ਆਖਿਰ ਕਿਉਂ ਹੋ ਰਹੇ ਛੋਟੀ ਉਮਰ 'ਚ ਹਾਰਟ ਅਟੈਕ

Thursday, May 01, 2025 - 06:35 PM (IST)

ਆਖਿਰ ਕਿਉਂ ਹੋ ਰਹੇ ਛੋਟੀ ਉਮਰ 'ਚ ਹਾਰਟ ਅਟੈਕ

ਤਰਨਤਾਰਨ(ਰਮਨ)-ਦੇਸ਼ ’ਚ ਆਏ ਦਿਨ ਛੋਟੀ ਉਮਰ ’ਚ ਦਿਲ ਦਾ ਦੌਰਾ ਪੈਣ ਦੌਰਾਨ ਮੌਤ ਦੀ ਦਰ ਦਿਨ ਬ ਦਿਨ ਵੱਧਦੀ ਜਾ ਰਹੀ ਹੈ, ਜਿਸ ਦਾ ਡਾਕਟਰੀ ਮਾਹਿਰਾਂ ਦੇ ਅਨੁਸਾਰ ਮੁੱਖ ਕਾਰਨ ਜਿਆਦਾ ਦਿਮਾਗੀ ਬੋਝ, ਮਾੜਾ ਖਾਣਾ ਪੀਣਾ, ਸਿਗਰੇਟ, ਅਲਕੋਹਲ, ਡਰੱਗਜ ਦੀ ਵਰਤੋਂ ਤੋਂ ਇਲਾਵਾ ਮੋਟਾਪਾ ਮੰਨਿਆ ਜਾ ਰਿਹਾ ਹੈ।

ਇਨਸਾਨ ਵਲੋਂ ਆਪਣਾ ਸਮੇਂ ਸਿਰ ਮੈਡੀਕਲ ਨਾ ਕਰਵਾਉਣਾ ਤੇ ਖੁਦ ਇਲਾਜ ਕਰਨਾ ਵੀ ਦਿਲ ਦੇ ਰੋਗੀਆਂ ਨੂੰ ਮੌਤ ਦੇ ਮੂੰਹ ਤੱਕ ਪਹੁੰਚਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ਾਂ ’ਚ ਪੁੱਜੇ ਛੋਟੀ ਉਮਰ ਦੇ ਭਾਰਤੀ ਨੌਜਵਾਨ ਦਿਨ ਰਾਤ ਮਿਹਨਤ ਕਰਦੇ ਸਟ੍ਰੈੱਸ ਦਾ ਸ਼ਿਕਾਰ ਹੋਣ ਕਰ ਕੇ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ। 2017 ਦੌਰਾਨ ਕੀਤੇ ਸਰਵੇ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਦਿਲ ਦੀਆਂ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ ਮਰੀਜ਼ਾਂ ਦੀ ਰੋਜ਼ਾਨਾ ਭਾਰਤ ਅੰਦਰ 1 ਲੱਖ ਪਿੱਛੇ 272 ਮਰੀਜ਼ਾ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ’ਚ ਨੌਜਵਾਨਾਂ ਦੀ ਗਿਣਤੀ ਦਿਨਬਦਿਨ ਵੱਧਦੀ ਜਾ ਰਹੀ ਹੈ।

ਹਾਰਟ ਅਟੈਕ ਆਉਣ ਦੇ ਲੱਛਣ

ਛੋਟੀ ਤੋਂ ਵੱਡੀ ਉਮਰ ਦੇ ਇਨਸਾਨ ਨੂੰ ਜਦੋਂ ਹਾਰਟ ਅਟੈਕ ਆਉਂਦਾ ਹੈ ਤਾਂ ਉਸ ਦੀ ਛਾਤੀ, ਬਾਂਹ, ਪਿੱਠ, ਗਰਦਨ ਤੇ ਪੇਟ ਤੱਕ ਤੇਜ਼ ਦਰਦ ਸ਼ੁਰੂ ਹੋ ਜਾਂਦੀ ਹੈ। ਇਸ ਦੇ ਨਾਲ ਹੀ ਮਰੀਜ਼ ਨੂੰ ਤਰੇਲੀਆਂ, ਘਬਰਾਹਟ, ਸਾਹ ਫੁੱਲਣਾ ਸ਼ੁਰੂ ਹੋ ਜਾਦਾ ਹੈ। ਇਹ ਸਭ ਸਰੀਰ ਅੰਦਰ ਮਾੜਾ ਕੋਲੈਸਟ੍ਰੋਲ (ਖੂਨ ਅੰਦਰ ਮੌਜੂਦ ਚਰਬੀ) ਕਾਰਨ ਹੁੰਦਾ ਹੈ।

ਵਿਦੇਸ਼ਾਂ ’ਚ ਡਾਲਰਾਂ ਦੇ ਲਾਲਚ ਵਿਚ ਆਪਣੇ ਸੁਪਨੇ ਜਲਦ ਸਾਕਾਰ ਕਰਨ ਲਈ ਨੌਜਵਾਨ ਦਿਨ ਰਾਤ ਮਿਹਨਤ ਕਰਦੇ ਵਿਖਾਈ ਦੇ ਰਹੇ ਹਨ, ਜਿਨ੍ਹਾਂ ਦੇ ਦਿਮਾਗ ਉਪਰ ਜਿਆਦਾ ਬੋਝ ਪੈਣ ਕਾਰਨ ਉਹ ਸਟ੍ਰੈੱਸ ਦਾ ਸ਼ਿਕਾਰ ਹੋ ਜਾਦੇ ਹਨ।

ਜੰਕ ਫੂਡ ਅਤੇ ਚਿਕਨਾਹਟ ਤੋਂ ਕਰੋ ਕਿਨਾਰਾ

‘‘ਆਲ ਇਜ਼ ਵੈੱਲ’’ ਕਲੀਨਿਕ ਦੇ ਮਾਲਕ ਡਾਈਟੀਸ਼ੀਅਨ ਪਵਨ ਕੁਮਾਰ ਚਾਵਲਾ ਨੇ ਦੱਸਿਆ ਕਿ ਇਨਸਾਨ ਨੂੰ ਆਪਣੀ ਜਿੰਦਗੀ ਲੰਮੀ ਗੁਜਾਰਨ ਲਈ ਲਾਈਫ ਸਟਾਈਲ ’ਚ ਸਮਾਂ ਰਹਿਣ ਤੋਂ ਪਹਿਲਾਂ ਬਦਲ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜਿਆਦਾ ਘਿਓ, ਮੱਖਣ ਅਤੇ ਫਰਾਈ ਵਸਤੂਆਂ ਦੀ ਵਰਤੋਂ ਕਰਨ ਨਾਲ ਇਨਸਾਨ ਦਿਲ ਦੀਆਂ ਗੰਬੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਜੰਕ ਫੂਡ ਤੋਂ ਗੁਰੇਜ ਕਰਨ ਨਾਲ ਇਨਸਾਨ ਕਈ ਬਿਮਾਰੀਆਂ ਤੋਂ ਦੂਰ ਰਹਿ ਸਕਦਾ ਹੈ। ਇਨਸਾਨ ਨੂੰ ਤੰਦਰੁਸਤ ਰਹਿਣ ਲਈ ਹਰੀਆਂ ਸਬਜੀਆਂ, ਮੈਡੀਟੇਸ਼ਨ ਕਰਨਾ, ਪਾਣੀ ਪੀਣ ਦੀ ਵੱਧ ਵਰਤੋਂ, ਸੈਰ ਕਰਨਾ, ਸੂਰਜ ਛਿੱਪਣ ਤੋਂ ਪਹਿਲਾਂ ਰੋਟੀ ਖਾਣਾ ਅਤੇ ਸਮੇਂ ਸਿਰ ਨੀਂਦ ਲੈਣਾ ਬਹੁਤ ਜ਼ਰੂਰੀ ਹੈ।

ਹਰ ਤਿੰਨ ਮਹੀਨੇ ਬਾਅਦ ਕਰਵਾਓ ਜਾਂਚ

ਮੈਡੀਕੇਅਰ ਹਾਰਟ ਸੈਂਟਰ, ਤਰਨਤਾਰਨ ਦੇ ਮਾਲਕ ਤੇ ਦਿਲ ਰੋਗਾਂ ਦੇ ਮਾਹਿਰ ਡਾ. ਰਜਨੀਸ਼ ਸ਼ਰਮਾਂ ਨੇ ਦੱਸਿਆ ਕਿ ਦਿਲ ਰੋਗਾਂ ਦੇ ਸ਼ਿਕਾਰ ਮਰੀਜ਼ ਨੂੰ ਹਰ ਤਿੰਨ ਮਹੀਨੇ ਬਾਅਦ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ, ਜਿਸ ਨਾਲ ਮਰੀਜ਼ ਦੇ ਜ਼ਰੂਰੀ ਮੈਡੀਕਲ ਟੈਸਟ ਕਰਵਾਉਣ ਨਾਲ ਅੰਦਰੂਨੀ ਗਤੀਵਿਧੀਆਂ ਦਾ ਪਤਾ ਲੱਗ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਨਸਾਨ ਸਿਗਰਟ, ਅਲਕੋਹਲ, ਸਟ੍ਰੈੱਸ, ਉਵਰ ਵੇਟ ਅਤੇ ਫ੍ਰਾਈ ਵਸਤੂਆਂ ’ਤੇ ਕੰਟਰੋਲ ਕਰਨ ਨਾਲ ਹਾਰਟ ਅਟੈਕ ਤੋਂ ਬਚ ਸਕਦਾ ਹੈ।


author

Shivani Bassan

Content Editor

Related News