ਖਾੜੀ ਦੇਸ਼ਾਂ 'ਚ ਫਸੇ ਪੰਜਾਬੀਆਂ ਲਈ ਭਾਜਪਾ ਵਲੋਂ ਵਿਸ਼ੇਸ਼ ਹੈਲਪਲਾਈਨ ਨੰਬਰ ਜਾਰੀ, ਜਾਣੋ ਕੀ ਬੋਲੇ ਸੁਨੀਲ ਜਾਖੜ
Monday, Mar 02, 2026 - 05:00 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮਹੱਤਵਪੂਰਨ ਬਿਆਨ ਜਾਰੀ ਕਰਦੇ ਹੋਏ ਖਾੜੀ ਦੇਸ਼ਾਂ 'ਚ ਚੱਲ ਰਹੇ ਤਣਾਅ ਅਤੇ ਉੱਥੇ ਫਸੇ ਪੰਜਾਬੀਆਂ ਲਈ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਕਰਕੇ ਕਈ ਪੰਜਾਬੀ ਪਰਿਵਾਰ ਗੰਭੀਰ ਚਿੰਤਾ 'ਚ ਹਨ ਅਤੇ ਬਹੁਤ ਸਾਰੇ ਲੋਕ ਵਾਪਸੀ ਦੇ ਮਸਲੇ ਨੂੰ ਲੈ ਕੇ ਉਲਝਣ ਦਾ ਸਾਹਮਣਾ ਕਰ ਰਹੇ ਹਨ। ਇਸ ਸਥਿਤੀ ਨੂੰ ਦੇਖਦੇ ਹੋਏ ਪੰਜਾਬ ਭਾਜਪਾ ਵੱਲੋਂ ਖ਼ਾਸ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਤਾਂ ਜੋ ਪ੍ਰਭਾਵਿਤ ਪਰਿਵਾਰ ਆਪਣਿਆਂ ਨਾਲ ਸਿੱਧਾ ਸੰਪਰਕ ਕਰ ਸਕਣ। ਸੁਨੀਲ ਜਾਖੜ ਨੇ ਕਿਹਾ ਕਿ ਖਾੜੀ ਇਲਾਕਿਆਂ 'ਚ ਬੈਠੇ ਪੰਜਾਬੀਆਂ ਲਈ ਉੱਥੋਂ ਸਿੱਧਾ ਸੰਪਰਕ ਕਰਨਾ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ, ਖ਼ਾਸ ਕਰਕੇ ਦੁਬਈ ਵਰਗੇ ਸਥਾਨਾਂ ‘ਤੇ ਕਾਲਿੰਗ ਅਤੇ ਸੰਚਾਰ ਸਬੰਧੀ ਦਿੱਕਤਾਂ ਆ ਰਹੀਆਂ ਹਨ। ਇਸ ਕਰਕੇ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਉੱਥੇ ਹਨ, ਉਹ ਭਾਰਤ 'ਚ ਬੈਠ ਕੇ ਦਿੱਤੇ ਗਏ ਨੰਬਰਾਂ ‘ਤੇ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਨੰਬਰ 75085-60065 ਜਾਰੀ ਕਰਦੇ ਹੋਏ ਕਿਹਾ ਕਿ ਇਸ ‘ਤੇ ਸੰਪਰਕ ਕਰਕੇ ਪਰਿਵਾਰ ਆਪਣੀ ਜਾਣਕਾਰੀ ਦਰਜ ਕਰਵਾ ਸਕਦੇ ਹਨ, ਤਾਂ ਜੋ ਪਾਰਟੀ ਪੱਧਰ ‘ਤੇ ਅਤੇ ਕੇਂਦਰੀ ਮੰਤਰੀ ਮੰਡਲ ਨਾਲ ਸਾਂਝ ਪਾ ਕੇ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ।
ਜਾਖੜ ਨੇ ਦੱਸਿਆ ਕਿ ਭਾਜਪਾ ਸੰਗਠਨ ਆਪਣੇ ਪੱਧਰ ‘ਤੇ ਵੱਖ-ਵੱਖ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ, ਤਾਂ ਜੋ ਜ਼ਰੂਰੀ ਹੋਣ ‘ਤੇ ਫਸੇ ਹੋਏ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸੇ ਵੀ ਪਰਿਵਾਰ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਜਾਖੜ ਨੇ ਪਾਰਟੀ ਦੀ ਅੰਦਰੂਨੀ ਮੀਟਿੰਗ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਉਣ ਵਾਲੀ 14 ਤਾਰੀਖ਼ ਨੂੰ ਮੋਗਾ 'ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਦਫ਼ਤਰ 'ਚ ਵਿਸਥਾਰ ਨਾਲ ਚਰਚਾ ਕੀਤੀ ਗਈ ਹੈ ਅਤੇ ਸਾਰੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ‘ਤੇ ਪੰਜਾਬ ਦੇ ਮੁੱਖ ਮੁੱਦਿਆਂ ਨੂੰ ਚੁੱਕਿਆ ਜਾਵੇਗਾ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਜਾਖੜ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਭਾਜਪਾ ਨੂੰ ਲੈ ਕੇ ਲੰਬੇ ਸਮੇਂ ਤੋਂ ਗਲਤ ਫਹਿਮੀਆਂ ਪੈਦਾ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚਾਹੇ ਵਪਾਰਕ ਸਮਝੌਤਿਆਂ ਦਾ ਮਸਲਾ ਹੋਵੇ ਜਾਂ ਹੋਰ ਰਾਸ਼ਟਰੀ ਪੱਧਰ ਦੇ ਫ਼ੈਸਲੇ, ਵਿਰੋਧੀ ਪੱਖ ਵੱਲੋਂ ਲੋਕਾਂ 'ਚ ਭਰਮ ਫੈਲਾਇਆ ਗਿਆ ਹੈ। ਮੋਗਾ ਦੀ ਰੈਲੀ ਦੌਰਾਨ ਇਨ੍ਹਾਂ ਸਾਰੀਆਂ ਗਲਤ ਫਹਿਮੀਆਂ ਦਾ ਜਵਾਬ ਦਿੱਤਾ ਜਾਵੇਗਾ ਅਤੇ ਸਪੱਸ਼ਟ ਕੀਤਾ ਜਾਵੇਗਾ ਕਿ ਕੇਂਦਰ ਸਰਕਾਰ ਪੰਜਾਬ ਦੇ ਹਿੱਤਾਂ ਪ੍ਰਤੀ ਵਚਨਬੱਧ ਹੈ।
ਇਹ ਵੀ ਪੜ੍ਹੋ : ਸਟਾਫ਼ ਸਾਵਧਾਨ! ਹੁਣ ਕੱਟੀ ਜਾਵੇਗੀ ਅੱਧੇ ਦਿਨ ਦੀ ਛੁੱਟੀ, ਮੁਲਾਜ਼ਮਾਂ ਦੀ ਹਾਜ਼ਰੀ ਬਾਰੇ PGI ਦਾ ਵੱਡਾ ਫ਼ੈਸਲਾ
ਇਸ ਦੌਰਾਨ ਜਾਖੜ ਨੇ ਬਰਨਾਲਾ ਵਿੱਚ ਹੋਈ ਕਾਂਗਰਸ ਦੀ ਮੀਟਿੰਗ ‘ਤੇ ਵੀ ਤਿੱਖੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਉਸ ਮੀਟਿੰਗ 'ਚ ਕਾਂਗਰਸ ਦੇ ਕੌਮੀ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮੱਲਿਕ ਅਰਜੁਨ ਖੜਗੇ ਮੌਜੂਦ ਸਨ ਪਰ ਪੰਜਾਬ ਦੇ ਮੁੱਖ ਸਿਆਸੀ ਮੁੱਦਿਆਂ ‘ਤੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਕਈ ਸੀਨੀਅਰ ਕਾਂਗਰਸੀ ਨੇਤਾ ਪੰਜਾਬ ਦੇ ਮੁੱਖ ਮੰਤਰੀ ਦਾ ਨਾਂ ਲੈਣ ਤੋਂ ਵੀ ਕਤਰਾਉਂਦੇ ਨਜ਼ਰ ਆਏ। ਜਾਖੜ ਨੇ ਕਿਹਾ ਕਿ ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਕਾਂਗਰਸ ਅੰਦਰੂਨੀ ਤੌਰ ‘ਤੇ ਇਕਜੁੱਟ ਨਹੀਂ ਹੈ ਅਤੇ ਸੂਬੇ ਦੇ ਮੁੱਦਿਆਂ ‘ਤੇ ਸਾਫ ਸਟੈਂਡ ਲੈਣ ਵਿੱਚ ਅਸਫ਼ਲ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦਾ ਰੁਖ ਆਮ ਆਦਮੀ ਪਾਰਟੀ ਪ੍ਰਤੀ ਨਰਮ ਹੈ, ਜੋ ਲੋਕਾਂ ਦੇ ਸਾਹਮਣੇ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ। ਪੰਜਾਬ 'ਚ ਹੋ ਰਹੇ ਐਨਕਾਊਂਟਰ ਮਾਮਲਿਆਂ ਬਾਰੇ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਸੂਬਾ ਸਰਕਾਰ ‘ਤੇ ਲੋਕਾਂ ਦਾ ਭਰੋਸਾ ਘੱਟ ਰਿਹਾ ਹੈ। ਖ਼ਾਸ ਤੌਰ ‘ਤੇ 19 ਸਾਲਾ ਨੌਜਵਾਨ ਰਣਜੀਤ ਸਿੰਘ ਦੇ ਐਨਕਾਊਂਟਰ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕਈ ਸਵਾਲ ਖੜ੍ਹੇ ਹੁੰਦੇ ਹਨ, ਜਿਨ੍ਹਾਂ ਦੇ ਜਵਾਬ ਅਜੇ ਤੱਕ ਸਾਹਮਣੇ ਨਹੀਂ ਆਏ। ਉਨ੍ਹਾਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੀ ਸੁਤੰਤਰ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਪਰਿਵਾਰਾਂ ਨੂੰ ਇਨਸਾਫ਼ ਮਿਲੇ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਆਬੂਧਾਬੀ ਤੇ ਦੁਬਈ ਜਾਣ ਵਾਲੀਆਂ ਉਡਾਣਾਂ ਰੱਦ, ਯਾਤਰੀਆਂ ਨੂੰ ਸਟੇਟਸ ਚੈੱਕ ਕਰਨ ਦੀ ਸਲਾਹ
ਧਾਰਮਿਕ ਮਸਲਿਆਂ ‘ਤੇ ਵੀ ਜਾਖੜ ਨੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਵੱਖ-ਵੱਖ ਸੂਬਿਆਂ 'ਚ ਆ ਰਹੀਆਂ ਸ਼ਿਕਾਇਤਾਂ ਗੰਭੀਰ ਮਾਮਲਾ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਨੂੰ ਇਸ ਸਬੰਧੀ ਸੂਬਾ ਸਰਕਾਰਾਂ ਨਾਲ ਸਖ਼ਤ ਰੁਖ ਅਪਣਾਉਣਾ ਚਾਹੀਦਾ ਹੈ। ਅਖ਼ੀਰ 'ਚ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਹਰੇਕ ਵਰਗ ਦੀ ਆਵਾਜ਼ ਉਠਾਉਣ ਲਈ ਵਚਨਬੱਧ ਹੈ। ਖਾੜੀ ਦੇਸ਼ਾਂ 'ਚ ਫਸੇ ਪੰਜਾਬੀਆਂ ਦੀ ਸਹਾਇਤਾ ਤੋਂ ਲੈ ਕੇ ਸੂਬੇ ਦੇ ਰਾਜਨੀਤਿਕ ਅਤੇ ਕਾਨੂੰਨੀ ਮਸਲਿਆਂ ਤੱਕ, ਪਾਰਟੀ ਹਰ ਮੰਚ ‘ਤੇ ਆਪਣੀ ਭੂਮਿਕਾ ਨਿਭਾਏਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਹੋਵੇ ਤਾਂ ਜਾਰੀ ਕੀਤੇ ਨੰਬਰਾਂ ‘ਤੇ ਸੰਪਰਕ ਕਰਕੇ ਜਾਣਕਾਰੀ ਸਾਂਝੀ ਕਰੇ, ਤਾਂ ਜੋ ਸਮੇਂ ਸਿਰ ਮਦਦ ਪਹੁੰਚਾਈ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
