ਪਾਕਿ ਨੂੰ ਵੱਡਾ ਝਟਕਾ, ਸ਼ਾਹਪੁਰਕੰਢੀ ਡੈਮ ਦਾ ਕੰਮ ਪੂਰਾ ਹੁੰਦੇ ਹੀ ਬੰਦ ਹੋਵੇਗਾ ਪਾਕਿਸਤਾਨ ਜਾਣ ਵਾਲਾ ਪਾਣੀ

04/15/2024 6:37:59 PM

ਗੁਰਦਾਸਪੁਰ (ਵਿਨੋਦ)-ਜਿਵੇਂ-ਜਿਵੇਂ ਰਾਵੀ ਦਰਿਆ ’ਤੇ ਬਣ ਰਹੀ ਰਣਜੀਤ ਸਾਗਰ ਡੈਮ ਦੇ ਸਹਿਯੋਗੀ ਪ੍ਰਾਜੈਕਟ ਸ਼ਾਹਪੁਰਕੰਢੀ ਡੈਮ ਦਾ ਨਿਰਮਾਣ ਕੰਮ ਪੂਰਾ ਹੋਣ ਨੂੰ ਹੈ, ਉਸ ਦੇ ਨਾਲ ਹੀ ਪਾਕਿਸਤਾਨ ਦੇ ਰਾਜ ਪੰਜਾਬ ’ਚ ਡਰ ਦਾ ਮਾਹੌਲ ਬਣਦਾ ਜਾ ਰਿਹਾ ਹੈ। ਤਿੰਨ ਦਹਾਕੇ ਪਹਿਲਾ ਪਾਸ ਇਸ ਡੈਮ ਦੇ ਪੂਰਾ ਹੋਣ ਨਾਲ ਜਿੱਥੇ ਭਾਰਤੀ ਪੰਜਾਬ ’ਚ 5 ਹਜ਼ਾਰ ਹੈੱਕਟੇਅਰ ਖੇਤੀ ਯੋਗ ਜ਼ਮੀਨ ਅਤੇ ਜੰਮੂ ਕਸ਼ਮੀਰ ਵਿਚ 32 ਹਜ਼ਾਰ ਹੈੱਕਟੇਅਰ ਤੋਂ ਜ਼ਿਆਦਾ ਖੇਤੀ ਯੋਗ ਜ਼ਮੀਨ ਨੂੰ ਸਿੰਚਾਈ ਲਈ ਪਾਣੀ ਮਿਲੇਗਾ, ਉੱਥੇ 260 ਮੈਗਾਵਾਟ ਬਿਜਲੀ ਦਾ ਉਤਪਾਦਨ ਵੀ ਹੋਵੇਗਾ ਪਰ ਇਹ ਡੈਮ ਪ੍ਰਾਜੈਕਟ ਪਾਕਿਸਤਾਨ ਵੱਲ ਮਾਧੋਪੁਰ ਹੈੱਡ ਵਰਕਸ ਦੇ ਰਸਤੇ ਜਾਂਦੇ ਦਰਿਆ ਦੇ ਪਾਣੀ ਨੂੰ ਰੋਕ ਦੇਵੇਗਾ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਹੁਣ ਪਾਣੀ ਦੇ ਲੰਮੇ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ’ਚ ਚੱਲ ਰਹੇ ਪਾਣੀ ਯੁੱਧ ਵਿਚ ਭਾਰਤ ਹੁਣ ਪਾਕਿਸਤਾਨ ’ਤੇ ਭਾਰੀ ਪੈਣ ਵਾਲਾ ਹੈ।

ਇਹ ਵੀ ਪੜ੍ਹੋ-  ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ 5 ਦੋਸਤ, 3 ਨੌਜਵਾਨਾਂ ਨੂੰ ਮਿਲੀ ਦਰਦਨਾਕ ਮੌਤ

ਜਾਣਕਾਰੀ ਅਨੁਸਾਰ ਰਾਵੀ ਦਰਿਆ ਵੀ ਸਿੰਧੂ ਜਲ ਸਮਝੌਤੇ ਅਧੀਨ 6 ਦਰਿਆਵਾਂ ਦਾ ਹਿੱਸਾ ਹੈ, ਜੋ ਸਿੰਧੂ ਜਲ ਸੰਧੀ ਦੁਆਰਾ ਸ਼ਾਸਤ ਹੈ। ਦੋਵਾਂ ਦੇਸ਼ਾਂ ’ਚ 1960 ਵਿਚ ਦਸਤਖ਼ਤ ਦੱਖਣੀ ਏਸ਼ੀਆ ਵਿਚ ਕੇਵਲ 2 ਪ੍ਰਮੁੱਖ ਸੀਮਾ ਪਾਰ ਜਲ ਸੰਧੀਆਂ ’ਚੋਂ ਇਕ ਹੈ (ਦੂਜੀ 1966 ਦੀ ਗੰਧਾ ਸੰਧੀ ਹੈ), ਜਿਸ ਨੂੰ ਜਲ ਕੂਟਨੀਤੀ ਦੀ ਭਾਰਤ ਦੀ ਇਕ ਵੱਡੀ ਸਫਲਤਾਂ ਮੰਨਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਸ਼ਾਹਪੁਰਕੰਢੀ ਡੈਮ ਅਤੇ ਭਾਰਤ ਵੱਲੋਂ ਇਸ ਨੂੰ ਪੂਰਾ ਕਰਨ ’ਤੇ ਹਾਲੀਆ ਵਿਵਾਦ ਕੁਝ ਸਮੇਂ ਤੋਂ ਵੱਧ ਰਿਹਾ ਹੈ। ਸਾਲ 1960 ਵਿਚ ਹੋਈ ਇਸ ਸੰਧੀ ਅਧੀਨ ਦਰਿਆਵਾਂ ਦਾ ਪਾਣੀ ਰੋਕਣ ਲਈ ਭਾਰਤ ਸਰਕਾਰ ਨੇ ਉਦੋਂ ਪਾਕਿਸਤਾਨ ਸਰਕਾਰ ਨੂੰ 100 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ।ਦਰਅਸਲ, ਇਸ ਸਮੇਂ ਰਾਵੀ ਦਰਿਆ ਦਾ ਵਾਧੂ ਪਾਣੀ ਮਾਧੋਪੁਰ ਹੈੱਡ ਵਰਕਸ ਰਾਹੀਂ ਪਾਕਿਸਤਾਨ ਵੱਲ ਛੱਡਿਆ ਜਾਂਦਾ ਹੈ ਪਰ ਸ਼ਾਹਪੁਰਕੰਢੀ ਡੈਮ ਦੇ ਮੁਕੰਮਲ ਹੋਣ ਤੋਂ ਬਾਅਦ ਪਾਕਿਸਤਾਨ ਨੂੰ ਰਾਵੀ ਦਰਿਆ ਦੇ ਪਾਣੀ ਦੀ ਇਕ ਬੂੰਦ ਵੀ ਨਹੀਂ ਮਿਲੇਗੀ, ਜਿਸ ਕਾਰਨ ਪਾਕਿਸਤਾਨੀ ਸੂਬੇ ਪੰਜਾਬ ’ਚ ਪਾਣੀ ਦੀ ਭਾਰੀ ਕਮੀ ਹੋ ਜਾਵੇਗੀ। ਇਹ ਗੱਲ ਹੁਣ ਪਾਕਿਸਤਾਨ ਨੂੰ ਪ੍ਰੇਸ਼ਾਨ ਕਰ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਖੇਤਾਂ 'ਚ ਘੇਰ ਲਿਆ ਬਜ਼ੁਰਗ ਕਿਸਾਨ ਦਾ ਗੋਲੀਆਂ ਮਾਰ ਕੀਤਾ ਕਤਲ (ਵੀਡੀਓ)

ਇਸ ਸਬੰਧ ’ਚ ਪਾਕਿਸਤਾਨ ਦਾ ਦੋਸ਼ ਹੈ ਕਿ ਭਾਰਤ ਆਪਣੇ ਖੇਤਰ ’ਚ ਪ੍ਰਾਜੈਕਟ ਬਣਾਉਣ ’ਤੇ ਧਿਆਨ ਦੇਣ ਦੀ ਬਜਾਏ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਭਾਰਤ ਨੇ ਇਸ ਸਬੰਧੀ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੇ ਰਣਜੀਤ ਸਾਗਰ ਡੈਮ ਬਣਾਉਣ ਦੀ ਯੋਜਨਾ ਬਣਾਈ ਸੀ ਤਾਂ ਪਾਕਿਸਤਾਨ ਨੇ ਕੌਮਾਂਤਰੀ ਅਦਾਲਤ ਦਾ ਸਹਾਰਾ ਲਿਆ ਸੀ। ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੰਧੂ ਜਲ ਸੰਧੀ ’ਤੇ ਦਸਤਖਤ ਹੋਏ, ਜਿਸ ’ਚ ਭਾਰਤ ਆਪਣੇ ਖੇਤਰ ਵਿਚ ਵਹਿਣ ਵਾਲੇ ਦਰਿਆਵਾਂ ਦਾ ਪਾਣੀ ਰੋਕਣ ਲਈ ਪਾਕਿਸਤਾਨ ਨੂੰ 100 ਕਰੋੜ ਰੁਪਏ ਦਾ ਮੁਆਵਜ਼ਾ ਦੇਵੇਗਾ। ਜਿਸ ’ਤੇ ਭਾਰਤ ਨੇ ਪਾਕਿਸਤਾਨ ਨੂੰ ਇਹ ਰਕਮ ਦੇ ਕੇ ਰਣਜੀਤ ਸਾਗਰ ਡੈਮ ਦਾ ਨਿਰਮਾਣ ਪੂਰਾ ਕਰ ਲਿਆ ਪਰ ਉਦੋਂ ਪਾਕਿਸਤਾਨ ਨੇ ਇਹ ਨਹੀਂ ਸੋਚਿਆ ਕਿ 100 ਕਰੋੜ ਰੁਪਏ ਲੈ ਕੇ ਉਹ ਆਪਣੇ ਪੈਰਾਂ ਵਿਚ ਕੁਹਾੜੀ ਮਾਰ ਰਿਹਾ ਹੈ।

ਇਹ ਵੀ ਪੜ੍ਹੋ- ਭਾਰਤ ਤੋਂ ਗਏ ਸਿੱਖ ਸ਼ਰਧਾਲੂਆਂ ਨੂੰ ਬੱਸ 'ਤੇ ਨਹੀਂ ਸਗੋਂ ਰੇਲ ਰਾਹੀਂ ਪਾਕਿ ਦੇ ਧਾਰਮਿਕ ਸਥਾਨਾਂ ਦੇ ਕਰਵਾਏ ਜਾਣਗੇ ਦਰਸ਼ਨ

ਭਾਰਤ ਸਰਕਾਰ ਦੀ ਮਾਰਚ 2025 ਤੱਕ ਸ਼ਾਹਪੁਰ ਕੰਢੀ ਡੈਮ ਨੂੰ ਪੂਰਾ ਕਰਨ ਦੀ ਯੋਜਨਾ ਹੈ। ਇਸ ਡੈਮ ਦੇ ਮੁਕੰਮਲ ਹੋਣ ਨਾਲ 260 ਮੈਗਾਵਾਟ ਬਿਜਲੀ ਉਤਪਾਦਨ ਦੇ ਨਾਲ-ਨਾਲ ਰਣਜੀਤ ਸਾਗਰ ਡੈਮ ਤੋਂ 600 ਮੈਗਾਵਾਟ ਬਿਜਲੀ ਉਤਪਾਦਨ ਦੀ ਪੂਰੀ ਸਮਰੱਥਾ ਹਾਸਲ ਕੀਤੀ ਜਾ ਸਕੇਗੀ। ਜਦੋਂ ਕਿ ਸਿੰਚਾਈ ਦੇ ਕੰਮਾਂ ਲਈ ਵੀ ਇਸ ਡੈਮ ਤੋਂ ਜੰਮੂ ਤੱਕ ਉੱਚ ਪੱਧਰੀ ਨਹਿਰ ਰਾਹੀਂ ਪਾਣੀ ਦਿੱਤਾ ਜਾਣਾ ਹੈ ਅਤੇ ਜੰਮੂ-ਕਸ਼ਮੀਰ ਨੂੰ 25 ਫੀਸਦੀ ਬਿਜਲੀ ਉਤਪਾਦਨ ਮੁਫ਼ਤ ਦਿੱਤਾ ਜਾਵੇਗਾ। ਕਿਉਂਕਿ ਇਸ ਸ਼ਾਹਪੁਰ ਕੰਢੀ ਡੈਮ ਲਈ ਜ਼ਿਆਦਾਤਰ ਜ਼ਮੀਨ ਜੰਮੂ-ਕਸ਼ਮੀਰ ਰਾਜ ਤੋਂ ਲਈ ਗਈ ਹੈ। ਇਸ ਸਬੰਧੀ ਪੰਜਾਬ ਸਰਕਾਰ ਅਤੇ ਜੰਮੂ-ਕਸ਼ਮੀਰ ਦਰਮਿਆਨ ਲਿਖਤੀ ਸਮਝੌਤਾ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News