ਫਿਰੋਜ਼ਪੁਰ ''ਚ ਫੈਲਿਆ ਰਿਹਾ ਸਾਰਾ ਦਿਨ ਪ੍ਰਦੂਸ਼ਿਤ ਧੂੰਆਂ, ਨਹੀਂ ਨਿਕਲੀ ਧੁੱਪ

Tuesday, Oct 31, 2017 - 12:17 AM (IST)

ਫ਼ਿਰੋਜ਼ਪੁਰ(ਕੁਮਾਰ)-ਫਿਰੋਜ਼ਪੁਰ 'ਚ ਅੱਜ ਸਾਰਾ ਦਿਨ ਧੁੱਪ ਨਹੀਂ ਨਿਕਲੀ ਅਤੇ ਪ੍ਰਦੂਸ਼ਿਤ ਧੂੰਆਂ ਫੈਲਿਆ ਰਿਹਾ, ਜਿਸ ਕਾਰਨ ਆਮ ਲੋਕਾਂ ਨੂੰ ਸਾਹ ਲੈਣ 'ਚ ਵੀ ਮੁਸ਼ਕਲ ਪੇਸ਼ ਆਉਂਦੀ ਰਹੀ। ਲੋਕਾਂ ਦਾ ਮੰਨਣਾ ਹੈ ਕਿ ਪਰਾਲੀ ਨੂੰ ਅੱਗ ਲਾਉਣ ਕਾਰਨ ਇਹ ਪ੍ਰਦੂਸ਼ਿਤ ਧੂੰਆਂ ਆਸਮਾਨ 'ਚ ਫੈਲਿਆ ਹੈ। ਇਹ ਧੂੰਆਂ ਲੋਕਾਂ ਲਈ ਭਿਆਨਕ ਬੀਮਾਰੀਆਂ ਦਾ ਕਾਰਨ ਬਣ ਰਿਹਾ ਹੈ। 
ਕੀ ਕਹਿੰਦੇ ਹਨ ਡਾਕਟਰ ਸਤਿੰਦਰ ਸਿੰਘ 
ਪ੍ਰਦੂਸ਼ਿਤ ਵਾਤਾਵਰਣ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਨੈਸ਼ਨਲ ਐਵਾਰਡੀ ਡਾਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਧੂੰਏਂ ਦੀ ਕਾਲੀ ਚਾਦਰ ਕਾਰਨ ਕਈ ਵਾਰ ਦਿਨ 'ਚ ਹੀ ਰਾਤ ਦੇਖਣ ਨੂੰ ਮਿਲੀ ਹੈ ਅਤੇ ਇਸ ਧੂੰਏਂ ਕਾਰਨ ਜਿਥੇ ਭਿਆਨਕ ਬੀਮਾਰੀਆਂ ਵੱਧ ਰਹੀਆਂ ਹਨ, ਉਥੇ ਹੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਕਈ ਹਾਦਸੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਨਾਲ ਤਾਪਮਾਨ 'ਚ ਭਾਰੀ ਵਾਧਾ ਹੋ ਰਿਹਾ ਹੈ, ਜਿਸ ਦੀ ਬਦੌਲਤ ਗਲੋਬਲ ਵਾਰਮਿੰਗ ਵਰਗੀਆਂ ਮੁਸ਼ਕਲਾਂ ਹੋਰ ਗੰਭੀਰ ਹੋ ਰਹੀਆਂ ਹਨ, ਇਸ ਨਾਲ ਗਲੇਸ਼ੀਅਰ ਪਿਘਲ ਰਹੇ ਹਨ, ਸਮੁੰਦਰ ਤਲ ਲਗਾਤਾਰ ਵੱਧ ਰਹੇ ਹਨ ਅਤੇ ਸਮੁੰਦਰੀ ਤੱਟ 'ਤੇ ਵੱਸੇ ਪਿੰਡ ਸਮੁੰਦਰ 'ਚ ਸਮਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾ ਤਾਪਮਾਨ ਹੋਣ ਕਰ ਕੇ ਫਸਲਾਂ ਵੀ ਜਲਦ ਤਿਆਰ ਹੋ ਰਹੀਆਂ ਹਨ ਅਤੇ ਫਸਲਾਂ ਦਾ ਝਾੜ ਘੱਟ ਰਿਹਾ ਹੈ। 


Related News