ਪੁੱਤ ਦਾ ਚੈਕਅੱਪ ਕਰਵਾਉਣ ਜਾ ਰਿਹਾ ਸੀ ਪਿਓ, ਰਾਹ ''ਚ ਵਾਪਰ ਗਿਆ ਭਾਣਾ

Friday, Sep 20, 2024 - 12:15 PM (IST)

ਚੰਡੀਗੜ੍ਹ (ਸੁਸ਼ੀਲ)- ਆਪਣੇ ਪੰਜ ਸਾਲਾ ਪੁੱਤਰ ਨੂੰ ਮੋਟਰਸਾਈਕਲ ’ਤੇ ਸੈਕਟਰ 16 ਜਨਰਲ ਹਸਪਤਾਲ ਲੈ ਕੇ ਜਾ ਰਹੇ ਨਗਰ ਨਿਗਮ ਦੇ ਬੇਲਦਾਰ ਨੂੰ ਸੈਕਟਰ-24 ਵਿਚ ਇਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ। ਕਾਰ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਦੇ ਅੱਗੇ ਬੈਠਾ ਬੱਚਾ ਉਛਲ ਕੇ ਜ਼ਮੀਨ ’ਤੇ ਡਿੱਗ ਗਿਆ ਅਤੇ ਬਾਈਕ ਚਾਲਕ ਲਹੂ-ਲੁਹਾਨ ਹੋ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਪਿਓ-ਪੁੱਤ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਪੰਜ ਸਾਲਾ ਮਾਸੂਮ ਅਰਨਵ ਨੂੰ ਮ੍ਰਿਤਕ ਐਲਾਨ ਦਿੱਤਾ। ਮੋਟਰਸਾਈਕਲ ਚਾਲਕ ਪੰਕਜ ਦੇ ਕਈ ਥਾਈਂ ਫਰੈਕਚਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕੀਤਾ। ਸੈਕਟਰ-24 ਚੌਂਕੀ ਦੀ ਪੁਲਸ ਨੇ ਮੌਕੇ ਤੋਂ ਕਾਰ ਨੂੰ ਕਬਜ਼ੇ ਵਿਚ ਲੈ ਕੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਕਾਰ ਚਾਲਕ ਖ਼ਿਲਾਫ਼ ਅਣਗਹਿਲੀ ਅਤੇ ਕਤਲ ਦਾ ਮਾਮਲਾ ਦਰਜ ਕਰ ਲਿਆ।

ਸੈਕਟਰ-24 ਦੇ ਵਸਨੀਕ ਜਗਦੀਸ਼ ਨੇ ਦੱਸਿਆ ਕਿ ਉਸ ਦਾ ਪੰਜ ਸਾਲਾ ਪੋਤਰਾ ਅਰਨਵ ਕਈ ਦਿਨਾਂ ਤੋਂ ਬੀਮਾਰ ਸੀ। ਪੰਕਜ ਆਪਣੇ ਬੇਟੇ ਅਰਨਵ ਦਾ ਚੈੱਕਅਪ ਕਰਵਾਉਣ ਲਈ ਬਾਈਕ ’ਤੇ ਸੈਕਟਰ-16 ਜਨਰਲ ਹਸਪਤਾਲ ਜਾ ਰਿਹਾ ਸੀ। ਪੰਕਜ ਨੇ ਅਨਰਵ ਨੂੰ ਬਾਈਕ ਦੇ ਅੱਗੇ ਬਿਠਾ ਦਿੱਤਾ ਸੀ। ਜਦੋਂ ਉਹ ਸੈਕਟਰ-24 ਦੇ ਮੋੜ ’ਤੇ ਪਹੁੰਚਿਆ ਤਾਂ ਸਾਹਮਣੇ ਤੋਂ ਇਕ ਤੇਜ਼ ਰਫ਼ਤਾਰ ਕਾਰ ਆਈ। ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਪਿਓ-ਪੁੱਤਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਅਰਨਵ ਉਛਲ ਕੇ ਕਾਫ਼ੀ ਦੂਰ ਜਾ ਡਿੱਗਿਆ ਅਤੇ ਕਾਰ ਨਾਲ ਟਕਰਾਉਣ ਕਾਰਨ ਬਾਈਕ ਚਾਲਕ ਪੰਕਜ ਕਾਫ਼ੀ ਦੂਰ ਤੱਕ ਘੜੀਸਦਾ ਗਿਆ।

ਇਹ ਵੀ ਪੜ੍ਹੋ- ਘਰੇਲੂ ਹਿੰਸਾ ਦੇ ਪੀੜਤਾਂ ਦੀ ਮਦਦ ਲਈ DGP ਗੌਰਵ ਯਾਦਵ ਨੇ ਚੁੱਕਿਆ ਅਹਿਮ ਕਦਮ

ਕਾਰ ਫੁੱਟਪਾਥ ’ਤੇ ਰੁਕ ਗਈ। ਇਸ ਦੌਰਾਨ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੀ. ਸੀ. ਆਰ. ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਅਰਨਵ ਅਤੇ ਪੰਕਜ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਅਰਨਵ ਨੂੰ ਮ੍ਰਿਤਕ ਐਲਾਨ ਦਿੱਤਾ। ਪੰਕਜ ਨੂੰ ਪੀ. ਜੀ. ਆਈ. ਰੈਫ਼ਰ ਕੀਤਾ ਗਿਆ।  ਪੁਲਸ ਨੇ ਦੱਸਿਆ ਕਿ ਪੰਕਜ ਦੀ ਲੱਤ, ਕਮਰ ਅਤੇ ਹੱਥ ਫਰੈਕਚਰ ਹੋ ਗਿਆ ਹੈ। ਪੁਲਸ ਨੇ ਮੌਕੇ ਤੋਂ ਕਾਰ ਕਬਜ਼ੇ ਵਿਚ ਲੈ ਕੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਜਗਦੀਸ਼ ਨੇ ਦੱਸਿਆ ਕਿ ਹਾਦਸੇ ’ਚ ਇਕਲੌਤੇ ਪੋਤਰੇ ਦੀ ਮੌਤ ਹੋ ਗਈ। ਹੁਣ ਪੰਕਜ ਦੀ ਇਕ ਬੇਟੀ ਰਹਿ ਗਈ ਹੈ। ਪੀ. ਜੀ. ਆਈ. ਵਿਚ ਦਾਖ਼ਲ ਪੰਕਜ ਨਗਰ ਨਿਗਮ ਵਿਚ ਬੇਲਦਾਰ ਵਜੋਂ ਕੰਮ ਕਰਦਾ ਹੈ। ਚਸ਼ਮਦੀਦ ਸੁਰੇਸ਼ ਨੇ ਦੱਸਿਆ ਕਿ ਸੜਕ ਹਾਦਸਾ ਕਾਰ ਚਾਲਕ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ। ਕਾਰ ’ਚ ਸਵਾਰ ਨੌਜਵਾਨ ਮੌਕੇ ’ਤੇ ਖੜ੍ਹੇ ਰਹੇ ਸਨ। ਸੈਕਟਰ-24 ਚੌਂਕੀ ਪੁਲਸ ਨੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਨੂੰ ਲੈ ਕੇ ਇਕ ਹੋਰ ਖ਼ਬਰ ਆਈ ਸਾਹਮਣੇ, ਖੜ੍ਹਾ ਹੋਇਆ ਵੱਡਾ ਵਿਵਾਦ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News