ਅੰਮ੍ਰਿਤਸਰ, ਚੰਡੀਗੜ੍ਹ, ਦਿੱਲੀ ਤੇ ਕਟੜਾ ਸਣੇ ਕੈਂਟ ਤੇ ਸਿਟੀ ਸਟੇਸ਼ਨ ਦੀਆਂ 2 ਦਰਜਨ ਟਰੇਨਾਂ ਕੱਲ੍ਹ ਤਕ ਰਹਿਣਗੀਆਂ ਰੱਦ
Friday, May 03, 2024 - 01:53 PM (IST)
ਜਲੰਧਰ (ਪੁਨੀਤ)–ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਟਰੇਨਾਂ ਦਾ ਪ੍ਰਭਾਵਿਤ ਹੋਣਾ ਬਾਦਸਤੂਰ ਜਾਰੀ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਇਸੇ ਸਿਲਸਿਲੇ ਵਿਚ ਸੁਪਰ ਫਾਸਟ ਦੀ ਸ਼੍ਰੇਣੀ ਵਿਚ ਆਉਣ ਵਾਲੀ ਸ਼ਤਾਬਦੀ ਆਪਣੇ ਨਿਰਧਾਰਿਤ ਸਮੇਂ ਤੋਂ ਕਈ ਘੰਟਿਆਂ ਦੀ ਦੇਰੀ ਨਾਲ ਸਿਟੀ ਸਟੇਸ਼ਨ ’ਤੇ ਪਹੁੰਚ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਉਠਾਉਣੀਆਂ ਪੈ ਰਹੀਆਂ ਹਨ। ਦੂਜੇ ਪਾਸੇ ਸਵਰਾਜ ਐਕਸਪ੍ਰੈੱਸ ਸਵਾ 3 ਘੰਟੇ, ਹੀਰਾਕੁੰਡ ਐਕਸਪ੍ਰੈੱਸ 3 ਘੰਟੇ, ਸੱਚਖੰਡ ਐਕਸਪ੍ਰੈੱਸ 4 ਘੰਟੇ, ਆਮਰਪਾਲੀ ਐਕਸਪ੍ਰੈੱਸ 3 ਘੰਟੇ 30 ਮਿੰਟ ਦੀ ਦੇਰੀ ਨਾਲ ਚੱਲ ਰਹੀ ਹੈ। ਟਰੇਨਾਂ ਦੇ ਲੇਟ ਹੋਣ ਕਾਰਨ ਆਉਣ-ਜਾਣ ਵਾਲੇ ਯਾਤਰੀਆਂ ਨੂੰ ਲੰਮੇ ਸਮੇਂ ਤਕ ਸਟੇਸ਼ਨ ’ਤੇ ਉਡੀਕ ਕਰਦਿਆਂ ਵੇਖਿਆ ਗਿਆ। ਲੋਕ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੀ ਇਸ ਸਮੱਸਿਆ ਸਬੰਧੀ ਉਚਿਤ ਕਦਮ ਚੁੱਕੇ ਜਾਣ ਤਾਂ ਕਿ ਉਨ੍ਹਾਂ ਨੂੰ ਰਾਹਤ ਮਿਲ ਸਕੇ।
ਦੂਜੇ ਪਾਸੇ ਟਰੇਨਾਂ ਦੇ ਰੱਦ ਹੋਣ ਦਾ ਸਿਲਸਿਲਾ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗਾ। ਰੇਲਵੇ ਵੱਲੋਂ 50 ਦੇ ਲਗਭਗ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ। ਇਨ੍ਹਾਂ ਵਿਚ 2 ਦਰਜਨ ਦੇ ਲਗਭਗ ਟਰੇਨਾਂ ਜਲੰਧਰ ਅਤੇ ਕੈਂਟ ਸਟੇਸ਼ਨ ਨਾਲ ਸਬੰਧਤ ਹਨ, ਜੋ ਕਿ 4 ਮਈ ਤਕ ਰੱਦ ਰਹਿਣਗੀਆਂ। ਵਿਭਾਗ ਵੱਲੋਂ ਭੇਜੀ ਗਈ ਸੂਚੀ ਮੁਤਾਬਕ 3 ਅਤੇ 4 ਮਈ ਨੂੰ ਰੱਦ ਕੀਤੀਆਂ ਗਈਆਂ ਟਰੇਨਾਂ ਵਿਚ ਟਰੇਨ ਨੰਬਰ 14681-14682 (ਜਲੰਧਰ ਸਿਟੀ-ਨਵੀਂ ਦਿੱਲੀ), 04689-04690 (ਜਲੰਧਰ ਸਿਟੀ-ਅੰਬਾਲਾ), 14033-14034 (ਪੁਰਾਣੀ ਦਿੱਲੀ-ਮਾਤਾ ਵੈਸ਼ਨੋ ਦੇਵੀ ਕਟੜਾ), 12497-12498 (ਨਵੀਂ ਦਿੱਲੀ-ਅੰਮ੍ਰਿਤਸਰ), 22429-22430 (ਪੁਰਾਣੀ ਦਿੱਲੀ-ਪਠਾਨਕੋਟ), 12459-12460 (ਨਵੀਂ ਦਿੱਲੀ-ਅੰਮ੍ਰਿਤਸਰ), 12053-12054 (ਹਰਿਦੁਆਰ-ਅੰਮ੍ਰਿਤਸਰ), 14653-14654 (ਹਿਸਾਰ-ਅੰਮ੍ਰਿਤਸਰ), 12411-12412 (ਚੰਡੀਗੜ੍ਹ-ਅੰਮ੍ਰਿਤਸਰ), 12241-12242 (ਅੰਮ੍ਰਿਤਸਰ-ਚੰਡੀਗੜ੍ਹ) ਆਦਿ ਟਰੇਨਾਂ ਸ਼ਾਮਲ ਹਨ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਰੇਲਵੇ ਵੱਲੋਂ ਬੀਤੇ ਦਿਨ ਵੀ 80 ਦੇ ਲਗਭਗ ਟਰੇਨਾਂ ਨੂੰ ਵੱਖ-ਵੱਖ ਰੂਟਾਂ ਜ਼ਰੀਏ ਅੱਗੇ ਰਵਾਨਾ ਕੀਤਾ ਗਿਆ। ਇਸ ਕਾਰਨ ਵੱਖ-ਵੱਖ ਟਰੇਨਾਂ 10 ਘੰਟਿਆਂ ਦੀ ਦੇਰੀ ਨਾਲ ਸਟੇਸ਼ਨਾਂ ’ਤੇ ਪਹੁੰਚ ਰਹੀਆਂ ਹਨ।
ਇਹ ਵੀ ਪੜ੍ਹੋ- ਹਾਦਸੇ ਨੇ ਉਜਾੜੀਆਂ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ, 7 ਮਹੀਨੇ ਦੀ ਬੱਚੀ ਦੀ ਹੋਈ ਦਰਦਨਾਕ ਮੌਤ
ਗਰਮੀ ਦੇ ਵਿਚਕਾਰ ਬੱਚਿਆਂ ਨਾਲ ਵਧ ਰਹੀ ਪ੍ਰੇਸ਼ਾਨੀ
ਗਰਮੀ ਲਗਾਤਾਰ ਵਧ ਰਹੀ ਹੈ ਅਤੇ ਇਸ ਮੌਸਮ ਵਿਚ ਲੋਕਾਂ ਨੂੰ ਸਟੇਸ਼ਨ ’ਤੇ ਘੰਟਿਆਂਬੱਧੀ ਉਡੀਕ ਕਰਨੀ ਪੈ ਰਹੀ ਹੈ, ਜੋ ਕਿ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਕਈ ਲੋਕਾਂ ਨੂੰ ਛੋਟੇ ਬੱਚਿਆਂ ਨਾਲ ਗਰਮੀ ਵਿਚ ਉਡੀਕ ਕਰਦਿਆਂ ਦੇਖਿਆ ਗਿਆ। ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਪਰਿਵਾਰ ਜਲੰਧਰ ਵਿਚ ਕਿਸੇ ਕੰਮ ਦੇ ਸਿਲਸਿਲੇ ਵਿਚ ਆਇਆ ਹੋਇਆ ਸੀ। ਵਾਪਸ ਜਾਣ ਵਾਲੇ ਸੰਤੋਸ਼ ਚੌਧਰੀ ਅਤੇ ਉਨ੍ਹਾਂ ਦੀ ਪਤਨੀ ਕੁਲਵੰਤ 8 ਮਹੀਨਿਆਂ ਦੇ ਬੱਚੇ ਨਾਲ ਸਫਰ ਕਰ ਰਹੇ ਸਨ। ਉਨ੍ਹਾਂ ਅੰਮ੍ਰਿਤਸਰ-ਦਿੱਲੀ ਐਕਸਪ੍ਰੈੱਸ ਟਰੇਨ ਜ਼ਰੀਏ ਅੱਗੇ ਜਾਣਾ ਸੀ ਪਰ ਟਰੇਨਾਂ ਲੇਟ ਹੋਣ ਕਾਰਨ ਉਹ 2 ਘੰਟੇ ਤਕ ਸਟੇਸ਼ਨ ’ਤੇ ਉਡੀਕ ਕਰਦੇ ਰਹੇ।
ਟਰੇਨਾਂ ਦੇ ਲੇਟ ਹੋਣ ਦੀ ਸਥਿਤੀ ਵਿਚ ਸਹਿਯੋਗ ਦੀ ਮੰਗ
ਦੂਜੇ ਪਾਸੇ ਇਸ ਦੌਰਾਨ ਦੇਖਣ ਵਿਚ ਆਇਆ ਕਿ ਦੂਜੀ ਟਰੇਨ ਦੇ ਲੇਟ ਹੋਣ ਕਾਰਨ ਇਕ ਯਾਤਰੀ ਵੱਲੋਂ ਸ਼ਤਾਬਦੀ ਵਿਚ ਚੜ੍ਹਨ ਦੀ ਕੋਸ਼ਿਸ਼ ਕੀਤੀ ਗਈ ਪਰ ਟਰੇਨ ਦੇ ਸਟਾਫ ਵੱਲੋਂ ਉਕਤ ਯਾਤਰੀ ਨੂੰ ਟਰੇਨ ਵਿਚ ਚੜ੍ਹਨ ਤੋਂ ਰੋਕ ਦਿੱਤਾ ਗਿਆ। ਲੋਕਾਂ ਦੀ ਮੰਗ ਹੈ ਕਿ ਦੂਜੀਆਂ ਟਰੇਨਾਂ ਦੇ ਲੇਟ ਹੋਣ ਦੀ ਸਥਿਤੀ ਵਿਚ ਰੇਲਵੇ ਦੇ ਸਟਾਫ਼ ਨੂੰ ਸਹਿਯੋਗ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਆਈ ਸਾਹਮਣੇ, ਅਪ੍ਰੈਲ ’ਚ ਘੱਟ ਪਈ ਗਰਮੀ, ਜਾਣੋ ਅਗਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8