ਮਿਡਲ ਈਸਟ ਸੰਘਰਸ਼: ਬ੍ਰਹਮਪੁਰਾ ਵੱਲੋਂ ਫਸੇ ਪੰਜਾਬੀਆਂ ਤੇ ਭਾਰਤੀਆਂ ਦੀ ਸੁਰੱਖਿਆ ਲਈ UN ਨੂੰ ਅਪੀਲ
Tuesday, Mar 03, 2026 - 10:23 AM (IST)
ਜੈਤੋ (ਰਘੂਨੰਦਨ ਪਰਾਸ਼ਰ) : ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਯੂਨਾਈਟਿਡ ਨੇਸ਼ਨਜ਼ (ਯੂ. ਐੱਨ.) ਨੂੰ ਪੱਤਰ ਲਿਖ ਕੇ ਮਿਡਲ ਈਸਟ ਦੇ ਸੰਘਰਸ਼ ਪ੍ਰਭਾਵਿਤ ਇਲਾਕਿਆਂ, ਖਾਸ ਕਰਕੇ ਈਰਾਨ ਅਤੇ ਇਜ਼ਰਾਈਲ ਦੇ ਆਲੇ-ਦੁਆਲੇ ਫਸੇ ਹਜ਼ਾਰਾਂ ਭਾਰਤੀਆਂ ਅਤੇ ਪੰਜਾਬੀਆਂ ਨੂੰ ਸੁਰੱਖਿਅਤ ਕੱਢਣ ਲਈ ਤੁਰੰਤ ਅੰਤਰਰਾਸ਼ਟਰੀ ਦਖਲ ਦੀ ਮੰਗ ਕੀਤੀ ਹੈ। ਜਨੇਵਾ ਵਿੱਚ ਯੂ. ਐਨ. ਦੇ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਵੋਲਕਰ ਤੁਰਕ ਨੂੰ ਭੇਜੇ ਮੈਮੋਰੈਂਡਮ ਵਿੱਚ ਬ੍ਰਹਮਪੁਰਾ ਨੇ ਉਨ੍ਹਾਂ ਭਾਰਤੀ ਪ੍ਰਵਾਸੀ ਮਜ਼ਦੂਰਾਂ ਦੀ ਦਰਦਨਾਕ ਹਾਲਤ ਦਾ ਜ਼ਿਕਰ ਕੀਤਾ ਹੈ, ਜੋ ਅਰਬ ਦੇਸ਼ਾਂ ਵਿੱਚ ਵਧਦੇ ਫੌਜੀ ਤਣਾਅ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਖਾਸ ਤੌਰ 'ਤੇ 'ਬਲੂ-ਕਾਲਰ' ਮਜ਼ਦੂਰਾਂ ਦੀ ਕਮਜ਼ੋਰ ਸਥਿਤੀ ਨੂੰ ਲੈ ਕੇ ਡੂੰਘੀ ਚਿੰਤਾ ਜਤਾਈ ਹੈ।
ਇਹ ਵੀ ਪੜ੍ਹੋ : ਵੱਡੀ ਵਾਰਦਾਤ! ਨਸ਼ਾ ਤਸਕਰਾਂ ਖਿਲਾਫ਼ ਬੋਲਣ 'ਤੇ ਦੁਕਾਨਦਾਰ ਨੂੰ ਮਾਰੀ ਗੋਲੀ, ਹਾਲਤ ਗੰਭੀਰ
'ਕਫਾਲਾ' ਸਿਸਟਮ ਬਣਿਆ ਰੁਕਾਵਟ
ਬ੍ਰਹਮਪੁਰਾ ਨੇ ਦੱਸਿਆ ਕਿ ਖਾੜੀ ਦੇਸ਼ਾਂ ਵਿੱਚ ਪ੍ਰਚਲਿਤ 'ਕਫਾਲਾ' ਸਿਸਟਮ ਨੇ ਕਈ ਮਜ਼ਦੂਰਾਂ ਨੂੰ ਬੇਵੱਸ ਕਰ ਦਿੱਤਾ ਹੈ, ਕਿਉਂਕਿ ਮਾਲਕਾਂ ਨੇ ਅਕਸਰ ਉਨ੍ਹਾਂ ਦੇ ਪਾਸਪੋਰਟ ਅਤੇ ਯਾਤਰਾ ਦਸਤਾਵੇਜ਼ ਜ਼ਬਤ ਕੀਤੇ ਹੋਏ ਹਨ। ਇਸ ਕਾਰਨ ਇਹ ਮਜ਼ਦੂਰ ਹਵਾਈ ਹਮਲਿਆਂ ਅਤੇ ਅੰਦਰੂਨੀ ਅਸ਼ਾਂਤੀ ਦੇ ਬਾਵਜੂਦ ਜੰਗ ਪ੍ਰਭਾਵਿਤ ਇਲਾਕਿਆਂ ਵਿੱਚੋਂ ਬਾਹਰ ਨਹੀਂ ਨਿਕਲ ਪਾ ਰਹੇ, ਜੋ ਕਿ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਹੈ। ਉਨ੍ਹਾਂ ਨੇ ਯੂ.ਐਨ. ਨੂੰ ਅਪੀਲ ਕੀਤੀ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਜੰਗਬੰਦੀ (ਸੀਜ਼ਫਾਇਰ) ਕਰਵਾ ਕੇ 'ਹਿਊਮੈਨਿਟੇਰੀਅਨ ਕੋਰੀਡੋਰ' ਬਣਾਏ ਜਾਣ।
ਪਾਸਪੋਰਟ ਵਾਪਸੀ ਅਤੇ ਐਮਰਜੈਂਸੀ ਵੀਜ਼ੇ ਦੀ ਮੰਗ
ਬ੍ਰਹਮਪੁਰਾ ਨੇ ਯੂ. ਐੱਨ. ਬਾਡੀ ਤੋਂ ਇਹ ਵੀ ਮੰਗ ਕੀਤੀ ਹੈ ਕਿ ਉਹ ਅਰਬ ਸਰਕਾਰਾਂ ਨੂੰ ਸਖ਼ਤ ਨਿਰਦੇਸ਼ ਜਾਰੀ ਕਰੇ ਤਾਂ ਜੋ ਮਜ਼ਦੂਰਾਂ ਦੇ ਜ਼ਬਤ ਕੀਤੇ ਪਾਸਪੋਰਟ ਬਿਨਾਂ ਸ਼ਰਤ ਵਾਪਸ ਕੀਤੇ ਜਾ ਸਕਣ। ਜਿਨ੍ਹਾਂ ਲੋਕਾਂ ਦੇ ਦਸਤਾਵੇਜ਼ ਗੁਆਚ ਗਏ ਹਨ, ਉਨ੍ਹਾਂ ਲਈ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (IOM) ਦੇ ਸਹਿਯੋਗ ਨਾਲ ਐਮਰਜੈਂਸੀ ਟ੍ਰਾਂਜ਼ਿਟ ਵੀਜ਼ਾ ਜਾਰੀ ਕਰਨ ਦੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ, "ਜਦੋਂ ਜਿਓਪੋਲੀਟੀਕਲ ਝਗੜਿਆਂ ਵਿੱਚ ਬੇਕਸੂਰ ਮਜ਼ਦੂਰਾਂ ਦਾ ਨੁਕਸਾਨ ਹੋ ਰਿਹਾ ਹੋਵੇ, ਤਾਂ ਅੰਤਰਰਾਸ਼ਟਰੀ ਭਾਈਚਾਰਾ ਮੂਕਦਰਸ਼ਕ ਨਹੀਂ ਬਣਿਆ ਰਹਿ ਸਕਦਾ"।
ਇਹ ਵੀ ਪੜ੍ਹੋ : ਭਾਰਤ ਦੀ ਤਾਕਤ ਵਧੇਗੀ...! ਰੂਸ ਤੋਂ ਪੰਜ ਖਰੀਦੇ ਜਾਣਗੇ ਨਵੇਂ S-400 ਏਅਰ ਡਿਫੈਂਸ ਸਿਸਟਮ
ਭਾਰਤ ਸਰਕਾਰ ਨੂੰ ਦਖਲ ਦੇਣ ਦੀ ਅਪੀਲ
ਕੌਮੀ ਪੱਧਰ 'ਤੇ ਕਾਰਵਾਈ ਤੇਜ਼ ਕਰਨ ਲਈ ਸਾਬਕਾ ਵਿਧਾਇਕ ਨੇ ਇਸ ਪੱਤਰ ਦੀਆਂ ਕਾਪੀਆਂ ਭਾਰਤ ਦੇ ਵਿਦੇਸ਼ ਮੰਤਰੀ ਅਤੇ ਵਿਦੇਸ਼ ਸਕੱਤਰ ਨੂੰ ਵੀ ਭੇਜੀਆਂ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਯੂ. ਐੱਨ. ਨਾਲ ਮਿਲ ਕੇ ਤੁਰੰਤ ਡਿਪਲੋਮੈਟਿਕ ਅਤੇ ਪ੍ਰਬੰਧਕੀ ਕਦਮ ਚੁੱਕਣ ਤਾਂ ਜੋ ਫਸੇ ਹੋਏ ਲੋਕਾਂ ਨੂੰ ਟਰੈਕ ਕਰਕੇ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਈ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
