ਨਹੀ ਰੁੱਕ ਰਿਹਾ ਖਾੜੀ ਦੇਸ਼ਾਂ ’ਚ ਲੜਕੀਆਂ ਨੂੰ ਵੇਚਣ ਦਾ ਸਿਲਸਿਲਾ, 9 ਭਾਰਤੀ ਕੁੜੀਆਂ ਪਰਤੀਆਂ ਵਤਨ
Saturday, Sep 28, 2024 - 07:27 PM (IST)
ਲੋਹੀਆਂ ਖਾਸ (ਸੁਖਪਾਲ ਰਾਜਪੂਤ)- ਟਰੈਵਲ ਏਜੰਟਾਂ ਵੱਲੋਂ ਮਨੁੱਖੀ ਤਸਕਰੀ ਕਰਕੇ ਖਾੜੀ ਦੇਸ਼ਾਂ ’ਚ ਵੇਚੀਆਂ ਭਾਰਤੀ ਲੜਕੀਆਂ ’ਚੋਂ 9 ਲੜਕੀਆਂ ਵਤਨ ਪਰਤ ਆਈਆਂ ਹਨ। ਇਨ੍ਹਾਂ ਲੜਕੀਆਂ ਨੂੰ ਇਰਾਕ, ਓਮਾਨ ਅਤੇ ਕਤਰ ਦੇਸ਼ਾਂ ’ਚ ਟਰੈਵਲ ਏਜੰਟਾਂ ਨੇ ਮੋਟੀਆਂ ਰਕਮਾਂ ਲੈ ਕੇ ਵੇਚ ਦਿੱਤਾ ਸੀ ਪਰ ਇਹ ਲੜਕੀਆਂ ਇਸ ਗੱਲ ਤੋਂ ਅਨਜਾਣ ਸਨ। ਖਾੜੀ ਦੇਸ਼ਾਂ ’ਚ ਵਾਪਸ ਪਰਤੀਆਂ ਲੜਕੀਆਂ ਨੇ ਦੱਸਿਆ ਕਿ ਓਮਾਨ ’ਚ ਅਜੇ ਵੀ ਇਕ ਸਥਾਨ ਤੇ 20 ਤੋਂ 25 ਲੜਕੀਆਂ ਫਸੀਆਂ ਸਨ। ਜਿੱਥੇ ਬੇਬੱਸ ਲੜਕੀਆਂ ਨਾਲ ਪਸ਼ੂਆਂ ਤੋਂ ਵੱਧ ਭੈੜਾ ਵਤੀਰਾ ਕੀਤਾ ਜਾ ਰਿਹਾ ਹੈ। ਵਾਪਸ ਆਈਆਂ ਲੜਕੀਆਂ ਨੇ ਦੱਸਿਆ ਕਿ ਏਅਰਪੋਰਟ ਤੋਂ ਬਾਹਰ ਆਉਂਦੇ ਸਾਰ ਹੀ ਉਨ੍ਹਾਂ ਕੋਲੋਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਪਾਸਪੋਰਟ ਖੋਹ ਲਏ ਗਏ ਤੇ ਉਨ੍ਹਾਂ ਨੂੰ ਬਹੁ ਮੰਜ਼ਲੀ ਇਮਾਰਤ ’ਚ ਰੱਖਿਆ ਗਿਆ ਜਿਸਨੂੰ ਉਹ ਦਫਤਰ ਵਜੋਂ ਵਰਤਦੇ ਸਨ। ਇੱਥੋਂ ਹੀ ਲੜਕੀਆਂ ਨੂੰ ਕੰਮ ਕਰਨ ਲਈ ਭੇਜਿਆ ਜਾਂਦਾ ਸੀ ਤੇ ਮੁੜ ਦਫਤਰ ਲਿਆ ਕਿ ਉਨ੍ਹਾਂ ਨੂੰ ਕਮਰੇ ’ਚ ਬੰਦ ਕਰ ਦਿੱਤਾ ਜਾਂਦਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਡੁੱਬਣ ਕੰਢੇ ਆਇਆ ਦੁਨੀਆ ਦਾ ਸਭ ਤੋਂ ਛੋਟਾ ਦੇਸ਼
ਇਨ੍ਹਾਂ ਲੜਕੀਆਂ ਨੇ ਦੱਸਿਆ ਕਿ ਇਹ ਕਮਰੇ ਇਕ ਤਰ੍ਹਾਂ ਨਾਲ ਉਨ੍ਹਾਂ ਲਈ ਜੇਲ੍ਹ ਸਨ ਕਿਉਂਕਿ ਕਮਰਿਆਂ ਨੂੰ ਬਾਹਰੋ ਜ਼ਿੰਦਾ ਲਗਾ ਦਿੱਤਾ ਜਾਂਦਾ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਜੀ ਦੇ ਯਤਨਾ ਸਦਕਾ ਜ਼ਿਲ੍ਹਾ ਜਲੰਧਰ, ਕਪੂਰਥਲਾ, ਫਿਰੋਜ਼ਪੁਰ ਅਤੇ ਮੋਗੇ ਨਾਲ ਸੰਬੰਧਤ ਇਹ 9 ਲੜਕੀਆਂ ਸੁਖੀ ਸਾਂਦੀ ਆਪਣੇ ਘਰਾਂ ’ਚ ਪਰਤ ਆਈਆਂ ਹਨ। ਇਨ੍ਹਾਂ ਲੜਕੀਆਂ ’ਚੋਂ ਅੱਜ 3 ਲੜਕੀਆਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀਆਂ। ਉਨ੍ਹਾਂ ਨੇ ਆਪਣੀ ਹੱਡਬੀਤੀ ਸੁਣਾਉਂਦਿਆ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ 35 ਤੋਂ 40 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਦਾ ਲਾਲਚ ਦੇ ਕੇ ਉਨ੍ਹਾਂ ਤੇ ਖਾੜੀ ਦੇਸ਼ਾਂ ’ਚ ਅਣਮਨੁੱਖੀ ਤਸ਼ਦੱਦ ਕੀਤਾ ਜਾਂਦਾ ਰਿਹਾ।
ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਹੁਣ ਤੱਕ ਖਾੜੀ ਦੇਸ਼ਾਂ ’ਚੋਂ 100 ਤੋਂ ਵੱਧ ਲੜਕੀਆਂ ਨੂੰ ਸੁਰੱਖਿਅਤ ਆਪਣੇ ਘਰਾਂ ’ਚ ਪਹੁੰਚਾਇਆ ਜਾ ਚੁੱਕਾ ਹੈ। ਜ਼ਿਲ਼੍ਹਾ ਜਲੰਧਰ ਦੇ ਇਕ ਪਿੰਡ ਦੀ ਰਹਿਣ ਵਾਲੀ ਲੜਕੀ ਜਿਹੜੀ ਹਾਲ ਹੀ ’ਚ ਇਰਾਕ ਤੋਂ ਆਈ ਹੈ। ਉਸਤੇ ਮਹਿਲਾ ਟਰੈਵਲ ਏਜੰਟ ਵੱਲੋਂ ਇਸ ਕਦਰ ਤਸ਼ਦੱਦ ਕੀਤਾ ਗਿਆ ਕਿ ਉਹ ਹਲੇ ਵੀ ਇਸ ਸਦਮੇਂ ’ਚ ਨਹੀਂ ਉਭਰ ਰਹੀ। ਇਸ ਲੜਕੀ ਨਾਲ ਆਈ ਉਸਦੀ ਮਾਤਾ ਨੇ ਦੱਸਿਆ ਕਿ ਉਸਦੀ ਧੀ ਨੂੰ ਇਰਾਕ ’ਚ ਉਸਦੀ ਚਾਚੀ ਨੇ ਹੀ ਲਿਜਾ ਕਿ ਫਸਾ ਦਿੱਤਾ ਸੀ। ਉਸ ਦੀ ਚਾਚੀ ਹਲੇ ਵੀ ਉਨ੍ਹਾਂ ਨੂੰ ਧਮਕੀਆਂ ਦੇ ਰਹੀ ਹੈ ਅਤੇ ਇਰਾਕ ’ਚ ਖਰਚੇ ਪੈਸੇ ਉਨ੍ਹਾਂ ਕੋਲੋਂ ਮੰਗੇ ਜਾ ਰਹੇ ਹਨ। ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀ ਲੜਕੀ ਤੇ ਇੰਨਾ ਜ਼ਿਆਦਾ ਤਸ਼ਦੱਦ ਕੀਤਾ ਗਿਆ ਕਿ ਵਾਪਸੀ ਤੋਂ ਬਾਅਦ ਵੀ ਲੜਕੀ ਡਿਪਰੈਸ਼ਨ ’ਚ ਹੈ ਤੇ ਜਦੋਂ ਦੀ ਉਹ ਘਰ ਪਰਤੀ ਹੈ। ਉਹ ਡਰੀ-ਡਰੀ ਤੇ ਸਹਿਮੀ-ਸਹਿਮੀ ਰਹਿੰਦੀ ਹੈ। ਜ਼ਿਲ਼੍ਹਾ ਜਲੰਧਰ ਦੀ ਹੀ ਰਹਿਣ ਵਾਲੀ ਓਮਾਨ ਤੋਂ ਆਈ ਇਕ ਹੋਰ ਪੀੜਤਾ ਨੇ ਦੱਸਿਆ ਕਿ ਉੱਥੇ ਜਿਸ ਘਰ ’ਚ ਉਸਨੂੰ ਕੰਮ ਕਰਨ ਲਈ ਭੇਜਿਆ ਗਿਆ ਸੀ। ਉੱਥੇ ਉਸ ਨਾਲ ਬਹੁਤ ਹੀ ਜ਼ਿਆਦਾ ਬਦਸਲੂਕੀ ਤੇ ਸਰੀਰਿਕ ਸ਼ੋਸ਼ਣ ਕੀਤਾ ਗਿਆ। ਪੀੜਤਾ ਨੇ ਦੱਸਿਆ ਕਿ ਉਸ ਵੱਲੋਂ ਵਿਰੋਧ ਕਰਨ ਤੇ ਉਸਦੀ ਬਹੁਤ ਬੁਰੀ ਤਰ੍ਹਾਂ ਨਾਲ ਮਾਰ ਕੁੱਟ ਕੀਤੀ ਜਾਂਦੀ ਸੀ
ਪੜ੍ਹੋ ਇਹ ਅਹਿਮ ਖ਼ਬਰ-ਲਗਾਤਾਰ ਵਧਣ ਲੱਗਾ MPox , ਚਿੰਤਾ ’ਚ ਸਰਕਾਰ
ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੜ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖਾੜੀ ਦੇਸ਼ਾਂ ’ਚ ਆਪਣੀਆਂ ਧੀਆਂ ਨੂੰ ਭੇਜਣ ਤੋਂ ਗੁਰੇਜ਼ ਕਰਨ। ਸੰਤ ਸੀਚੇਵਾਲ ਨੇ ਦੱਸਿਆ ਕਿ ਅਰਬ ਦੇਸ਼ਾਂ ’ਚ ਫਸੀਆਂ ਲੜਕੀਆਂ ਦੀ ਕਹਾਣੀ ਬਹੁਤ ਹੀ ਦੁੱਖਾਂ ਭਰੀਆਂ ਹੁੰਦੀਆਂ ਹਨ ਕਿ ਕਿਵੇਂ ਟਰੈਵਲ ਏਜੰਟ ਅਤੇ ਖਾਸ ਕਰਕੇ ਪੀੜਤ ਲੜਕੀਆਂ ਦੇ ਰਿਸ਼ਤੇਦਾਰ ਹੀ ਕੁੱਝ ਪੈਸਿਆਂ ਦੇ ਲਾਲਚ ’ਚ ਇਨ੍ਹਾਂ ਲੜਕੀਆਂ ਨੂੰ ਅਰਬ ਦੇਸ਼ਾਂ ’ਚ ਲਿਜਾ ਕਿ ਫਸਾ ਦਿੰਦੇ ਹਨ। ਉਹ ਉਨ੍ਹਾਂ ਮੋਟੀ ਤਨਖਾਹ ਤੇ ਚੰਗੇ ਭਵਿੱਖ ਦਾ ਝਾਂਸਾ ਦੇ ਕੇ ਗੱਲਾਂ ’ਚ ਫਸਾ ਲੈਂਦੇ ਹਨ ਤੇ ਬਾਅਦ ’ਚ ਉਨ੍ਹਾਂ ਨੂੰ ਉਨ੍ਹਾਂ ਮੁਲਕਾਂ ’ਚ ਨਰਕ ਭਰੀ ਜ਼ਿੰਦਗੀ ਜਿਊਣ ਲਈ ਛੱਡ ਦਿੰਦੇ ਹਨ। ਜਿੱਥੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਝੱਲਣੇ ਪੈਂਦੇ ਹਨ ਤੇ ਉਨ੍ਹਾਂ ਲਈ ਵਾਪਸ ਮੁੜਨਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।