ਸਟਾਫ਼ ਨਰਸਾਂ ਦੀ ਘਾਟ ਕਾਰਨ ਜਲੰਧਰ ਸਿਵਲ ਹਸਪਤਾਲ ’ਚ ਪ੍ਰੇਸ਼ਾਨ ਹੋ ਰਹੇ ਮਰੀਜ਼

Monday, Nov 21, 2022 - 01:48 PM (IST)

ਸਟਾਫ਼ ਨਰਸਾਂ ਦੀ ਘਾਟ ਕਾਰਨ ਜਲੰਧਰ ਸਿਵਲ ਹਸਪਤਾਲ ’ਚ ਪ੍ਰੇਸ਼ਾਨ ਹੋ ਰਹੇ ਮਰੀਜ਼

ਜਲੰਧਰ (ਸ਼ੋਰੀ)-ਇਕ ਪਾਸੇ ਤਾਂ ਮੌਜੂਦਾ ਸਰਕਾਰ ਦਾਅਵੇ ਕਰਦੀ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਹਰ ਤਰ੍ਹਾਂ ਦੀਆਂ ਸਹੂਲਤਾਂ ਮਰੀਜ਼ਾਂ ਨੂੰ ਮਿਲਣਗੀਆਂ ਅਤੇ ਜਿਸ ਤਰ੍ਹਾਂ ਦਿੱਲੀ ਵਿਚ ਸਰਕਾਰੀ ਹਸਪਤਾਲ ਵਧੀਆ ਤਰੀਕੇ ਨਾਲ ਸਿਹਤ ਸਹੂਲਤਾਂ ਉਪਲੱਬਧ ਕਰਵਾ ਰਹੇ ਹਨ, ਉਸੇ ਤਰਜ਼ ’ਤੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਸਿਹਤ ਸਹੂਲਤਾਂ ਮਿਲਣਗੀਆਂ ਪਰ ਕਹਿਣੀ ਅਤੇ ਕਰਨੀ ਦਾ ਅੰਤਰ ਸਿਵਲ ਹਸਪਤਾਲ ਜਲੰਧਰ ਵਿਚ ਆ ਕੇ ਪਤਾ ਲੱਗ ਜਾਂਦਾ ਹੈ। ਸਿਵਲ ਹਸਪਤਾਲ ਵਿਚ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਪ੍ਰੇਸ਼ਾਨੀਆਂ ਬਾਰੇ ਜਾਣਨ ਲਈ 'ਜਗ ਬਾਣੀ' ਦੀ ਟੀਮ ਨੇ ਹਸਪਤਾਲ ਦਾ ਦੌਰਾ ਕੀਤਾ।

ਸਟਾਫ਼ ਨਰਸ ਦੀ ਗੁਹਾਰ : ਬਦਲੀ ਕਰਵਾ ਚੁੱਕਾ ਸਟਾਫ਼ ਹਸਪਤਾਲ ’ਚ ਮੁੜ ਲਾਇਆ ਜਾਵੇ

ਸਿਵਲ ਹਸਪਤਾਲ ਵਿਚ ਸਟਾਫ਼ ਨਰਸਾਂ ਦੀਆਂ ਲਗਭਗ 160 ਪੋਸਟਾਂ ਹਨ ਅਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿੱਥੇ 160 ਸਟਾਫ਼ ਨਰਸਾਂ ਕੰਮ ਕਰ ਰਹੀਆਂ ਹਨ ਅਤੇ ਪੂਰੇ ਹਸਪਤਾਲ ਵਿਚ ਡਿਊਟੀ ਕਰਦੀਆਂ ਹਨ ਪਰ ਇਸ ਦੇ ਬਾਵਜੂਦ ਹਸਪਤਾਲ ਦੀ ਦੂਜੀ ਮੰਜ਼ਿਲ ’ਤੇ ਸਥਿਤ ਮੇਲ ਅਤੇ ਫੀਮੇਲ ਮੈਡੀਕਲ ਵਾਰਡਾਂ ਵਿਚ ਐਤਵਾਰ ਨੂੰ ਕੋਈ ਸਟਾਫ਼ ਨਰਸ ਹੀ ਡਿਊਟੀ ’ਤੇ ਨਹੀਂ ਹੁੰਦੀ। ਇਸ ਕਾਰਨ ਮਰੀਜ਼ਾਂ ਨੂੰ ਟੀਕਾ, ਗਲੂਕੋਜ਼ ਆਦਿ ਲਈ ਦੂਜੇ ਵਾਰਡਾਂ ਵਿਚ ਜਾ ਕੇ ਮਿੰਨਤਾਂ ਕਰਨੀਆਂ ਪੈਂਦੀਆਂ ਹਨ। ਨਾਂ ਨਾ ਛਾਪਣ ਦੀ ਸ਼ਰਤ ’ਤੇ ਇਕ ਸਟਾਫ ਨਰਸ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਹਸਪਤਾਲ ਵਿਚ ਕੰਮਕਾਜ ਠੀਕ ਤਰ੍ਹਾਂ ਨਾਲ ਚੱਲਦਾ ਸੀ। ਸਟਾਫ਼ ਨਰਸਾਂ ਪੂਰੀਆਂ ਸਨ ਪਰ ਬਾਅਦ ਵਿਚ ਰਿਟਾਇਰਮੈਂਟ ਹੋਣ ਦੇ ਬਾਅਦ ਨਵੀਂ ਭਰਤੀ ਨਹੀਂ ਹੋਈ ਅਤੇ ਹਸਪਤਾਲ ਵਿਚ ਨਰਸਾਂ ਦੀ ਘਾਟ ਹੋਣ ਲੱਗੀ। ਕੁਝ ਸਮਾਂ ਪਹਿਲਾਂ ਹੀ ਲਗਭਗ 5 ਸਟਾਫ਼ ਨਰਸਾਂ ਹਸਪਤਾਲ ਤੋਂ ਡਿਊਟੀ ਬਦਲਾਅ ਕੇ ਨਰਸਿੰਗ ਸਕੂਲ ਸਿਵਲ ਹਸਪਤਾਲ ਜਲੰਧਰ ਚਲੀਆਂ ਗਈਆਂ ਅਤੇ ਕੁਝ ਸਿਫਾਰਿਸ਼ਾਂ ਦੇ ਦਮ ’ਤੇ ਡਿਸਪੈਂਸਰੀਆਂ ਵਿਚ ਜਾ ਕੇ ਡਿਊਟੀ ਕਰਨ ਲੱਗੀਆਂ ਹਨ। ਕੁਝ ਛੁੱਟੀ ਲੈ ਕੇ ਵਿਦੇਸ਼ ਯਾਤਰਾ ਜਾਂ ਫਿਰ ਗਰਭਵਤੀ ਹੋਣ ਕਾਰਨ ਲੰਬੀ ਛੁੱਟੀ ’ਤੇ ਚੱਲ ਰਹੀਆਂ ਹਨ। ਇਸ ਦੇ ਬਾਅਦ ਤੋਂ ਉਕਤ ਵਾਰਡਾਂ ਵਿਚ ਸਵੇਰ ਅਤੇ ਦੁਪਹਿਰ ਸਮੇਂ ਨਰਸਿੰਗ ਸਟੂਡੈਂਟਸ ਦੀ ਡਿਊਟੀ ਲਾਈ ਜਾ ਰਹੀ ਹੈ। ਸਟਾਫ਼ ਘੱਟ ਹੋਣ ਕਾਰਨ ਸਿਰਫ਼ ਰਾਤ ਨੂੰ ਹੀ ਨਰਸਿੰਗ ਸਟਾਫ਼ ਡਿਊਟੀ ਕਰਦਾ ਹੈ। ਐਤਵਾਰ ਹੋਣ ਕਾਰਨ ਨਰਸਿੰਗ ਸਟੂਡੈਂਟਸ ਹਸਪਤਾਲ ਨਹੀਂ ਆਉਂਦੀਆਂ, ਜਿਸ ਕਾਰਨ ਦਿੱਕਤ ਹੁੰਦੀ ਹੈ। ਮਰੀਜ਼ਾਂ ਦੀਆਂ ਫਾਈਲਾਂ ਵੀ ਖਾਲੀ ਮੇਜ਼ਾਂ ’ਤੇ ਪਈਆਂ ਰਹਿੰਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ DGP ਦੀ ਗੈਰ-ਕਾਨੂੰਨੀ ਹਥਿਆਰਾਂ ਤੇ ਭੜਕਾਊ ਭਾਸ਼ਣਾਂ ਖ਼ਿਲਾਫ਼ ਸਖ਼ਤੀ, ਸ਼ੁਰੂ ਹੋਵੇਗੀ 90 ਦਿਨਾਂ ਦੀ ਮੁਹਿੰਮ

PunjabKesari

ਹਸਪਤਾਲ ’ਚ ਹੋਣ ਲੱਗੀ ਸੈਲਫ਼ ਸਰਵਿਸ

ਜਿਸ ਤਰ੍ਹਾਂ ਕੁਝ ਰੈਸਟੋਰੈਂਟਾਂ ਵਿਚ ਸੈਲਫ਼ ਸਰਵਿਸ ਦਾ ਸਿਸਟਮ ਹੁੰਦਾ ਹੈ, ਉਹੋ ਜਿਹੇ ਹਾਲਾਤ ਅੱਜਕਲ ਸਿਵਲ ਹਸਪਤਾਲ ਵਿਚ ਵੀ ਿਦਖਾਈ ਦੇ ਰਹੇ ਹਨ। ਐਮਰਜੈਂਸੀ ਵਾਰਡ ਵਿਚ ਮਰੀਜ਼ ਦੇ ਪਰਿਵਾਰਕ ਮੈਂਬਰ ਦੀ ਕੋਈ ਸਟਾਫ ਵਾਰਡ ਵਿਚ ਪਹੁੰਚਣ ਵਿਚ ਮਦਦ ਨਾ ਕਰੇ ਤਾਂ ਉਹ ਖੁਦ ਹੀ ਸਟਰੈਚਰ ਲੈ ਕੇ ਮਰੀਜ਼ ਨੂੰ ਐਮਰਜੈਂਸੀ ਵਾਰਡ ਵਿਚੋਂ ਲੈ ਕੇ ਜਾਂਦਾ ਹੈ। ਮੈਡੀਕਲ ਵਾਰਡ ਵਿਚ ਵੀ ਬਦਇੰਤਜ਼ਾਮੀ ਦੇਖਣ ਨੂੰ ਿਮਲੀ, ਜਿਥੇ ਵਾਰਡ ਵਿਚ ਇਕ ਮਰੀਜ਼ ਦੇ ਬੈੱਡ ਨੇੜੇ ਪਾਣੀ ਡਿੱਗਣ ਕਾਰਨ ਜ਼ਮੀਨ ’ਤੇ ਪਾਣੀ ਜਮ੍ਹਾ ਹੋ ਗਿਆ। ਵਾਰਡ ਵਿਚ ਮੌਜੂਦ ਲੋਕਾਂ ਨੇ ਇਸ ਸਬੰਧੀ ਸਫ਼ਾਈ ਕਰਮਚਾਰੀ ਨੂੰ ਬਹੁਤ ਲੱਭਿਆ ਪਰ ਨਹੀਂ ਮਿਲਿਆ, ਤਾਂ ਆਕਾਸ਼ ਵਾਸੀ ਦੀਪਕ ਨਗਰ ਕੈਂਟ ਨੇ ਸਫਾਈ ਕੀਤੀ।

ਸਿਹਤ ਮੰਤਰੀ ਦੀ ਪ੍ਰਵਾਹ ਵੀ ਨਹੀਂ ਕਰਦਾ ਕੁਝ ਸਟਾਫ਼

ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸਿਹਤ ਮੰਤਰੀ ਸਿਵਲ ਹਸਪਤਾਲ ਦਾ ਦੌਰਾ ਕਰ ਕੇ ਗਏ ਅਤੇ ਜੱਚਾ-ਬੱਚਾ ਹਸਪਤਾਲ ਵਿਚ ਚੈਕਿੰਗ ਦੌਰਾਨ ਉਨ੍ਹਾਂ ਵੇਖਿਆ ਕਿ ਕੁਝ ਸਟਾਫ਼ ਨੇ ਆਪਣੀਆਂ ਕਰੀਬ 4 ਸਕੂਟੀਆਂ ਵਾਰਡ ਦੇ ਅੰਦਰ ਹੀ ਪਾਰਕ ਕੀਤੀਆਂ ਹੋਈਆਂ ਸਨ। ਇਸ ਗੱਲ ਨੂੰ ਲੈ ਕੇ ਸਿਹਤ ਮੰਤਰੀ ਭੜਕੇ ਅਤੇ ਤੁਰੰਤ ਐਕਸ਼ਨ ਕਰਦੇ ਹੋਏ ਥਾਣਾ ਨੰ. 4 ਦੀ ਪੁਲਸ ਨੂੰ ਹੁਕਮ ਦੇ ਕੇ ਸਾਰੀਆਂ ਸਕੂਟੀਆਂ ਥਾਣੇ ਵਿਚ ਰਖਵਾ ਕੇ ਉਨ੍ਹਾਂ ਦੇ ਚਲਾਨ ਤੱਕ ਕਟਵਾਏ ਸਨ। ਇਸ ਦੇ ਬਾਵਜੂਦ ਕੁਝ ਸਟਾਫ ਮੈਂਬਰ ਮੁੜ ਤੋਂ ਹਸਪਤਾਲ ਦੇ ਅੰਦਰ ਜਾਂ ਵਾਰਡਾਂ ਦੇ ਬਾਹਰ ਵਾਹਨ ਪਾਰਕ ਕਰ ਰਹੇ ਹਨ। ਇਸ ਤੋਂ ਸਾਫ਼ ਹੁੰਦਾ ਹੈ ਕਿ ਉਹ ਸਿਹਤ ਮੰਤਰੀ ਦੀ ਪ੍ਰਵਾਹ ਵੀ ਨਹੀਂ ਕਰਦੇ। ਕੁਝ ਦਿਨ ਪਹਿਲਾਂ ਮੈਡੀਕਲ ਸੁਪਰਡੈਂਟ ਡਾ. ਰਾਜੀਵ ਨੇ ਵੀ ਰਾਤ ਨੂੰ ਚੈਕਿੰਗ ਦੌਰਾਨ ਹਸਪਤਾਲ ਦੇ ਵਾਰਡ ਵਿਚ ਪਾਰਕ ਕੁਝ ਵਾਹਨ ਬਾਹਰ ਕਢਵਾ ਕੇ ਸਟਾਫ਼ ਨੂੰ ਤਾੜਨਾ ਕੀਤੀ ਸੀ।

ਇਹ ਵੀ ਪੜ੍ਹੋ : ਵਿਸ਼ਵ ਪ੍ਰਵਾਸੀਆਂ ’ਚ ਭਾਰਤੀਆਂ ਦੀ ਗਿਣਤੀ ਵਧੀ, ਪਿਛਲੇ 3 ਸਾਲਾਂ 'ਚ 13 ਲੱਖ ਲੋਕਾਂ ਨੇ ਰੁਜ਼ਗਾਰ ਲਈ ਛੱਡਿਆ ਦੇਸ਼

PunjabKesari

ਦੂਰ ਹੋਵੇਗੀ ਸਟਾਫ ਦੀ ਘਾਟ : ਡਾਇਰੈਕਟਰ

ਇਸ ਸਬੰਧ ਵਿਚ ਡਾਇਰੈਕਟਰ ਹੈਲਥ ਡਾ. ਰਣਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਵਿਚ ਵੱਡੇ ਪੱਧਰ ’ਤੇ ਸੁਧਾਰ ਕਰ ਰਹੀ ਹੈ। ਰਹੀ ਗੱਲ ਸਿਵਲ ਹਸਪਤਾਲ ਵਿਚ ਨਰਸਿੰਗ ਸਟਾਫ਼ ਦੀ ਘਾਟ ਦੀ, ਤਾਂ ਉਹ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਨਾਲ ਸਟਾਫ਼ ਦੀ ਘਾਟ ਬਾਰੇ ਗੱਲਬਾਤ ਕਰਕੇ ਜਲਦ ਸਟਾਫ਼ ਦੀ ਘਾਟ ਨੂੰ ਪੂਰਾ ਕਰਨਗੇ। ਉੱਚ ਅਧਿਕਾਰੀਆਂ ਵੱਲੋਂ ਸਟਾਫ਼ ਦੀ ਘਾਟ ਨੂੰ ਦੂਰ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਸਿਹਤ ਮੰਤਰੀ ਵੀ ਸਰਕਾਰੀ ਹਸਪਤਾਲਾਂ ਵਿਚਲੀਆਂ ਘਾਟਾਂ ਨੂੰ ਦੂਰ ਕਰਨ ਲਈ ਸਮੇਂ-ਸਮੇਂ ’ਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰ ਰਹੇ ਹਨ।

ਇਹ ਵੀ ਪੜ੍ਹੋ : ਬਿਹਾਰ ’ਚ ਪਈ ਰੰਜਿਸ਼ ਦਾ ਜਲੰਧਰ ’ਚ ਕਾਤਲ ਨੇ ਲਿਆ ਬਦਲਾ, 6 ਮਹੀਨਿਆਂ ਤੋਂ ਬਦਲਾ ਲੈਣ ਦੀ ਬਣਾ ਰਿਹਾ ਸੀ ਇਹ ਯੋਜਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

shivani attri

Content Editor

Related News