ਪੱਛਮੀ ਬੰਗਾਲ ਦੇ ਰਾਜ ਭਵਨ 'ਚ ਛੇੜਖਾਨੀ ਮਾਮਲੇ ਦੀ ਜਾਂਚ ਸ਼ੁਰੂ, ਮੰਗੀ CCTV ਫੁਟੇਜ

05/05/2024 11:59:37 AM

ਕੋਲਕਾਤਾ (ਭਾਸ਼ਾ) - ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ’ਤੇ ਰਾਜ ਭਵਨ ਦੀ ਇਕ ਠੇਕੇ ’ਤੇ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਉਸ ਨੇ ਮਾਮਲੇ ਸਬੰਧੀ ਹਰੇ ਸਟਰੀਟ ਥਾਣੇ ’ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਕੋਲਕਾਤਾ ਪੁਲਸ ਨੇ ਵੀ ਜਾਂਚ ਟੀਮ ਬਣਾਈ ਹੈ। ਨਿਊਜ਼ ਏਜੰਸੀ ਨੇ ਇਕ ਸੀਨੀਅਰ ਪੁਲਸ ਅਫਸਰ ਦੇ ਹਵਾਲੇ ਤੋਂ ਸ਼ਨੀਵਾਰ ਨੂੰ ਦੱਸਿਆ ਕਿ ਅਸੀਂ ਇਕ ਜਾਂਚ ਟੀਮ ਬਣਾਈ ਹੈ ਜੋ ਅਗਲੇ ਕੁਝ ਦਿਨਾਂ ਵਿਚ ਇਸ ਮਾਮਲੇ ’ਤੇ ਕੁਝ ਸੰਭਾਵੀ ਗਵਾਹਾਂ ਨਾਲ ਗੱਲ ਕਰੇਗੀ। ਅਸੀਂ ਰਾਜ ਭਵਨ ਤੋਂ ਸੀ. ਸੀ. ਟੀ. ਵੀ. ਫੁਟੇਜ ਮੁਹੱਈਆ ਕਰਵਾਉਣ ਦੀ ਵੀ ਅਪੀਲ ਕੀਤੀ ਹੈ।

ਵਿਸ਼ੇਸ਼ ਜਾਂਚ ਟੀਮ ਨੇ ਰਾਜਪਾਲ ਬੋਸ ਖਿਲਾਫ ਲਗਾਏ ਗਏ ਦੋਸ਼ਾਂ ’ਤੇ ਪੁੱਛਗਿੱਛ ਲਈ ਕੋਲਕਾਤਾ ਰਾਜ ਭਵਨ ਦੇ 4 ਮੁਲਾਜ਼ਮਾਂ ਨੂੰ ਤਲਬ ਕੀਤਾ ਹੈ। ਸੰਵਿਧਾਨ ਦੀ ਧਾਰਾ 361 ਦੇ ਤਹਿਤ ਰਾਜਪਾਲ ਦੇ ਕਾਰਜਕਾਲ ਦੌਰਾਨ ਉਸ ਦੇ ਖਿਲਾਫ ਕੋਈ ਅਪਰਾਧਿਕ ਕਾਰਵਾਈ ਨਹੀਂ ਕੀਤੀ ਜਾ ਸਕਦੀ। ਰਾਜ ਭਵਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਬੋਸ ਨੇ ਚੋਣਾਂ ਦੌਰਾਨ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਇਕ ਅਣਅਧਿਕਾਰਤ, ਗੈਰ-ਕਾਨੂੰਨੀ, ਧੋਖਾਦੇਹੀ ਅਤੇ ਪ੍ਰੇਰਿਤ ਜਾਂਚ ਦੀ ਆੜ ਵਿਚ ਰਾਜ ਭਵਨ ’ਚ ਪੁਲਸ ਦੇ ਦਾਖਲੇ ’ਤੇ ਪਾਬੰਦੀ ਦੇ ਹੁਕਮ ਦਿੱਤੇ ਹਨ।

ਟੀ. ਐੱਮ. ਸੀ. ਕਿਹਾ- ਕੀ ਮੋਦੀ ਜੀ ਰਾਜਪਾਲ ਕੋਲੋਂ ਮੰਗਣਗੇ ਸਪੱਸ਼ਟੀਕਰਨ?

ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਔਰਤ ਦੇ ਦੋਸ਼ਾਂ ਨੂੰ ਲੈ ਕੇ ਵੀਡੀਓ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ’ਤੇ ਗੰਭੀਰ ਦੋਸ਼ ਲਾਇਆ ਗਿਆ ਹੈ। ਇੱਕ ਔਰਤ ਰਾਜ ਭਵਨ ਅੰਦਰ ਗਈ ਤਾਂ ਰਾਜਪਾਲ ਬੋਸ ਨੇ ਉਸ ਨਾਲ ਛੇੜਛਾੜ, ਸੈਕਸ ਸ਼ੋਸ਼ਣ ਤੇ ਦੁਰਵਿਵਹਾਰ ਕੀਤਾ। ਔਰਤ ਨੇ ਹੁਣ ਥਾਣੇ ’ਚ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲਕਾਤਾ ਪਹੁੰਚਣ ’ਤੇ ਇਹ ਗੰਭੀਰ ਦੋਸ਼ ਲਾਏ ਗਏ। ਕੀ ਮੋਦੀ ਜੀ ਰਾਜਪਾਲ ਤੋਂ ਸਪੱਸ਼ਟੀਕਰਨ ਮੰਗਣਗੇ? ਕੀ ਮੋਦੀ ਜੀ ਪੁੱਛਣਗੇ ਕਿ ਰਾਜ ਭਵਨ ’ਚ ਅਜਿਹੀ ਘਟਨਾ ਕਿਵੇਂ ਵਾਪਰੀ?

ਕੀ ਪੁਲਸ ਰਾਜਪਾਲ ਖਿਲਾਫ ਕਾਰਵਾਈ ਕਰ ਸਕਦੀ ਹੈ?

ਪੁਲਸ ਰਾਜਪਾਲ ਵਿਰੁੱਧ ਅਪਰਾਧਿਕ ਕਾਰਵਾਈ ਸ਼ੁਰੂ ਨਹੀਂ ਕਰ ਸਕਦੀ ਕਿਉਂਕਿ ਰਾਜਪਾਲ ਨੂੰ ਸੰਵਿਧਾਨਕ ਛੋਟ ਹੈ। ਸੰਵਿਧਾਨ ਦੇ ਅਾਰਟੀਕਲ 361(2) ਅਧੀਨ ਰਾਸ਼ਟਰਪਤੀ ਤੇ ਕਿਸੇ ਸੂਬੇ ਦੇ ਰਾਜਪਾਲ ਵਿਰੁੱਧ ਕਾਰਜਕਾਲ ਦੌਰਾਨ ਕਿਸੇ ਵੀ ਅਦਾਲਤ ’ਚ ਕੋਈ ਅਪਰਾਧਿਕ ਕਾਰਵਾਈ ਸ਼ੁਰੂ ਨਹੀਂ ਕੀਤੀ ਜਾ ਸਕਦੀ।


Harinder Kaur

Content Editor

Related News