ਹਿਮਾਚਲ ਲੋਕ ਸਭਾ ਚੋਣਾਂ : ਵੋਟਿੰਗ ਤੋਂ ਪਹਿਲੇ ਕਾਂਗਰਸ ਅਤੇ ਭਾਜਪਾ ਵਿਚਾਲੇ ਸੋਸ਼ਲ ਮੀਡੀਆ ''ਤੇ ਜੰਗ
Friday, May 31, 2024 - 04:12 PM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ ਵੋਟਿੰਗ ਦੀ ਤਾਰੀਖ਼ ਨੇੜੇ ਆਉਣ ਦੇ ਨਾਲ ਹੀ ਪ੍ਰਦੇਸ਼ ਦੇ ਨੇਤਾ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ ਅਤੇ ਸੋਸ਼ਲ ਮੀਡੀਆ ਨੂੰ ਆਪਣੇ ਵਿਰੋਧੀਆਂ ਖ਼ਿਲਾਫ਼ ਹਥਿਆਰ ਵਜੋਂ ਵਰਤ ਰਹੇ ਹਨ। ਸੂਬੇ ਦੇ ਚੋਣ ਮੈਦਾਨ ਵਿਚ ਦੋ ਵੱਡੀਆਂ ਸਿਆਸੀ ਪਾਰਟੀਆਂ (ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ) ਸੋਸ਼ਲ ਮੀਡੀਆ 'ਤੇ ਇਕ ਦੂਜੇ ਦੀਆਂ ਕਮੀਆਂ ਨੂੰ ਲੈ ਕੇ ਨਿਸ਼ਾਨਾ ਬਣਾ ਰਹੀਆਂ ਹਨ। ਦੋਵਾਂ ਧਿਰਾਂ ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤਿਆਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹ ਇਕ ਦੂਜੇ 'ਤੇ ਹਮਲੇ ਕਰਨ ਲਈ ਆਮ ਲੋਕਾਂ ਦੇ 'ਬਾਈਟਸ' ਦੀ ਵਰਤੋਂ ਕਰ ਰਹੇ ਹਨ। ਵਿਰੋਧੀਆਂ ਦੀਆਂ ਗਲਤੀਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ 'ਤੇ ਧਿਆਨ ਕੇਂਦਰਿਤ ਕਰਨ ਲਈ 'ਵਾਰ ਰੂਮ' ਬਣਾਏ ਗਏ ਹਨ। ਉਦਾਹਰਣ ਵਜੋਂ, ਭਾਜਪਾ ਦੁਆਰਾ ਅਪਲੋਡ ਕੀਤੇ ਗਏ ਇਕ ਵੀਡੀਓ ਵਿਚ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸ਼ਹਿਰ ਦੇ ਨਾਮ ਦਾ ਗਲਤ ਉਚਾਰਨ ਕਰਦੇ ਹੋਏ ਦਿਖਾਈ ਦੇ ਰਹੇ ਹਨ ਜਿੱਥੇ ਉਹ ਇਕ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ ਅਤੇ ਉਹ ਰਾਜ ਵਿਚ ਆਪਣੀ ਪਾਰਟੀ ਦੇ ਸਹਿਯੋਗੀਆਂ ਦੇ ਨਾਮ ਦਾ ਗਲਤ ਉਚਾਰਨ ਕਰਦੇ ਨਜ਼ਰ ਆ ਰਹੇ ਹਨ।
ਇਸ ਦੇ ਜਵਾਬ 'ਚ ਕਾਂਗਰਸ ਨੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਦਾ ਇਕ ਵੀਡੀਓ ਸਾਂਝਾ ਕੀਤਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਰਣੌਤ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਇਹ ਪਰੇਸ਼ਾਨੀ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਕੁਝ ਸਾਥੀ ਉਨ੍ਹਾਂ ਨਾਲ ਸਹਿਜ ਨਹੀਂ ਹਨ, ਜਿਸ 'ਤੇ ਕੰਗਨਾ ਨੇ ਕਿਹਾ,''ਜਦੋਂ ਹਾਥੀ ਚੱਲਦਾ ਹੈ ਤਾਂ ਕੁੱਤੇ ਭੌਂਕਦੇ ਹਨ।'' ਦੋਵੇਂ ਪਾਰਟੀਆਂ ਵੋਟਰਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ 'ਵਟਸਐਪ' ਦੀ ਵਰਤੋਂ ਕਰ ਰਹੀਆਂ ਹਨ। ਭਾਜਪਾ ਦੇ ਵਟਸਐੱਪ 'ਤੇ 8,000 ਗਰੁੱਪ ਹਨ, ਜਦਕਿ ਕਾਂਗਰਸ ਦੇ 4,000 ਗਰੁੱਪ ਹਨ। ਭਾਜਪਾ ਦੀ ਸੂਬਾ ਇਕਾਈ ਦੇ ਇੰਸਟਾਗ੍ਰਾਮ 'ਤੇ 2.85 ਲੱਖ, ਫੇਸਬੁੱਕ 'ਤੇ 3.13 ਲੱਖ ਅਤੇ 'ਐਕਸ' 'ਤੇ 2.90 ਲੱਖ ਫੋਲੋਅਰਜ਼ ਹਨ। ਕਾਂਗਰਸ ਦੀ ਸੂਬਾ ਇਕਾਈ ਦੇ ਇੰਸਟਾਗ੍ਰਾਮ 'ਤੇ 26,000, ਫੇਸਬੁੱਕ 'ਤੇ 3.50 ਲੱਖ ਅਤੇ ਐਕਸ 'ਤੇ 70,000 ਫੋਲੋਅਰਜ਼ ਹਨ। ਹਿਮਾਚਲ ਪ੍ਰਦੇਸ਼ ਦੀਆਂ ਚਾਰ ਲੋਕ ਸਭਾ ਅਤੇ 6 ਵਿਧਾਨ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8