ਕਿਸਾਨ ਅੰਦੋਲਨ ਨੇ ਰੇਲਵੇ ਵਾਲਿਆਂ ਦੀ ਬਣਾਈ ਰੇਲ, ਹਰ 10 ਮਿੰਟ ਬਾਅਦ ਲੰਘ ਰਹੀ ਸਟੇਸ਼ਨ ਤੋਂ Train

Monday, Apr 29, 2024 - 03:40 PM (IST)

ਚੰਡੀਗੜ੍ਹ (ਲਲਨ) : ਕਿਸਾਨਾਂ ਦੇ ਧਰਨੇ ਕਾਰਨ ਜਿੱਥੇ ਰੇਲਾਂ ਪ੍ਰਭਾਵਿਤ ਹੋ ਰਹੀਆਂ ਹਨ, ਉੱਥੇ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਆਵਾਜਾਈ ਵੀ ਕਾਫ਼ੀ ਵੱਧ ਗਈ ਹੈ। ਹੁਣ ਹਰ 10 ਮਿੰਟ ਬਾਅਦ 1 ਰੇਲ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਲੰਘ ਰਹੀ ਹੈ, ਜਿਸ ’ਚ ਪੈਸੰਜਰ ਅਤੇ ਮਾਲ ਗੱਡੀਆਂ ਸ਼ਾਮਲ ਹਨ। ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਅੰਬਾਲਾ ਮੰਡਲ ਦੀਆਂ 68 ਰੇਲਾਂ ਤਿੰਨ ਦਿਨਾਂ ਲਈ ਰੱਦ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ’ਚ ਚੰਡੀਗੜ੍ਹ ਦੀਆਂ 12 ਰੇਲਾਂ ਵੀ ਸ਼ਾਮਲ ਹਨ। 67 ਰੇਲਾਂ ਨੂੰ ਸਾਹਨੇਵਾਲ ਵਾਇਆ ਚੰਡੀਗੜ੍ਹ ਡਾਇਵਰਟ ਕੀਤਾ ਗਿਆ ਹੈ। ਇਹ ਰੇਲਾਂ 29 ਅਪ੍ਰੈਲ ਤੋਂ 1 ਮਈ ਤੱਕ ਚੰਡੀਗੜ੍ਹ ਰੇਲਵੇ ਸਟੇਸ਼ਨ ਹੁੰਦੇ ਹੋਏ ਅੰਬਾਲਾ ਜਾਣਗੀਆਂ। ਸੂਤਰਾਂ ਅਨੁਸਾਰ ਜੇ ਜਲਦੀ ਹੀ ਮਾਮਲਾ ਹੱਲ ਨਾ ਹੋਇਆ ਤਾਂ ਭਵਿੱਖ ’ਚ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਰੱਦ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਐਨਕਾਊਂਟਰ, ਦੋਹਾਂ ਪਾਸਿਓਂ ਚੱਲੀਆਂ ਠਾਹ-ਠਾਹ ਗੋਲੀਆਂ, ਲੋਕਾਂ 'ਚ ਦਹਿਸ਼ਤ

ਪਹਿਲਾਂ ਚੰਡੀਗੜ੍ਹ ਤੋਂ ਰੋਜ਼ਾਨਾ 25 ਦੇ ਕਰੀਬ ਰੇਲ ਗੱਡੀਆਂ ਚੱਲਦੀਆਂ ਸਨ ਪਰ ਹੁਣ 100 ਤੋਂ ਵੱਧ ਰੇਲਾਂ ਲੰਘ ਰਹੀਆਂ ਹਨ। ਸਥਿਤੀ ਇਹ ਹੈ ਕਿ ਕਈ ਵਾਰ ਰੇਲਵੇ ਸਟੇਸ਼ਨ ਦੇ ਉੱਚ ਅਧਿਕਾਰੀਆਂ ਨੂੰ ਵੀ ਟ੍ਰੈਫਿਕ ਕੰਟਰੋਲ ਅਤੇ ਸਿਗਨਲ ਦਾ ਕੰਮ ਕਰਨਾ ਪੈ ਰਿਹਾ ਹੈ। ਸਟੇਸ਼ਨ ’ਤੇ ਪਹਿਲਾਂ ਹੀ ਸਟਾਫ਼ ਦੀ ਘਾਟ ਹੈ, ਇਸ ਤੋਂ ਇਲਾਵਾ ਕੰਮ ਦਾ ਬੋਝ ਵਧਣ ਕਾਰਨ ਕੰਮ ਕਾਫ਼ੀ ਵੱਧ ਗਿਆ ਹੈ। ਇਸ ਨਾਲ ਯਾਤਰੀਆਂ ਦੀ ਗਿਣਤੀ ’ਚ ਵੀ ਕਾਫ਼ੀ ਵਾਧਾ ਹੋਇਆ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪਲੇਟਫਾਰਮਾਂ ਦੀ ਗਿਣਤੀ 6 ਹੈ। ਇਸ ਕਾਰਨ ਡਾਈਵਰਟ ਕੀਤੀਆਂ ਰੇਲਾਂ ਲਈ ਪਲੇਟਫਾਰਮ ਨੂੰ ਖ਼ਾਲੀ ਰੱਖਣਾ ਅਧਿਕਾਰੀਆਂ ਲਈ ਸਿਰਦਰਦੀ ਬਣ ਗਿਆ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ 25 ਦੇ ਕਰੀਬ ਰੇਲਾਂ ਚੱਲਦੀਆਂ ਹਨ ਪਰ ਕਿਸਾਨਾਂ ਵੱਲੋਂ ਸ਼ੰਭੂ ਬੈਰੀਅਰ ’ਤੇ ਰੇਲਵੇ ਟਰੈਕ ’ਤੇ ਜਾਮ ਲਾਉਣ ਕਾਰਨ ਰੇਲਾਂ ਨੂੰ ਵਾਇਆ ਚੰਡੀਗੜ੍ਹ ਚਲਾਇਆ ਜਾ ਰਿਹਾ ਹੈ। ਇਨ੍ਹਾਂ ’ਚ ਵੱਡੀ ਗਿਣਤੀ ਲੁਧਿਆਣਾ ਅਤੇ ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਰੇਲਾਂ ਦੀ ਹੈ। ਇਸ ਦੇ ਨਾਲ ਹੀ ਕਾਲਕਾ ਦੀਆਂ ਸਾਰੀਆਂ ਰੇਲਾਂ ਚੰਡੀਗੜ੍ਹ ਹੋ ਕੇ ਜਾਂਦੀਆਂ ਹਨ। ਇਹੋ ਕਾਰਨ ਹੈ ਕਿ ਹੁਣ ਰੋਜ਼ਾਨਾ 115 ਤੋਂ ਵੱਧ ਰੇਲਾਂ ਚੰਡੀਗੜ੍ਹ ਤੋਂ ਲੰਘ ਰਹੀਆਂ ਹਨ। ਮਾਲ ਗੱਡੀ ਨੂੰ ਵੀ ਪਲੇਟਫਾਰਮ ਅਤੇ ਟਰੈਕ ਖ਼ਾਲੀ ਮਿਲਣਾ ਚਾਹੀਦਾ ਹੈ ਕਿਉਂਕਿ ਅੰਮ੍ਰਿਤਸਰ, ਲੁਧਿਆਣਾ ਅਤੇ ਜੰਮੂ ਤੱਕ ਦੀਆਂ ਰੇਲਾਂ ਵਾਇਆ ਚੰਡੀਗੜ੍ਹ ਹੋ ਕੇ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਹਾਦਸਾ, ਪੂਰੇ ਪਰਿਵਾਰ ਸਣੇ ਨਹਿਰ 'ਚ ਡਿੱਗੀ ਕਾਰ, ਦੇਖੋ ਮੌਕੇ ਦੀ ਵੀਡੀਓ
10-10 ਘੰਟੇ ਲੇਟ ਹੋ ਰਹੀਆਂ ਰੇਲਾਂ
ਰੇਲਾਂ ਡਾਇਵਰਟ ਹੋਣ ਕਾਰਨ ਵਾਇਆ ਚੰਡੀਗੜ੍ਹ ਅਤੇ ਮੋਹਾਲੀ ਹੁੰਦੇ ਹੋਏ ਅੰਬਾਲਾ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਖਰੜ-ਚੰਡੀਗੜ੍ਹ ਵਿਚਕਾਰ ਸਿੰਗਲ ਟਰੈਕ ਹੈ। ਇਸ ਕਾਰਨ ਊਨਾ, ਅੰਮ੍ਰਿਤਸਰ ਅਤੇ ਲੁਧਿਆਣਾ ਦੀਆਂ ਰੇਲਾਂ ਵੀ ਇਸੇ ਟਰੈਕ ਤੋਂ ਲੰਘ ਰਹੀਆਂ ਹਨ, ਜਿਸ ਕਾਰਨ ਉਹ ਤੈਅ ਸਮੇਂ ਤੋਂ 10-10 ਘੰਟੇ ਲੇਟ ਹੋ ਰਹੀਆਂ ਹਨ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਰੜ-ਚੰਡੀਗੜ੍ਹ ਦਰਮਿਆਨ ਰੇਲਾਂ ਜ਼ਿਆਦਾ ਲੇਟ ਹੋ ਰਹੀਆਂ ਹਨ। ਪੈਸੰਜਰ ਰੇਲਾਂ ਦੇ ਨਾਲ-ਨਾਲ ਮਾਲ ਗੱਡੀਆਂ ਵੀ ਇਸੇ ਟ੍ਰੈਕ ਤੋਂ ਲੰਘਦੀਆਂ ਹਨ, ਜਿਸ ਕਾਰਨ ਰੇਲਾਂ ਲੇਟ ਹੋ ਰਹੀਆਂ ਹਨ।
68 ਰੇਲਾਂ ਰਹਿਣਗੀਆਂ ਰੱਦ
ਰੇਲਵੇ ਨੇ 29 ਅਪ੍ਰੈਲ ਤੋਂ 1 ਮਈ ਤੱਕ ਕਰੀਬ 68 ਰੇਲਾਂ ਰੱਦ ਕਰਨ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਨ੍ਹਾਂ ਯਾਤਰੀਆਂ ਨੇ ਬੁਕਿੰਗ ਕਰਵਾਈ ਹੈ, ਉਹ ਰਿਜ਼ਰਵੇਸ਼ਨ ਕਾਊਂਟਰ ਤੋਂ ਰਿਫੰਡ ਲੈ ਸਕਦੇ ਹਨ। ਆਨਲਾਈਨ ਬੁਕਿੰਗ ਕਰਨ ਵਾਲੇ ਯਾਤਰੀਆਂ ਦਾ ਰਿਫੰਡ ਆਪਣੇ ਆਪ ਹੀ ਉਨ੍ਹਾਂ ਦੇ ਸਬੰਧਤ ਖਾਤਿਆਂ ’ਚ ਕ੍ਰੈਡਿਟ ਹੋ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


Babita

Content Editor

Related News