ਸਟੇਸ਼ਨ ''ਤੇ ਖੁਦ ਚੱਲਣ ਵਾਲੀਆਂ ਪੌੜੀਆਂ ਲਾਉਣ ਦਾ ਕੰਮ ਸ਼ੁਰੂ

11/06/2017 1:13:53 PM

ਲੁਧਿਆਣਾ (ਵਿਪਨ) : ਯਾਤਰੀਆਂ ਨੂੰ ਸੁਵਿਧਾ ਪ੍ਰਦਾਨ ਕਰਨ ਲਈ ਰੇਲ ਪ੍ਰਸ਼ਾਸਨ ਵਲੋਂ ਸਥਾਨਕ ਸਟੇਸ਼ਨ 'ਤੇ ਲਾਈਆਂ ਜਾਣ ਵਾਲੀਆਂ ਖੁਦ ਚੱਲਣ ਵਾਲੀਆਂ (ਇਸਕਾਲੇਟਰ) ਪੌੜੀਆਂ ਦੇ ਲਾਉਣ ਲਈ ਕਾਰਜ ਆਰੰਭ ਕਰ ਦਿੱਤਾ ਗਿਆ ਹੈ। ਯਾਤਰੀਆਂ ਨੂੰ ਪਿਛਲੇ ਕਈ ਸਾਲਾਂ ਤੋਂ ਸਟੇਸ਼ਨ 'ਤੇ ਖੁਦ ਚੱਲਣ ਵਾਲੀਆਂ ਪੌੜੀਆਂ ਅਤੇ ਲਿਫਟ ਲਾਏ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਹੁਣ ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਕਿ ਯਾਤਰੀਆਂ ਦਾ ਇੰਤਜ਼ਾਰ ਜਲਦੀ ਖਤਮ ਹੋ ਜਾਵੇਗਾ ਅਤੇ ਉਨ੍ਹਾਂ ਨੂੰ ਸਥਾਨਕ ਸਟੇਸ਼ਨ 'ਤੇ ਉਕਤ ਸੁਵਿਧਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। 
ਲਿਫਟ ਦਾ ਕਾਰਜ ਪੂਰਾ ਹੋਣ ਦੇ ਨੇੜੇ   
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਯਾਤਰੀਆਂ ਦੀ ਸੁਵਿਧਾ ਲਈ ਸਥਾਨਕ ਸਟੇਸ਼ਨ 'ਤੇ ਲਾਈ ਜਾਣ ਵਾਲੀ ਲਿਫਟ ਰੇਲਵੇ ਕੰਪਲੈਕਸ (ਘੰਟਾਘਰ ਸਾਈਡ) 'ਚ ਨਵੇਂ ਬਣੇ ਫੁਟ ਓਵਰ ਬ੍ਰਿਜ 'ਤੇ ਸਾਧਾਰਨ ਟਿਕਟ ਖਿੜਕੀ ਦੇ ਸਾਹਮਣੇ ਬਣ ਰਹੀ ਹੈ ਅਤੇ ਉਸ ਦਾ ਕਾਰਜ ਅੰਤਿਮ ਪੜਾਅ 'ਚ ਹੈ ਅਤੇ ਲਿਫਟ ਦੇ ਇਸ ਮਹੀਨੇ ਦੇ ਅੰਦਰ ਜਾਂ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਚਾਲੂ ਹੋ ਜਾਣ ਦੀ ਪੂਰੀ ਸੰਭਾਵਨਾ ਹੈ। ਦੂਜੇ ਪਾਸੇ ਯਾਤਰੀਆਂ ਲਈ (ਇਸਕਾਲੇਟਰ) ਪੌੜੀਆਂ ਲਾਏ ਜਾਣ ਦਾ ਕਾਰਜ ਵੀ ਨਵੇਂ ਫੁਟਓਵਰ ਬ੍ਰਿਜ ਦੀ ਬਿਲਕੁੱਲ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਸਬੰਧਤ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਨੂੰ ਬਣਾਉਣ ਲਈ ਪੂਰੀ ਤੇਜ਼ੀ ਨਾਲ ਕਾਰਜ ਕੀਤਾ ਜਾਵੇਗਾ ਅਤੇ ਅਗਲੇ ਕੁੱਝ ਮਹੀਨਿਆਂ 'ਚ ਇਸ ਨੂੰ ਸ਼ੁਰੂ ਕਰ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ।


Related News