ਟ੍ਰੇਨਾਂ ਨੇ ਕਰਵਾਈ ਕਈ ਘੰਟਿਆਂ ਉਡੀਕ, ਯਾਤਰੀ ਪ੍ਰੇਸ਼ਾਨ
Saturday, May 03, 2025 - 03:26 AM (IST)

ਜਲੰਧਰ (ਪੁਨੀਤ) – ਜਿਥੇ ਇਕ ਪਾਸੇ ਲੰਮੇ ਰੂਟ ਦੀਆਂ ਟ੍ਰੇਨਾਂ ਲੇਟ ਹੋ ਰਹੀਆਂ ਹਨ, ਉਥੇ ਹੀ 1-2 ਘੰਟੇ ਦੀ ਦੂਰੀ ਤੋਂ ਆਉਣ ਵਾਲੀਆਂ ਟ੍ਰੇਨਾਂ ਵੀ ਯਾਤਰੀਆਂ ਨੂੰ ਲੰਮੀ ਉਡੀਕ ਕਰਵਾ ਰਹੀਆਂ ਹਨ, ਜੋ ਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ।
ਦਿੱਲੀ-ਪਠਾਨਕੋਟ ਸਵਰਾਜ ਸਮੇਤ ਵੱਖ-ਵੱਖ ਟ੍ਰੇਨਾਂ 2 ਤੋਂ 5 ਘੰਟੇ ਤਕ ਲੇਟ ਰਹੀਆਂ, ਜਦੋਂ ਕਿ ਅੰਮ੍ਰਿਤਸਰ ਤੋਂ ਬਣ ਕੇ ਚੱਲਣ ਵਾਲੀ 12408 ਕਰਮਭੂਮੀ ਐਕਸਪ੍ਰੈੱਸ ਜਲੰਧਰ ਦੇ ਆਪਣੇ ਤੈਅ ਸਮੇਂ ਸਵੇਰੇ 10.30 ਤੋਂ 6 ਘੰਟੇ ਲੇਟ ਰਹਿੰਦੇ ਹੋਏ ਸ਼ਾਮ 4.34 ਵਜੇ ਸਟੇਸ਼ਨ ’ਤੇ ਪਹੁੰਚੀ। ਅਮਰਨਾਥ ਐਕਸਪ੍ਰੈੱਸ 15653 ਲੱਗਭਗ 6 ਘੰਟੇ ਦੀ ਦੇਰੀ ਨਾਲ ਦੁਪਹਿਰ 2.41 ਵਜੇ ਕੈਂਟ ਸਟੇਸ਼ਨ ’ਤੇ ਪੁੱਜੀ।
ਅਤਿ-ਮਹੱਤਵਪੂਰਨ ਟ੍ਰੇਨਾਂ ਵਿਚ ਸ਼ਾਮਲ ਸਵਰਨ ਸ਼ਤਾਬਦੀ 12029 ਦਿੱਲੀ ਤੋਂ ਆਉਣ ਸਮੇਂ ਲੇਟ ਰਹੀ ਅਤੇ ਜਲੰਧਰ ਦੇ ਆਪਣੇ ਤੈਅ ਸਮੇਂ 12.06 ਵਜੇ ਤੋਂ ਇਕ ਘੰਟਾ ਲੇਟ ਰਹਿੰਦੇ ਹੋਏ 1.10 ਤੋਂ ਬਾਅਦ ਸਿਟੀ ਸਟੇਸ਼ਨ ’ਤੇ ਪੁੱਜੀ। ਇਸੇ ਤਰ੍ਹਾਂ ਦਿੱਲੀ ਤੋਂ ਆਉਣ ਵਾਲੀ ਸ਼ਾਨ-ਏ-ਪੰਜਾਬ 12497 ਆਪਣੇ ਤੈਅ ਸਮੇਂ 12.50 ਤੋਂ ਡੇਢ ਘੰਟਾ ਲੇਟ ਰਹਿੰਦੇ ਹੋਏ ਢਾਈ ਵਜੇ ਦੇ ਲੱਗਭਗ ਸਿਟੀ ਸਟੇਸ਼ਨ ’ਤੇ ਪਹੁੰਚੀ। ਉਥੇ ਹੀ, 22429 ਦਿੱਲੀ-ਪਠਾਨਕੋਟ ਐਕਸਪ੍ਰੈੱਸ 2 ਘੰਟ ਤੋਂ ਵੱਧ ਦੇਰੀ ਨਾਲ ਸ਼ਾਮੀਂ ਸਵਾ 4 ਵਜੇ ਜਲੰਧਰ ਪੁੱਜੀ।
ਮਾਤਾ ਵੈਸ਼ਨੋ ਦੇਵੀ ਜਾਣ ਵਾਲੀ 12471 ਸਵਰਾਜ ਐਕਸਪ੍ਰੈੱਸ ਲੱਗਭਗ 2 ਘੰਟੇ ਲੇਟ ਰਹਿੰਦੇ ਹੋਏ ਕੈਂਟ ਸਟੇਸ਼ਨ ’ਤੇ ਪੁੱਜੀ। ਕਟਿਹਾਰ ਐਕਸਪ੍ਰੈੱਸ 15707 ਆਪਣੇ ਤੈਅ ਸਮੇਂ ਸਵੇਰੇ 10.30 ਤੋਂ ਸਾਢੇ 5 ਘੰਟੇ ਲੇਟ ਰਹਿੰਦੇ ਹੋਏ ਸ਼ਾਮੀਂ 4 ਵਜੇ ਤੋਂ ਬਾਅਦ ਸਟੇਸ਼ਨ ’ਤੇ ਪੁੱਜੀ।
18237 ਛੱਤੀਸਗੜ੍ਹ ਐਕਸਪ੍ਰੈੱਸ ਸਵਾ 3 ਘੰਟੇ ਦੀ ਦੇਰੀ ਨਾਲ ਜਲੰਧਰ ਕੈਂਟ ਸਟੇਸ਼ਨ ’ਤੇ ਪੁੱਜੀ। ਆਗਰਾ-ਹੁਸ਼ਿਆਰਪੁਰ ਐਕਸਪ੍ਰੈੱਸ 11905 ਲੱਗਭਗ ਪੌਣਾ ਘੰਟਾ ਲੇਟ ਰਹੀ। ਕੋਲਮ ਤੋਂ ਚੱਲ ਕੇ ਅੰਮ੍ਰਿਤਸਰ ਜਾਣ ਵਾਲੀ 12483 ਆਪਣੇ ਤੈਅ ਸਮੇਂ 11.50 ਤੋਂ 1 ਘੰਟਾ ਲੇਟ ਰਹਿੰਦੇ ਹੋਏ 1 ਵਜੇ ਦੇ ਲੱਗਭਗ ਸਿਟੀ ਸਟੇਸ਼ਨ ’ਤੇ ਪੁੱਜੀ। ਲੋਕਲ ਟ੍ਰੇਨਾਂ ਵਿਚ ਸ਼ਾਮਲ 64551 ਲੁਧਿਆਣਾ-ਛੇਹਰਟਾ ਜਲੰਧਰ ਦੇ ਤੈਅ ਸਮੇਂ ਪੌਣੇ 10 ਤੋਂ 1 ਘੰਟਾ ਲੇਟ ਰਹਿੰਦੇ ਹੋਏ 10.50 ਵਜੇ ਸਟੇਸ਼ਨ ਪੁੱਜੀ।
ਭਾਰੀ ਭੀੜ ਕਾਰਨ ਸਮੇਂ ’ਤੇ ਕਨਫਰਮ ਕਰਵਾ ਲਓ ਟਿਕਟਾਂ
ਉਥੇ ਹੀ, ਸਟੇਸ਼ਨ ’ਤੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ, ਜੋ ਟ੍ਰੇਨਾਂ ਵਿਚ ਭੀੜ ਦਾ ਸੰਕੇਤ ਦੇ ਰਹੀ ਹੈ। ਵੱਖ-ਵੱਖ ਟ੍ਰੇਨਾਂ ਵਿਚ 5-7 ਵੇਟਿੰਗ ਵਾਲੀਆਂ ਟਿਕਟਾਂ ਦਾ ਕਨਫਰਮ ਹੋ ਪਾਉਣਾ ਮੁਸ਼ਕਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹੀਂ ਦਿਨੀਂ ਟ੍ਰੇਨਾਂ ਵਿਚ ਯਾਤਰੀਆਂ ਦੀ ਗਿਣਤੀ ਵਿਚ ਭਾਰੀ ਇਜ਼ਾਫਾ ਹੁੰਦਾ ਹੈ, ਇਸ ਲਈ ਯਾਤਰਾ ’ਤੇ ਜਾਣ ਵਾਲੇ ਯਾਤਰੀਆਂ ਨੂੰ ਆਪਣੀਆਂ ਟਿਕਟਾਂ ਨੂੰ ਪਹਿਲਾਂ ਹੀ ਬੁੱਕ ਕਰਵਾ ਲੈਣਾ ਚਾਹੀਦਾ ਹੈ ਤਾਂ ਕਿ ਆਖਰੀ ਸਮੇਂ ਵਿਚ ਟਿਕਟਾਂ ਨੂੰ ਲੈ ਕੇ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।