ਜਲੰਧਰ ''ਚ ਅੱਜ ਹੋਣ ਵਾਲੇ ਬਲੈਕਆਊਟ ਦਰਮਿਆਨ ਡਿਪਟੀ ਕਮਿਸ਼ਨਰ ਦੀ ਲੋਕਾਂ ਨੂੰ ਖ਼ਾਸ ਅਪੀਲ
Wednesday, May 07, 2025 - 11:41 AM (IST)

ਜਲੰਧਰ (ਚੋਪੜਾ)–ਜਲੰਧਰ ਜ਼ਿਲ੍ਹੇ ਵਿਚ ਨਾਗਰਿਕ ਸੁਰੱਖਿਆ ਵਿਵਸਥਾ ਨੂੰ ਪਰਖਣ ਅਤੇ ਹੰਗਾਮੀ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਨੂੰ ਜਾਂਚਣ ਦੇ ਉਦੇਸ਼ ਨਾਲ 7 ਮਈ ਨੂੰ ਰਾਤ 8 ਵਜੇ ਤੋਂ 9 ਵਜੇ ਤਕ ਇਕ ਘੰਟੇ ਦੀ ਬਲੈਕਆਊਟ ਮੌਕ ਡ੍ਰਿਲ ਕੀਤੀ ਜਾਵੇਗੀ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਇਹ ਸਿਰਫ਼ ਇਕ ਅਗਾਊਂ ਅਭਿਆਸ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਡਾ. ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਦੇ ਨਿਰਦੇਸ਼ਾਂ ਤਹਿਤ ਇਹ ਅਭਿਆਸ ਪੂਰੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੀਤਾ ਜਾ ਰਿਹਾ ਹੈ, ਤਾਂਕਿ ਕਿਸੇ ਆਫ਼ਤ, ਜੰਗ ਜਾਂ ਹੋਰ ਸੰਕਟ ਦੀ ਸਥਿਤੀ ਵਿਚ ਬਿਜਲੀ ਬੰਦ ਰਹਿਣ ਦੇ ਹਾਲਾਤ ਵਿਚ ਨਾਰਰਿਕਾਂ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦਾ ਮੁਲਾਂਕਣ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ ਛਾਉਣੀ ਇਲਾਕੇ ਵਿਚ ਇਸ ਦਾ ਅਗਾਊਂ ਅਭਿਆਸ ਮੰਗਲਵਾਰ ਰਾਤੀਂ 8 ਤੋਂ 9 ਵਿਚਕਾਰ ਕੀਤਾ ਗਿਆ, ਜਦਕਿ ਜ਼ਿਲ੍ਹੇ ਦੇ ਬਾਕੀ ਹਿੱਸਿਆਂ ਵਿਚ ਇਹ ਅਭਿਆਸ 7 ਮਈ ਨੂੰ ਇਸੇ ਸਮੇਂ ਹੋਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਬਲੈਕਆਊਟ ਅਭਿਆਸ ਦਾ ਉਦੇਸ਼ ਸਿਰਫ਼ ਸਾਡੀਆਂ ਤਿਆਰੀਆਂ ਦੀ ਜਾਂਚ ਕਰਨਾ ਹੈ, ਇਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਅਸਲੀ ਹੰਗਾਮੀ ਸਥਿਤੀ ਨਹੀਂ ਹੈ, ਇਸ ਲਈ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਘਬਰਾਉਣ ਨਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਦਾ ਪਾਲਣ ਕਰਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕਰਤਾਰਪੁਰ ਲਾਂਘਾ ਕੀਤਾ ਗਿਆ ਬੰਦ
ਡਿਪਟੀ ਕਮਿਸ਼ਨਰ ਨੇ ਨਾਗਰਿਕਾਂ ਨੂੰ ਕੀਤੀ ਵਿਸ਼ੇਸ਼ ਅਪੀਲ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਲੈਕਆਊਟ ਅਭਿਆਸ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਆਪਣੀਆਂ ਸਾਰੀਆਂ ਲਾਈਟਾਂ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਥੋਂ ਤਕ ਘਰਾਂ ਵਿਚ ਲੱਗੇ ਇਨਵਰਟਰ ਅਤੇ ਜੈਨਰੇਟਰ ਵੀ ਇਸ ਇਕ ਘੰਟੇ ਦੀ ਮਿਆਦ ਵਿਚ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਡਾ. ਅਗਰਵਾਲ ਨੇ ਵਿਸ਼ੇਸ਼ ਰੂਪ ਨਾਲ ਕਿਹਾ ਕਿ ਜੇਕਰ ਕਿਸੇ ਜ਼ਰੂਰੀ ਕਾਰਨ ਕਰ ਕੇ ਘਰ ਵਿਚ ਰੌਸ਼ਨੀ ਕਰਨੀ ਵੀ ਪਵੇ ਤਾਂ ਇਹ ਯਕੀਨੀ ਬਣਾਇਆ ਜਾਵੇ ਕਿ ਰੌਸ਼ਨੀ ਖਿੜਕੀ, ਦਰਵਾਜ਼ੇ ਜਾਂ ਹੋਰਨਾਂ ਸਥਾਨਾਂ ਤੋਂ ਬਾਹਰ ਨਾ ਨਿਕਲੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਈ ਘਰਾਂ ਵਿਚ ਸੀ. ਸੀ. ਟੀ. ਵੀ. ਕੈਮਰੇ ਅਤੇ ਜਾਂ ਸੈਂਸਰ ਆਧਾਰਿਤ ਲਾਈਟਾਂ ਹੁੰਦੀਆਂ ਹਨ, ਜਿਹੜੀਆਂ ਹਨ੍ਹੇਰਾ ਹੁੰਦੇ ਹੀ ਆਪਣੇ-ਆਪ ਚਾਲੂ ਹੋ ਜਾਂਦੀਆਂ ਹਨ। ਅਜਿਹੀਆਂ ਲਾਈਟਾਂ ਨੂੰ ਵੀ ਇਸ ਦੌਰਾਨ ਬੰਦ ਰੱਖਣ ਦੀ ਅਪੀਲ ਕੀਤੀ ਗਈ ਤਾਂ ਕਿ ਪੂਰਨ ਹਨ੍ਹੇਰੇ ਦੀ ਸਥਿਤੀ ਬਣਾਈ ਜਾ ਸਕੇ
ਡਾ. ਅਗਰਵਾਲ ਨੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਵਾਹਨਾਂ ਨੂੰ ਮੁੱਖ ਸੜਕਾਂ ’ਤੇ ਚਲਾਉਣ ਨੂੰ ਪ੍ਰਹੇਜ਼ ਕਰਨ ਨੂੰ ਕਿਹਾ। ਜੇਕਰ ਕਿਸੇ ਕਾਰਨ ਵਾਹਨ ਚਲਾ ਵੀ ਰਹੇ ਹੋ ਤਾਂ ਉਨ੍ਹਾਂ ਨੂੰ ਕਿਸੇ ਕੱਚੀ ਜਾਂ ਸੁਰੱਖਿਅਤ ਥਾਂ ’ਤੇ ਰੋਕ ਕੇ ਲਾਈਟਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ, ਇਸ ਨਾਲ ਸੜਕਾਂ ’ਤੇ ਕਿਸੇ ਤਰ੍ਹਾਂ ਦੀ ਰੌਸ਼ਨੀ ਪਹੁੰਚੇਗੀ ਅਤੇ ਬਲੈਕਆਊਟ ਦਾ ਪ੍ਰਭਾਵੀ ਅਭਿਆਸ ਹੋ ਸਕੇਗਾ।
ਇਹ ਵੀ ਪੜ੍ਹੋ: ਪੰਜਾਬ 'ਚ 13 ਕਾਂਗਰਸੀ ਕੌਂਸਲਰਾਂ 'ਤੇ ਸਖ਼ਤ ਕਾਰਵਾਈ, ਨੋਟਿਸ ਕੀਤਾ ਜਾਰੀ
ਆਫ਼ਤ ਪ੍ਰਬੰਧਨ ਅਤੇ ਸਿਵਲ ਡਿਫੈਂਸ ਦੇ ਸਹਿਯੋਗ ਨਾਲ ਹੋ ਰਿਹਾ ਅਭਿਆਸ
ਬਲੈਕਆਊਟ ਅਭਿਆਸ ਦਾ ਆਯੋਜਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਡਿਫੈਂਸ, ਪੁਲਸ ਅਤੇ ਬਿਜਲੀ ਵਿਭਾਗ ਦੇ ਤਾਲਮੇਲ ਨਾਲ ਕੀਤਾ ਜਾ ਰਿਹਾ ਹੈ। ਇਹ ਇਕ ਸਾਂਝੀ ਕੋਸ਼ਿਸ਼ ਹੈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੀ ਸਰਗਰਮ ਭੂਮਿਕਾ ਇਸ ਜ਼ਰੀਏ ਇਹ ਜਾਂਚ ਕੀਤੀ ਜਾਵੇਗੀ ਕਿ ਬਲੈਕਆਊਟ ਦੀ ਸਥਿਤੀ ਵਿਚ ਪ੍ਰਸ਼ਾਸਨਿਕ ਇਕਾਈਆਂ ਕਿੰਨੀਆਂ ਚੌਕਸ ਅਤੇ ਸਰਗਰਮ ਰਹਿੰਦੀਆਂ ਹਨ ਅਤੇ ਆਮ ਨਾਗਰਿਕਾਂ ਵਿਚ ਅਜਿਹੇ ਹਾਲਾਤ ਨੂੰ ਲੈ ਕੇ ਕਿੰਨੀ ਜਾਗਰੂਕਤਾ ਹੈ, ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 14 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ 'ਤੇ ਵੱਡੀ ਕਾਰਵਾਈ, ਵੇਖੋ ਲਿਸਟ 'ਚ ਨਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e