3 ਦਿਨਾਂ ਲਈ ਰੱਦ ਰਹਿਣਗੀਆਂ ਕੈਂਟ ਤੇ ਸਿਟੀ ਸਟੇਸ਼ਨ ਤੋਂ ਲੰਘਣ ਵਾਲੀਆਂ 2 ਦਰਜਨ ਮਹੱਤਵਪੂਰਨ ਗੱਡੀਆਂ
Wednesday, May 08, 2024 - 04:38 PM (IST)
ਜਲੰਧਰ (ਪੁਨੀਤ)–ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਰੋਜ਼ਾਨਾ 100 ਤੋਂ ਵੱਧ ਗੱਡੀਆਂ ਦੇ ਰੂਟ ਡਾਇਵਰਟ ਕਰਨੇ ਪੈ ਰਹੇ ਹਨ, ਜਿਸ ਨਾਲ ਰੇਲਵੇ ਟਰੈਕ ਬਿਜ਼ੀ ਹੋ ਰਹੇ ਹਨ ਅਤੇ ਗੱਡੀਆਂ ਨਿਰਧਾਰਿਤ ਸਮੇਂ ਤੋਂ ਲੇਟ ਪਹੁੰਚ ਰਹੀਆਂ ਹਨ। ਇਸੇ ਕੜੀ ਵਿਚ ਬੀਤੇ ਦਿਨ 12029 ਸੁਪਰਫਾਸਟ ਸ਼ਤਾਬਦੀ ਤੋਂ ਲੈ ਕੇ 12203 ਗਰੀਬ ਰੱਥ ਵਰਗੀਆਂ ਕਈ ਟਰੇਨਾਂ 5 ਘੰਟੇ ਦੀ ਦੇਰੀ ਨਾਲ ਰੇਲਵੇ ਸਟੇਸ਼ਨ ’ਤੇ ਪੁੱਜੀਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਟਰੈਕ ਪ੍ਰਭਾਵਿਤ ਹੋਣ ਕਾਰਨ ਰੇਲਵੇ ਵੱਲੋਂ ਗੱਡੀਆਂ ਨੂੰ ਰੱਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਦੂਜੇ ਬਦਲ ਲੱਭਣੇ ਪੈ ਰਹੇ ਹਨ। ਇਸੇ ਕੜੀ ਵਿਚ ਜਲੰਧਰ ਸਿਟੀ ਅਤੇ ਕੈਂਟ ਸਟੇਸ਼ਨ ਨਾਲ ਸਬੰਧਤ 2 ਦਰਜਨ ਟਰੇਨਾਂ ਨੂੰ 2-3 ਦਿਨਾਂ ਲਈ ਰੱਦ ਕੀਤਾ ਗਿਆ ਹੈ।
10 ਮਈ ਤਕ ਲਈ ਰੱਦ ਕੀਤੀਆਂ ਗਈਆਂ ਗੱਡੀਆਂ ਦੀ ਸੂਚੀ ਦੇ ਮੁਤਾਬਕ 14033-14034 (ਪੁਰਾਣੀ ਦਿੱਲੀ-ਕਟੜਾ), 12441-12442 (ਚੰਡੀਗੜ੍ਹ-ਅੰਮ੍ਰਿਤਸਰ), 12497-12498 (ਨਵੀਂ ਦਿੱਲੀ ਸ਼ਾਨ-ਏ-ਪੰਜਾਬ), 22429-22430 (ਦਿੱਲੀ-ਪਠਾਨਕੋਟ), 12459-12460 (ਨਵੀਂ ਦਿੱਲੀ-ਅੰਮ੍ਰਿਤਸਰ),12053-12054 (ਹਰਿਦੁਆਰ-ਅੰਮ੍ਰਿਤਸਰ), 12411-12412 (ਚੰਡੀਗੜ੍ਹ-ਅੰਮ੍ਰਿਤਸਰ) ਆਦਿ ਟਰੇਨਾਂ ਸ਼ਾਮਲ ਹਨ। ਟਰੇਨਾਂ ਦੇ ਪ੍ਰਭਾਵਿਤ ਹੋਣ ਕਾਰਨ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਇਸ ਕਾਰਨ ਲੋਕਾਂ ਦੀਆਂ ਕਤਾਰਾਂ ਇਨਕੁਆਰੀ ਕਾਊਂਟਰ ’ਤੇ ਦੇਖਣ ਨੂੰ ਮਿਲ ਰਹੀਆਂ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਜਿਹੜੀ ਗੱਡੀ 2 ਘੰਟੇ ਦੀ ਦੇਰੀ ਨਾਲ ਆ ਰਹੀ ਹੁੰਦੀ ਹੈ, ਜਲੰਧਰ ਪਹੁੰਚਣ ਤਕ ਉਹ 3 ਘੰਟੇ ਲੇਟ ਹੋ ਜਾਂਦੀ ਹੈ। ਇਸ ਲਈ ਵਾਰ-ਵਾਰ ਇਨਕੁਆਰੀ ਕਾਊਂਟਰ ਤੋਂ ਜਾਣਕਾਰੀ ਇਕੱਠੀ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ- ਜਲੰਧਰ 'ਚ ਨਾਜਾਇਜ਼ ਸੰਬੰਧਾਂ ਦੇ ਸ਼ੱਕ 'ਚ ਹੋਇਆ ਵਿਅਕਤੀ ਦਾ ਕਤਲ, ਬੈੱਡ 'ਚੋਂ ਨਗਨ ਹਾਲਤ 'ਚ ਮਿਲੀ ਲਾਸ਼
ਜਲੰਧਰ-ਦਿੱਲੀ ਅੱਪ-ਡਾਊਨ ਵਾਲੀ ਗੱਡੀ ਵੀ ਰੱਦ
ਗੱਡੀ ਨੰਬਰ 14681-14682 ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਜਲੰਧਰ ਸਿਟੀ ਦੇ ਰੇਲਵੇ ਸਟੇਸ਼ਨ ’ਤੇ ਚੱਲਦੀ ਹੈ। ਇਹ ਜਲੰਧਰ ਤੋਂ ਦਿੱਲੀ ਜਾਣ ਵਾਲੀ ਮਹੱਤਵਪੂਰਨ ਟਰੇਨ ਹੈ, ਜਿਹੜੀ ਕਿ ਜਲੰਧਰ ਤੋਂ ਬਣ ਕੇ ਚੱਲਦੀ ਹੈ ਅਤੇ ਇਥੇ ਆ ਕੇ ਇਸ ਗੱਡੀ ਦਾ ਰੂਟ ਸਮਾਪਤ ਹੁੰਦਾ ਹੈ। ਮੁੱਖ ਤੌਰ ’ਤੇ ਜਿਹੜੀ ਗੱਡੀ ਜਿਸ ਸਟੇਸ਼ਨ ਤੋਂ ਬਣ ਕੇ ਚੱਲਦੀ ਹੈ, ਉਸ ਸ਼ਹਿਰ ਦੇ ਲੋਕਾਂ ਨੂੰ ਗੱਡੀ ਦਾ ਵਿਸ਼ੇਸ਼ ਲਾਭ ਹੁੰਦਾ ਹੈ ਅਤੇ ਸੀਟਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਬਣ ਕੇ ਚੱਲਣ ਵਾਲੀ ਗੱਡੀ ਵਿਚ ਬਿਨਾਂ ਬੁਕਿੰਗ ਦੇ ਸੀਟਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇਸ ਗੱਡੀ ਨੂੰ ਜਲੰਧਰ-ਦਿੱਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਕਤ ਗੱਡੀ ਵੀ 8 ਤੋਂ 10 ਮਈ ਤਕ ਰੱਦ ਰਹੇਗੀ। ਇਸ ਗੱਡੀ ਨੂੰ ਮੁੱਖ ਤੌਰ ’ਤੇ ਮੱਧ ਵਰਗ ਦੇ ਲੋਕਾਂ ਵੱਲੋਂ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਲੋਕਾਂ ਦੀ ਮੰਗ ਹੈ ਕਿ ਇਸ ਗੱਡੀ ਨੂੰ ਚਲਾਉਣ ਦਾ ਪ੍ਰਬੰਧ ਵਿਭਾਗ ਨੂੰ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਇਕ ਮਹੀਨਾ ਪਹਿਲਾਂ ਇਟਲੀ ਗਏ ਟਾਂਡਾ ਦੇ ਵਿਅਕਤੀ ਦੀ ਮੌਤ
ਹਾਵੜਾ ਤੇ ਟਾਟਾ ਸਮੇਤ ਕਈ ਟਰੇਨਾਂ ਡਾਇਵਰਟ
ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਅੰਬਾਲਾ ਤੋਂ ਅੱਗੇ ਆਉਣ ਵਾਲੀਆਂ ਟਰੇਨਾਂ ਦੀ ਆਵਾਜਾਈ ਨੂੰ ਲੈ ਕੇ ਵਿਭਾਗ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆ ਰਹੀਆਂ ਹਨ। ਟਰੈਕ ਬਿਜ਼ੀ ਹੋਣ ਕਾਰਨ ਗੱਡੀਆਂ ਲੇਟ ਹੋ ਰਹੀਆਂ ਹਨ ਅਤੇ ਖਮਿਆਜ਼ਾ ਯਾਤਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਸੇ ਤਰ੍ਹਾਂ ਨਾਲ ਜਿਹੜੀਆਂ ਟਰੇਨਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ, ਉਨ੍ਹਾਂ ਵਿਚ ਟਰੇਨ ਨੰਬਰ 12013 (ਨਵੀਂ ਦਿੱਲੀ-ਅੰਮ੍ਰਿਤਸਰ), 18103 (ਟਾਟਾ-ਅੰਮ੍ਰਿਤਸਰ), 13006 (ਹਾਵੜਾ-ਅੰਮ੍ਰਿਤਸਰ) ਸਮੇਤ 100 ਤੋਂ ਵੱਧ ਟਰੇਨਾਂ ਸ਼ਾਮਲ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਗਰਮੀ ਕਢਾ ਰਹੀ ਵੱਟ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਜਾਣੋ ਅਗਲੇ ਦਿਨਾਂ ਦੇ ਮੌਸਮ ਦਾ ਹਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8