ਕਾਂਗਰਸ ਭਾਜਪਾ ਨੂੰ ਕਰਨਾਟਕ ''ਚ ਜਵਾਬ ਦੇਣ ਲਈ ਕੱਢੇਗੀ ''ਏਕਤਾ ਬੱਸ ਯਾਤਰਾ

01/18/2018 7:02:15 AM

ਜਲੰਧਰ  (ਧਵਨ) - ਕਾਂਗਰਸ ਨੇ ਕਰਨਾਟਕ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਸਿਆਸੀ ਤੌਰ 'ਤੇ ਜਵਾਬ ਦੇਣ ਲਈ 'ਏਕਤਾ ਬੱਸ ਯਾਤਰਾ' ਕੱਢਣ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਸਿੱਧਾਰਮਈਯਾ ਅਤੇ ਸੂਬੇ ਦੇ ਕਾਂਗਰਸ ਮੁਖੀ ਜੀ. ਪਰਮੇਸ਼ਵਰਾ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਸ਼ੇਸ਼ ਤੌਰ 'ਤੇ ਬਣਾਈ ਜਾਣ ਵਾਲੀ ਬੱਸ 'ਚ ਸਵਾਰ ਹੋ ਕੇ 'ਏਕਤਾ ਬੱਸ ਯਾਤਰਾ' ਕੱਢੀ ਜਾਏਗੀ ਜਿਸ ਨੂੰ ਅਗਲੇ ਮਹੀਨੇ ਕਿਸੇ ਵੀ ਦਿਨ ਸ਼ੁਰੂ ਕੀਤਾ ਜਾ ਸਕਦਾ ਹੈ। ਕਾਂਗਰਸ ਹਲਕਿਆਂ ਨੇ ਦੱਸਿਆ ਕਿ ਅਖਿਲ ਭਾਰਤੀ ਕਾਂਗਰਸ ਕਮੇਟੀ ਅਤੇ ਕਰਨਾਟਕ ਕਾਂਗਰਸ ਕਮੇਟੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਹੁਕਮਾਂ 'ਤੇ ਅਮਲ ਕਰਦੇ ਹੋਏ ਉਕਤ ਏਕਤਾ ਯਾਤਰਾ ਕੱਢਣ ਦਾ ਫੈਸਲਾ ਲਿਆ ਹੈ।
ਕਰਨਾਟਕ 'ਚ ਵਿਧਾਨ ਸਭਾ ਚੋਣਾਂ ਮਾਰਚ-ਅਪ੍ਰੈਲ ਮਹੀਨੇ 'ਚ ਹੋਣੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਵਲੋਂ ਇਸ ਏਕਤਾ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ। ਇਸ ਏਕਤਾ ਯਾਤਰਾ ਰਾਹੀ ਕਾਂਗਰਸ ਸੂਬੇ ਦੇ ਵੋਟਰਾਂ ਨੂੰ ਦੱਸਣਾ ਚਾਹੁੰਦੀ ਹੈ ਕਿ ਕਾਂਗਰਸ ਇਕ ਤਾਂ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਦੂਜਾ ਕਾਂਗਰਸ ਨੂੰ ਇਕ ਰੱਖਣ ਲਈ ਕਾਂਗਰਸ ਨੂੰ ਮੁੜ ਸੱਤਾ 'ਚ ਲਿਆਂਦਾ ਜਾਵੇ ਕਿਉਂਕਿ ਭਾਜਪਾ ਦੇ ਹੱਥਾਂ 'ਚ ਕਰਨਾਟਕ ਦੇ ਹਿੱਤ ਸੁਰੱਖਿਅਤ ਨਹੀਂ ਹਨ।
ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਏਕਤਾ ਬੱਸ ਯਾਤਰਾ 'ਚ ਬੱਸ ਨੂੰ ਇਕ ਵਿਸ਼ੇਸ਼ ਨਾਂ ਦਿੱਤਾ ਜਾਵੇਗਾ ਅਤੇ ਇਹ ਬੱਸ ਯਾਤਰਾ ਕਰਨਾਟਕ ਦੇ ਸਾਰੇ ਵਿਧਾਨ ਸਭਾ ਹਲਕਿਆਂ 'ਚੋਂ ਹੋ ਕੇ ਲੰਘੇਗੀ। ਪਾਰਟੀ ਲੀਡਰਸ਼ਿਪ ਦੀ ਚੋਣ ਤੋਂ ਪਹਿਲਾਂ ਬਣਾਈ ਗਈ ਰਣਨੀਤੀ ਤਹਿਤ ਵੀ ਏਕਤਾ ਯਾਤਰਾ ਕੱਢਣ ਦਾ ਫੈਸਲਾ ਹੋਇਆ ਹੈ। ਯੋਜਨਾ ਮੁਤਾਬਕ ਮੁੱਖ ਮੰਤਰੀ ਸਿੱਧਰਮਈਯਾ ਅਤੇ ਸੂਬਾ ਕਾਂਗਰਸ ਪ੍ਰਧਾਨ ਪਰਮੇਸ਼ਵਰਾ ਵਲੋਂ ਆਪਣੇ ਵੱਖ-ਵੱਖ ਦੌਰਿਆਂ ਨੂੰ ਫਿਲਹਾਲ ਪੂਰਾ ਕੀਤਾ ਜਾਵੇਗਾ।
ਇਹ ਵੀ ਪ੍ਰਸਤਾਵ ਹੈ ਕਿ ਰਾਹੁਲ ਗਾਂਧੀ ਜਦੋਂ ਸੂਬੇ 'ਚ ਚੋਣ ਦੌਰਿਆਂ 'ਤੇ ਆਉਣਗੇ ਤਾਂ ਉਹ ਇਸ ਬੱਸ 'ਚ ਹੀ ਯਾਤਰਾ ਕਰਨਗੇ ਅਤੇ ਬੱਸ ਰਾਹੀਂ ਹੀ ਸੂਬੇ ਦੇ ਵੋਟਰਾਂ ਦੇ ਰੂ-ਬਰੂ ਹੋਣਗੇ। ਕਾਂਗਰਸ ਕਰਨਾਟਕ 'ਚ ਆਪਣੀ ਮੁੜ ਵਾਪਸੀ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਨੇ ਕਰਨਾਟਕ 'ਚ ਕਾਂਗਰਸ ਦੀ ਅੰਦਰੂਨੀ ਏਕਤਾ 'ਤੇ ਸਵਾਲ ਉਠਾਏ ਸਨ। ਉਸ ਦਾ ਜਵਾਬ ਵੀ ਏਕਤਾ ਬੱਸ ਯਾਤਰਾ ਰਾਹੀਂ ਭਾਜਪਾ ਨੂੰ ਦੇ ਦਿੱਤਾ ਜਾਵੇਗਾ। ਇਸ ਰਾਹੀਂ ਕਾਂਗਰਸ ਸਰਕਾਰ ਵੋਟਰਾਂ ਨੂੰ ਇਹ ਵੀ ਦੱਸੇਗੀ ਕਿ ਭਾਜਪਾ ਸਰਕਾਰ ਦੇ ਮੁਕਾਬਲੇ ਕਾਂਗਰਸ ਸਰਕਾਰ ਵਲੋਂ ਦਿੱਤਾ ਗਿਆ ਪ੍ਰਸ਼ਾਸਨ ਸਾਫ-ਸੁਥਰਾ ਸੀ ਅਤੇ ਪਾਰਦਰਸ਼ੀ ਪ੍ਰਸ਼ਾਸਨ ਨੂੰ ਹੀ ਕਾਂਗਰਸ ਆਪਣੇ ਚੋਣ ਏਜੰਡੇ 'ਚ ਸਭ ਤੋਂ ਉਪਰ ਰੱਖਣਾ ਚਾਹੁੰਦੀ ਹੈ।


Related News