਂ ਨਾਲ ਸੰਪਰਕ 'ਚ ਹੈ ਅਤੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਸਣੇ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾ ਰਿਹਾ ਹੈ। ਕਰਨ ਨੇ ਕਿਹਾ ਕਿ ਲੋੜ ਪੈਣ 'ਤੇ ਇਨ੍ਹਾਂ ਨੌਜਵਾਨਾਂ ਨੂੰ ਹੋਰ ਵਿੱਤੀ ਮਦਦ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਤੋਂ ਨੌਜਵਾਨਾਂ ਨੇ ਆਪਣੇ ਨਾਲ ਹੋਈ ਠੱਗੀ ਬਾਰੇ ਸ਼ਿਕਾਇਤ ਦਿੱਤੀ ਹੈ, ਇਸ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ।

ਪੀੜਤ ਪਰਿਵਾਰਾਂ ਦੀ ਵਿਥਿਆ ਸੁਣਨ ਤੋਂ ਬਾਅਦ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਭਾਰਤੀ ਕੌਂਸਲੇਟ ਵਲੋਂ ਇਨ੍ਹਾਂ ਨੌਜਵਾਨਾਂ ਦੀ ਵਤਨ ਵਾਪਸੀ ਲਈ ਕਾਨੂੰਨੀ ਕਾਰਵਾਈਆਂ ਮੁਕੰਮਲ ਕਰਨ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾਣਗੇ। ਹਰਸਿਮਰਤ ਨੇ ਵਿਦੇਸ਼ ਮੰਤਰੀ ਨੂੰ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਟਿਕਟਾਂ ਦਾ ਖਰਚਾ ਅਦਾ ਕਰੇਗਾ। ਪੀੜਤ ਨੌਜਵਾਨਾਂ ਦੇ ਰਿਸ਼ਤੇਦਾਰਾਂ ਨੇ ਦੂਤਘਰ ਸਟਾਫ ਵੱਲੋਂ ਚੁੱਕੇ ਕਦਮਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਹੁਣ ਉਹ ਆਪਣੀ ਬੱਚਿਆਂ ਦੀ ਵਤਨ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਮੌਕੇ ਫਿਲੌਰ ਦੇ ਵਿਧਾਇਕ ਬਲਦੇਵ ਖਹਿਰਾ ਅਤੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਵੀ ਹਾਜ਼ਰ ਸਨ।


author

Baljit Singh

Content Editor

Related News