ਭਾਜਪਾ ਦੀਆਂ ਨਜ਼ਰਾਂ ਹੁਣ ਦਿੱਲੀ ਦੀ ਸੱਤਾ ’ਤੇ, ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ

Thursday, Jun 13, 2024 - 09:50 AM (IST)

ਨੈਸ਼ਨਲ ਡੈਸਕ- ਲੋਕ ਸਭਾ ਚੋਣਾਂ ’ਚ ਦਿੱਲੀ ਦੀਆਂ 7 ਸੀਟਾਂ ’ਤੇ ਤੀਜੀ ਵਾਰ ਕਬਜ਼ਾ ਕਰਨ ਤੋਂ ਬਾਅਦ ਹੁਣ ਭਾਜਪਾ ਦੀਆਂ ਨਜ਼ਰਾਂ ਦਿੱਲੀ ਦੀ ਸੱਤਾ ’ਤੇ ਹੈ। ਪਿਛਲੇ ਕਈ ਸਾਲਾਂ ਤੋਂ ਦਿੱਲੀ ’ਚ ਲੋਕ ਸਭਾ, ਵਿਧਾਨ ਸਭਾ ਅਤੇ ਨਗਰ ਨਿਗਮ ਚੋਣਾਂ ’ਚ ਲੋਕ ਫਤਵਾ ਵੱਖ-ਵੱਖ ਰਿਹਾ ਹੈ। ਲੋਕ ਸਭਾ ਚੋਣਾਂ 2014 ਤੋਂ ਲਗਾਤਾਰ ਭਾਜਪਾ ਜਿੱਤਦੀ ਰਹੀ ਹੈ, ਤਾਂ 2015 ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਨੂੰ ਜਿੱਤ ਹਾਸਲ ਹੋਈ ਹੈ। ਰਾਸ਼ਟਰੀ ਰਾਜਧਾਨੀ ’ਚ ਅਗਲੇ ਸਾਲ ਦੇ ਸ਼ੁਰੂ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਕ ਰਿਪੋਰਟ ਮੁਤਾਬਕ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ), ਭਾਜਪਾ ਅਤੇ ਕਾਂਗਰਸ ਨੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਦੀ ਕੋਸ਼ਿਸ਼ ਹੈ ਕਿ ਜਿਸ ਤਰ੍ਹਾਂ ਲੋਕ ਸਭਾ ਚੋਣਾਂ ’ਚ ਦਿੱਲੀ ’ਚ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਹੈ, ਉਸੇ ਤਰ੍ਹਾਂ ਇਸ ਵਾਰ ਵਿਧਾਨ ਸਭਾ ਚੋਣਾਂ ’ਚ ਵੀ ਉਸ ਦਾ ਪ੍ਰਦਰਸ਼ਨ ਬਿਹਤਰ ਰਹੇ।

ਇਹ ਵੀ ਪੜ੍ਹੋ-  ਇਸ ਸੂਬੇ ਦੀ ਸਰਕਾਰ ਵਲੋਂ ਕੁੜੀਆਂ ਨੂੰ ਮਹੀਨਾਵਾਰ ਭੱਤਾ ਦੇਣ ਦਾ ਐਲਾਨ, ਇਨ੍ਹਾਂ ਵਿਦਿਆਰਥਣਾਂ ਨੂੰ ਮਿਲੇਗਾ ਲਾਭ

ਚੋਣਾਂ ’ਚ ਭਾਜਪਾ ਦਾ ਘਟਿਆ ਵੋਟ ਸ਼ੇਅਰ

ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਭਾਜਪਾ ਦਾ ਵੋਟ ਸ਼ੇਅਰ ਲੱਗਭਗ 6.4 ਫੀਸਦੀ ਘੱਟ ਰਿਹਾ ਹੈ। ਭਾਜਪਾ ਨੂੰ ਪਿਛਲੀ ਵਾਰ 56 ਫੀਸਦੀ ਵੋਟਾਂ ਮਿਲੀਆਂ ਸਨ, ਜਦੋਂ ਕਿ ਇਸ ਵਾਰ 52 ਫੀਸਦੀ ਮਿਲੀਆਂ ਹਨ। ਕਾਂਗਰਸ ਅਤੇ ‘ਆਪ’ ਇਸ ਵਾਰ ਮਿਲ ਕੇ ਚੋਣਾਂ ਲੜੇ ਸਨ। ‘ਆਪ’ ਨੇ ਚਾਰ ਸੀਟਾਂ ’ਤੇ ਅਤੇ ਕਾਂਗਰਸ ਤਿੰਨ ਸੀਟ ’ਤੇ ਉਮੀਦਵਾਰ ਉਤਾਰੇ ਸਨ। ਬਾਵਜੂਦ ਇਸ ਦੇ ਦੋਵਾਂ ਦੀ ਵੋਟ ਔਸਤ ’ਚ ਜ਼ਿਆਦਾ ਬਦਲਾਅ ਨਹੀਂ ਹੋਇਆ।‘ਆਪ’ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੁਪਰੀਮ ਕੋਰਟ ਵੱਲੋਂ ਚੋਣ ਪ੍ਰਚਾਰ ਲਈ 21 ਦਿਨ ਦੀ ਜ਼ਮਾਨਤ ਦੀ ਮਿਆਦ ਪੂਰੀ ਕਰ ਕੇ 2 ਜੂਨ ਨੂੰ ਵਾਪਸ ਤਿਹਾੜ ਜੇਲ੍ਹ ਚਲੇ ਗਏ।

ਹੁਣ ਵੱਖ-ਵੱਖ ਚੋਣਾਂ ਲੜਨਗੇ ‘ਆਪ’ ਅਤੇ ਕਾਂਗਰਸ

ਰਿਪੋਰਟ ਮੁਤਾਬਕ ਕੇਜਰੀਵਾਲ ਦੀ ਗ਼ੈਰ-ਹਾਜ਼ਰੀ ’ਚ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਚੋਣ ਨਤੀਜਿਆਂ ਦੀ ਸਮੀਖਿਆ ਬੈਠਕ ਲਈ ਹੈ। ਇਸ ਬੈਠਕ ਤੋਂ ਬਾਅਦ ‘ਆਪ’ ਦੇ ਦਿੱਲੀ ਦੇ ਕਨਵੀਨਰ ਅਤੇ ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਨੇ ਐਲਾਨ ਕਰ ਦਿੱਤਾ ਕਿ ਕਾਂਗਰਸ ਨਾਲ ‘ਆਪ’ ਦਾ ਗੱਠਜੋੜ ਸਿਰਫ ਲੋਕ ਸਭਾ ਚੋਣਾਂ ਲਈ ਸੀ। ‘ਆਪ’ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗੀ। ਉਸ ਤੋਂ ਬਾਅਦ ਦਿੱਲੀ ਕਾਂਗਰਸ ਦੇ ਨਵੇਂ ਪ੍ਰਧਾਨ ਦੇਵੇਂਦਰ ਯਾਦਵ ਨੇ ਵੀ ਇਸ ਗੱਲ ਨੂੰ ਦੁਹਰਾਇਆ ਹੈ।

ਇਹ ਵੀ ਪੜ੍ਹੋ- ਲੀਕ ਨਾ ਹੋਵੇ ਜਾਣਕਾਰੀ, PM ਮੋਦੀ ਨੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਲਈ ਅਪਣਾਇਆ ਨਵਾਂ ਪੈਂਤੜਾ

ਕੇਜਰੀਵਾਲ ਦੇ ਮੁਕਾਬਲੇ ਦੇ ਨੇਤਾ ਦੀ ਤਲਾਸ਼

ਨਗਰ ਨਿਗਮ ਦੀਆਂ ਚੋਣਾਂ ਲਗਾਤਾਰ ਤਿੰਨ ਵਾਰ ਭਾਜਪਾ ਨੇ ਜਿੱਤੀਆਂ ਹਨ ਪਰ ਸਾਲ 2022 ’ਚ ਨਿਗਮ ’ਤੇ ‘ਆਪ’ ਨੇ ਕਬਜ਼ਾ ਕਰ ਲਿਆ ਸੀ। ਲੋਕ ਸਭਾ ਚੋਣਾਂ ’ਤੇ ਨਜ਼ਰ ਮਾਰੀਏ ਤਾਂ ਦਿੱਲੀ ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ ’ਚੋਂ 52 ’ਤੇ ਭਾਜਪਾ ਨੂੰ ਵਾਧਾ ਮਿਲਿਆ ਹੈ। ਹਾਲਾਂਕਿ, 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ 65 ਵਿਧਾਨ ਸਭਾ ਸੀਟ ’ਤੇ ਵਾਧਾ ਮਿਲਿਆ ਸੀ ਪਰ ਵਿਧਾਨ ਸਭਾ ਚੋਣਾਂ ’ਚ ਉਸ ਨੂੰ ਸਿਰਫ 8 ਸੀਟਾਂ ਹੀ ਮਿਲ ਸਕੀਆਂ। ਦਰਅਸਲ ਭਾਜਪਾ ਲਈ ਵੱਡੀ ਚੁਣੌਤੀ ਮੁੱਖ ਮੰਤਰੀ ਕੇਜਰੀਵਾਲ ਦੇ ਮੁਕਾਬਲੇ ਦਿੱਲੀ ’ਚ ਨੇਤਾ ਤਿਆਰ ਕਰਨ ਦੀ ਹੈ। ਦੂਜੀ ਚਿੰਤਾ ਇਨ੍ਹਾਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਨਵੀਂ ਦਿੱਲੀ, ਦਿੱਲੀ ਛਾਉਣੀ, ਰਾਜੌਰੀ ਗਾਰਡਨ, ਤਿਲਕ ਨਗਰ ਆਦਿ ਵਿਧਾਨ ਸਭਾ ਖੇਤਰਾਂ ’ਚ ਵਾਧਾ ਨਾ ਮਿਲਣਾ ਹੈ।

ਇਹ ਵੀ ਪੜ੍ਹੋ- ਚੌਥੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਚੰਦਰਬਾਬੂ ਨਾਇਡੂ

‘ਆਪ’ ਦੇ ਹਾਰਨ ਦੇ ਰਹੇ ਕਈ ਕਾਰਨ

ਇਸ ਵਾਰ ਦਿੱਲੀ ਦੀਆਂ ਸਾਰੀਆਂ ਸੱਤੇ ਲੋਕ ਸਭਾ ਸੀਟਾਂ ’ਤੇ ਲਗਾਤਾਰ ਆਮ ਆਦਮੀ ਪਾਰਟੀ ਦੇ ਹਾਰ ਦੇ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ’ਚ ‘ਆਪ’ ਦੇ ਨੇਤਾਵਾਂ ’ਤੇ ਲੱਗ ਰਹੇ ਦੋਸ਼ਾਂ ਦਾ ਜਨਤਾ ’ਤੇ ਪ੍ਰਭਾਵ ਵੀ ਇਕ ਕਾਰਨ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਚੋਣ ਪ੍ਰਚਾਰ ਦੌਰਾਨ 21 ਮਾਰਚ ਨੂੰ ਮੁੱਖ ਮੰਤਰੀ ਕੇਜਰੀਵਾਲ ਦੀ ਕਥਿਤ ਸ਼ਰਾਬ ਘਪਲੇ ’ਚ ਗ੍ਰਿਫਤਾਰੀ, 10 ਮਈ ਨੂੰ ਚੋਣ ਪ੍ਰਚਾਰ ਲਈ ਉਨ੍ਹਾਂ ਦਾ ਤਿੰਨ ਹਫਤੇ ਲਈ ਜ਼ਮਾਨਤ ’ਤੇ ਆਉਣਾ ਅਤੇ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੀ ਕੇਜਰੀਵਾਲ ਦੇ ਸਰਕਾਰੀ ਨਿਵਾਸ ’ਤੇ ਕਥਿਤ ਕੁੱਟਮਾਰ ਦੇ ਦੋਸ਼ ਨੇ ਰਾਜਨੀਤੀ ਦੇ ਸਮੀਕਰਨਾਂ ’ਤੇ ਅਸਰ ਪਾਇਆ ਹੈ। ਉੱਥੇ ਹੀ ‘ਆਪ’ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸ਼ਰਾਬ ਘਪਲੇ ’ਚ ਅਜੇ ਤੱਕ ਜ਼ਮਾਨਤ ਨਹੀਂ ਮਿਲ ਸਕੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Tanu

Content Editor

Related News