ਜਿਨ੍ਹਾਂ ਸੰਸਦੀ ਹਲਕਿਆਂ ’ਚੋਂ ਲੰਘੀ ਰਾਹੁਲ ਗਾਂਧੀ ਦੀ ਯਾਤਰਾ, ਕਾਂਗਰਸ ਨੇ ਉਥੋਂ ਜਿੱਤੀਆਂ 41 ਸੀਟਾਂ

06/10/2024 10:55:45 AM

ਨਵੀਂ ਦਿੱਲੀ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅਤੇ ਭਾਰਤ ਜੋੜੋ ਨਿਆਏ ਯਾਤਰਾ ਦੇ ਰਸਤੇ ’ਚ ਪੈਣ ਵਾਲੇ ਸੰਸਦੀ ਹਲਕਿਆਂ ’ਚ ਕਾਂਗਰਸ ਅਤੇ ਉਸ ਦੇ ਮੌਜੂਦਾ ਇੰਡੀਆ ਗੱਠਜੋੜ ਦੇ ਸਹਿਯੋਗੀਆਂ ਨੇ 41 ਸੀਟਾਂ ਜਿੱਤੀਆਂ ਹਨ। 2019 ’ਚ ਇਨ੍ਹਾਂ ’ਚੋਂ ਬਹੁਤ ਸਾਰੀਆਂ ਪਾਰਟੀਆਂ ਗੱਠਜੋੜ ’ਚ ਨਹੀਂ ਸਨ ਅਤੇ ਇਨ੍ਹਾਂ ਨੇ ਆਪਣੇ ਦਮ ’ਤੇ ਚੋਣਾਂ ਲੜੀਆਂ ਸਨ। ਰਿਪੋਰਟ ਮੁਤਾਬਕ ਪਹਿਲੀ ਯਾਤਰਾ ਸਤੰਬਰ 2022 ਤੋਂ ਜਨਵਰੀ 2023 ਤੱਕ ਚੱਲੀ ਸੀ। ਇਸ ਦੌਰਾਨ ਰਾਹੁਲ ਗਾਂਧੀ ਨੇ 12 ਰੈਲੀਆਂ, 100 ਤੋਂ ਵੱਧ ਨੁੱਕੜ ਮੀਟਿੰਗਾਂ ਅਤੇ 13 ਪ੍ਰੈੱਸ ਕਾਨਫਰੰਸਾਂ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਨੇ 12 ਸੂਬਿਆਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 75 ਜ਼ਿਲਿਆਂ ਅਤੇ 71 ਲੋਕ ਸਭਾ ਹਲਕਿਆਂ ’ਚ 4,000 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕੀਤੀ। ਰਿਪੋਰਟ ’ਚ ਦੱਸਿਆ ਗਿਆ ਕਿ ਕੰਨਿਆਕੁਮਾਰੀ ਤੋਂ ਸ਼ੁਰੂ ਹੋ ਕੇ ਕਸ਼ਮੀਰ ਪਹੁੰਚ ਕੇ ਇਹ ਯਾਤਰਾ 71 ਲੋਕ ਸਭਾ ਹਲਕਿਆਂ ’ਚੋਂ ਲੰਘੀ, ਜਿਨ੍ਹਾਂ ’ਚੋਂ ਕਾਂਗਰਸ ਨੇ ਇਸ ਵਾਰ 56 ਸੀਟਾਂ ’ਤੇ ਚੋਣ ਲੜੀ ਅਤੇ 23 ’ਤੇ ਜਿੱਤ ਹਾਸਲ ਕੀਤੀ। 2019 ’ਚ ਉਸ ਨੇ ਇਨ੍ਹਾਂ ’ਚੋਂ 65 ਸੀਟਾਂ ’ਤੇ ਚੋਣ ਲੜੀ ਅਤੇ 15 ’ਤੇ ਜਿੱਤ ਹਾਸਲ ਕੀਤੀ ਸੀ। ਇਸ ਦਰਮਿਆਨ ਕਾਂਗਰਸ ਦੇ ਇੰਡੀਆ ਬਲਾਕ ਸਹਿਯੋਗੀਆਂ ਨੇ ਇਸ ਵਾਰ ਇਨ੍ਹਾਂ ’ਚੋਂ 14 ਸੀਟਾਂ ’ਤੇ ਚੋਣ ਲੜੀ ਅਤੇ 6 ਜਿੱਤੀਆਂ। 2019 ’ਚ ਸਹਿਯੋਗੀ ਪਾਰਟੀਆਂ ਨੇ 71 ’ਚੋਂ 4 ਸੀਟਾਂ ’ਤੇ ਚੋਣ ਲੜੀ ਅਤੇ 2 ਜਿੱਤੀਆਂ। ਸ਼੍ਰੀਨਗਰ (ਜੰਮੂ-ਕਸ਼ਮੀਰ) ਅਤੇ ਬਾਗਪਤ (ਉੱਤਰ ਪ੍ਰਦੇਸ਼) ਦੀਆਂ ਦੋ ਸੀਟਾਂ ’ਤੇ 2019 ’ਚ ਇੰਡੀਆ ਬਲਾਕ ਦੀ ਕਿਸੇ ਵੀ ਪਾਰਟੀ ਨੇ ਚੋਣ ਨਹੀਂ ਲੜੀ ਸੀ। ਰਿਪੋਰਟ ਮੁਤਾਬਕ ਦੂਜੀ ਯਾਤਰਾ ਇਸ ਸਾਲ 14 ਜਨਵਰੀ ਤੋਂ 16 ਮਾਰਚ ਤੱਕ 82 ਲੋਕ ਸਭਾ ਹਲਕਿਆਂ ’ਚ ਕਵਰ ਕੀਤੀ ਗਈ। ਮਣੀਪੁਰ ਦੇ ਇੰਫਾਲ ਤੋਂ ਮਹਾਰਾਸ਼ਟਰ ਦੇ ਮੁੰਬਈ ਤੱਕ ਕਾਂਗਰਸ ਨੇ ਲੱਗਭਗ 6,713 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਸੀ, ਜਿਸ ’ਚੋਂ ਜ਼ਿਆਦਾਤਰ ਬੱਸ ਰਾਹੀਂ ਯਾਤਰਾ ਕੀਤੀ ਗਈ। 82 ਚੋਣ ਹਲਕਿਆਂ ’ਚੋਂ ਕਾਂਗਰਸ ਨੇ 49 ਸੀਟਾਂ ’ਤੇ ਚੋਣ ਲੜੀ ਅਤੇ 17 ’ਤੇ ਜਿੱਤ ਹਾਸਲ ਕੀਤੀ। 

ਇਹ ਵੀ ਪੜ੍ਹੋ : ਦੇਸ਼ ’ਚ 55 ਸਾਲਾਂ ਬਾਅਦ ਤੀਜੀ ਵਾਰ ਇਕ ਹੀ ਸੂਬੇ ਤੋਂ ਹੋ ਸਕਦੇ ਹਨ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ!

2019 ’ਚ ਇਸ ਨੇ 71 ਚੋਣ ਹਲਕਿਆਂ ਤੋਂ ਚੋਣ ਲੜੀ ਸੀ ਪਰ ਸਿਰਫ਼ 6 ’ਚ ਜਿੱਤ ਪ੍ਰਾਪਤ ਕੀਤੀ ਸੀ। ਇਸ ਵਾਰ ਪਾਰਟੀ ਨੇ ਆਪਣੇ ਸਹਿਯੋਗੀਆਂ ਨੂੰ 33 ਸੀਟਾਂ ਦਿੱਤੀਆਂ, ਜਿਨ੍ਹਾਂ ਨੇ 18 ਜਿੱਤੀਆਂ ਹਨ। ਪੰਜ ਸਾਲ ਪਹਿਲਾਂ ਇਨ੍ਹਾਂ ਪਾਰਟੀਆਂ ਨੇ ਇਨ੍ਹਾਂ ’ਚੋਂ 10 ਸੀਟਾਂ ’ਤੇ ਚੋਣ ਲੜੀ ਸੀ ਪਰ ਇਕ ਵੀ ਸੀਟ ਜਿੱਤਣ ’ਚ ਨਾਕਾਮ ਰਹੀ ਸੀ। ਮਹਾਰਾਸ਼ਟਰ ’ਚ, ਪਹਿਲੀ ਯਾਤਰਾ ਦਾ ਅਸਰ ਇਹ ਹੋਇਆ ਕਿ ਕਵਰ ਕੀਤੀਆਂ ਗਈਆਂ 6 ਸੀਟਾਂ ’ਚੋਂ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ 2024 ’ਚ ਚਾਰ ਜਿੱਤੀਆਂ। ਪੰਜ ਸਾਲ ਪਹਿਲਾਂ ਯੂ. ਪੀ. ਏ. ਨੇ ਸਾਰੀਆਂ ਸੀਟਾਂ ਗੁਆ ਦਿੱਤੀਆਂ ਸਨ। ਦੂਜੀ ਯਾਤਰਾ ਨੇ ਅੱਠ ਹਲਕਿਆਂ ਨੂੰ ਕਵਰ ਕੀਤਾ, ਜਿਨ੍ਹਾਂ ’ਚੋਂ ਮਹਾ ਵਿਕਾਸ ਅਘਾੜੀ ਗੱਠਜੋੜ ਨੇ ਇਸ ਵਾਰ ਪੰਜ ਸੀਟਾਂ ਜਿੱਤੀਆਂ। 2019 ’ਚ ਇਹ ਸਾਰੇ ਹਾਰ ਗਏ ਸਨ। ਹਰਿਆਣਾ ’ਚ, ਜਿੱਥੇ ਪਹਿਲੀ ਯਾਤਰਾ ਨੇ ਪੰਜ ਸੀਟਾਂ ਨੂੰ ਕਵਰ ਕੀਤਾ, ਕਾਂਗਰਸ 2019 ਵਿਚ ਸਾਰੀਆਂ ਸੀਟਾਂ ਭਾਜਪਾ ਤੋਂ ਹਾਰ ਗਈ। ਇਸ ਵਾਰ ਉਹ ਇਨ੍ਹਾਂ ਵਿਚੋਂ ਇਕ ਹਲਕੇ ਤੋਂ ਜਿੱਤਣ ਵਿਚ ਸਫਲ ਰਹੀ। ਜੰਮੂ-ਕਸ਼ਮੀਰ ਦੇ ਪਹਿਲੇ ਦੌਰੇ ਦੌਰਾਨ ਚਾਰ ਸੀਟਾਂ ਕਵਰ ਕੀਤੀਆਂ ਗਈਆਂ ਸਨ। 2019 ’ਚ ਕਾਂਗਰਸ ਨੇ ਇਨ੍ਹਾਂ ’ਚੋਂ ਤਿੰਨ ਸੀਟਾਂ ’ਤੇ ਚੋਣ ਲੜੀ ਸੀ ਅਤੇ ਫਾਰੂਕ ਅਬਦੁੱਲਾ ਲਈ ਸਿਰਫ ਸ਼੍ਰੀਨਗਰ ਸੀਟ ਛੱਡੀ। ਉਹ ਇਕ ਵੀ ਸੀਟ ਜਿੱਤਣ ਵਿਚ ਨਾਕਾਮ ਰਹੀ। 2024 ’ਚ ਕਾਂਗਰਸ ਨੇ ਨੈਸ਼ਨਲ ਕਾਨਫਰੰਸ ਨਾਲ ਗੱਠਜੋੜ ਕੀਤਾ, ਜਿਸ ਨੇ ਚਾਰ ’ਚੋਂ ਦੋ ਸੀਟਾਂ ਜਿੱਤੀਆਂ, ਜਦਕਿ ਕਾਂਗਰਸ ਹੋਰ ਦੋ ਸੀਟਾਂ ਹਾਰ ਗਈ। ਕਰਨਾਟਕ ’ਚ, ਜਿੱਥੇ ਪਹਿਲੀ ਯਾਤਰਾ ਨੇ ਸੱਤ ਸੀਟਾਂ ਨੂੰ ਕਵਰ ਕੀਤਾ, ਕਾਂਗਰਸ ਨੇ ਪੰਜ ਸੀਟਾਂ ’ਤੇ ਚੋਣ ਲੜੀ ਅਤੇ ਕੋਈ ਵੀ ਸੀਟ ਨਹੀਂ ਜਿੱਤ ਸਕੀ, ਜਦਕਿ ਉਸ ਦੀ ਸਹਿਯੋਗੀ ਜੇ. ਡੀ. ਐੱਸ. ਨੇ ਦੋ ਸੀਟਾਂ ’ਚੋਂ ਇਕ ਜਿੱਤੀ। 2024 ’ਚ ਕਾਂਗਰਸ ਨੇ ਸਾਰੀਆਂ ਸੱਤ ਸੀਟਾਂ ’ਤੇ ਚੋਣ ਲੜੀ ਅਤੇ ਤਿੰਨ ਸੀਟਾਂ ਜਿੱਤੀਆਂ। ਕੇਰਲ ’ਚ, ਜਿੱਥੇ ਪਹਿਲੀ ਯਾਤਰਾ 11 ਚੋਣ ਹਲਕਿਆਂ ’ਚ ਗਈ, ਕਾਂਗਰਸ ਨੇ 2019 ’ਚ 10 ਸੀਟਾਂ ’ਚੋਂ 7 ਸੀਟਾਂ ਜਿੱਤੀਆਂ। ਇਕ ਸੀਟ ਸਹਿਯੋਗੀ ਆਈ. ਯੂ. ਐੱਮ. ਐੱਲ. ਨੇ ਜਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News