ਪੰਜਾਬ 'ਚ ਫੇਲ੍ਹ ਹੋਇਆ ਮਿਸ਼ਨ '13-0', ਭਾਜਪਾ ਦਾ ਖਾਤਾ ਵੀ ਨਾ ਖੁੱਲ੍ਹਿਆ, ਕਾਂਗਰਸ ਦੇ 'ਹੱਥ' ਲੱਗੀ ਸਫ਼ਲਤਾ
Wednesday, Jun 05, 2024 - 02:54 AM (IST)
ਜਲੰਧਰ- ਲੋਕ ਸਭਾ ਚੋਣਾਂ ਵਿਚ ਪੰਜਾਬ ਦੀ ਸੱਤਾਧਾਰੀ ਪਾਰਟੀ ਦੀ ਕਰਾਰੀ ਹਾਰ ਹੋਈ ਹੈ। 13-0 ਮਿਸ਼ਨ ਲੈ ਕੇ ਸਾਰੀਆਂ ਸੀਟਾਂ 'ਤੇ ਪੰਜ ਮੰਤਰੀਆਂ ਤੇ ਤਿੰਨ ਵਿਧਾਇਕਾਂ ਸਮੇਤ ਉਤਰੀ ਪਾਰਟੀ ਸਿਰਫ 3 ਸੀਟਾਂ 'ਤੇ ਹੀ ਜਿੱਤ ਹਾਸਲ ਕਰ ਸਕੀ ਹੈ ਜਦਕਿ ਪਾਰਟੀ ਦੇ 5 ਮੰਤਰੀਆਂ ਵਿਚੋਂ 4 ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਿੱਤਣ ਵਾਲਿਆਂ ਵਿਚ ਮੰਤਰੀ ਮੀਤ ਹੇਅਰ ਸੰਗਰੂਰ ਤੋਂ, ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਤੇ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਸ਼ਾਮਲ ਹਨ।
ਇਨ੍ਹਾਂ ਸੀਟਾਂ ਤੋਂ ਇਲਾਵਾ ਪਾਰਟੀ ਨੂੰ ਬਾਕੀ ਸਾਰੀਆਂ 10 ਸੀਟਾਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਨ੍ਹਾਂ 'ਚੋਂ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਚੰਨੀ ਨੇ ਜਿੱਤ ਹਾਸਲ ਕੀਤੀ ਹੈ, ਜਦਕਿ 'ਆਪ' ਉਮੀਦਵਾਰ ਪਵਨ ਟੀਨੂੰ ਤੀਜੇ ਸਥਾਨ 'ਤੇ ਰਹੇ। ਇਸ ਤੋਂ ਬਾਅਦ ਫਰੀਦਕੋਟ ਤੋਂ ਵੀ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਨੂੰ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਹੱਥੋਂ ਹਾਰ ਮਿਲੀ ਹੈ।
ਇਹ ਵੀ ਪੜ੍ਹੋ- ਜਿੱਤ ਤੋਂ ਬਾਅਦ ਰਾਜਾ ਵੜਿੰਗ ਪਰਿਵਾਰ ਨਾਲ ਹੋਏ ਲਾਈਵ, ਲੁਧਿਆਣਾ ਵਾਸੀਆਂ ਦਾ ਕੀਤਾ ਧੰਨਵਾਦ
ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਧਾਲੀਵਾਲ, ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ, ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ, ਪਟਿਆਲਾ ਤੋਂ ਡਾ. ਬਲਬੀਰ ਸਿੰਘ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀ.ਪੀ., ਲੁਧਿਆਣਾ ਤੋਂ ਅਸ਼ੋਕ ਪਰਾਸ਼ਰ ਪੱਪੀ, ਗੁਰਦਾਸਪੁਰ ਤੋਂ ਅਮਨਸ਼ੇਰ ਕਲਸੀ ਤੇ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਵੀ ਇਨ੍ਹਾਂ ਚੋਣਾਂ 'ਚ ਜਿੱਤ ਨਸੀਬ ਨਹੀਂ ਹੋ ਸਕੀ।
ਇਨ੍ਹਾਂ ਚੋਣਾਂ 'ਚ ਕਾਂਗਰਸ ਨੇ ਬਾਜ਼ੀ ਮਾਰਨ 'ਚ ਕਾਮਯਾਬੀ ਹਾਸਲ ਕੀਤੀ ਹੈ, ਜਿਸ ਨੇ 13 'ਚੋਂ 7 ਸੀਟਾਂ 'ਤੇ ਕਬਜ਼ਾ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ 1 (ਬਠਿੰਡਾ) ਸੀਟ 'ਤੇ ਜਿੱਤ ਮਿਲੀ ਹੈ, ਜਦਕਿ 2 ਸੀਟਾਂ (ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ, ਫਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ) ਤੋਂ ਆਜ਼ਾਦ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ। ਦਿਲਚਸਪ ਗੱਲ ਇਹ ਰਹੀ ਕਿ ਇਨ੍ਹਾਂ ਚੋਣਾਂ 'ਚ ਕੇਂਦਰ ਦੀ ਭਾਜਪਾ ਪਾਰਟੀ ਦਾ ਪੰਜਾਬ 'ਚ ਖਾਤਾ ਵੀ ਨਹੀਂ ਖੁੱਲ੍ਹ ਸਕਿਆ। ਇਸ ਦਾ ਸਭ ਤੋਂ ਵੱਡਾ ਕਾਰਨ ਕਿਸਾਨ ਅੰਦੋਲਨ ਨੂੰ ਮੰਨਿਆ ਜਾ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e