ਬਰਾਲਾ ਦੀਆਂ ਮੁਸ਼ਕਲਾਂ ਵਧੀਆਂ, ਭਾਜਪਾ ''ਚ ਵੀ ਉੱਠੀਆਂ ਆਵਾਜ਼ਾਂ

08/08/2017 4:07:29 PM

ਚੰਡੀਗੜ੍ਹ (ਇੰਟ.)¸ ਹਰਿਆਣਾ ਭਾਜਪਾ ਦੇ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਵਿਕਾਸ ਬਰਾਲਾ 'ਤੇ ਇਕ ਕੁੜੀ ਵਰਣਿਕਾ ਦਾ ਪਿੱਛਾ ਕਰਨ ਅਤੇ ਛੇੜਛਾੜ ਦੇ ਦੋਸ਼ਾਂ ਪਿਛੋਂ ਹੁਣ ਪਾਰਟੀ ਦੇ ਅੰਦਰੋਂ ਹੀ ਬਰਾਲਾ ਵਿਰੁੱਧ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ। ਜਿਥੇ ਭਾਜਪਾ ਦੇ ਇਕ ਐੱਮ. ਪੀ. ਨੇ ਨੈਤਿਕ ਆਧਾਰ 'ਤੇ ਬਰਾਲਾ ਨੂੰ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਹੈ, ਉਥੇ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਦੋਸ਼ੀਆਂ ਨੂੰ ਨਸ਼ੇ ਵਿਚ ਧੁੱਤ ਗੁੰਡੇ ਦੱਸਦੇ ਹੋਏ ਕਿਹਾ ਹੈ ਕਿ ਉਹ ਪੀ. ਆਈ. ਐੱਲ. ਦਾਖਲ ਕਰਨਗੇ। ਗੁਰੂਕਸ਼ੇਤਰ ਤੋਂ ਭਾਜਪਾ ਦੇ ਐੱਮ. ਪੀ. ਰਾਜ ਕੁਮਾਰ ਸੈਣੀ ਨੇ ਕਿਹਾ ਹੈ ਕਿ ਬਰਾਲਾ ਨੂੰ ਪਾਰਟੀ ਦੇ ਐਕਸ਼ਨ ਦੀ ਉਡੀਕ ਕੀਤੇ ਬਿਨਾਂ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੇ ਹੀ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਦਿੱਤਾ ਹੈ। ਇਹ ਕਿਸੇ ਆਮ ਆਦਮੀ 'ਤੇ ਨਹੀਂ ਸਗੋਂ ਸਾਡੀ ਪਾਰਟੀ ਦੇ ਸੂਬਾਈ ਪ੍ਰਧਾਨ 'ਤੇ ਦੋਸ਼ ਲਾਇਆ ਗਿਆ ਹੈ। ਪਰਿਵਾਰ ਦੀ ਜਿਸ ਤਰ੍ਹਾਂ ਦੀ ਵੇਲ ਹੁੰਦੀ ਹੈ, ਉਸੇ ਤਰ੍ਹਾਂ ਦੇ ਫਲ ਲੱਗਦੇ ਹਨ। ਬਰਾਲਾ ਨੂੰ ਪਾਰਟੀ ਦਾ ਅਕਸ ਬਚਾਉਣ ਲਈ ਤੁਰੰਤ ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।

ਹਾਈਕਮਾਨ ਕੋਲ ਪਹੁੰਚੇ ਸੁਭਾਸ਼ ਬਰਾਲਾ, ਦਿੱਤੀ ਸਫਾਈ
ਭਾਜਪਾ ਦੇ ਸੂਬਾਈ ਪ੍ਰਧਾਨ ਸੁਭਾਸ਼ ਬਰਾਲਾ ਨੇ ਦਿੱਲੀ ਪਹੁੰਚ ਕੇ ਹਾਈਕਮਾਨ ਸਾਹਮਣੇ ਸਫਾਈ ਦਿੱਤੀ ਹੈ। ਉਨ੍ਹਾਂ ਪਾਰਟੀ ਦੇ ਕੌਮੀ ਸੰਗਠਨ ਸਕੱਤਰ ਰਾਮ ਲਾਲ, ਸੂਬਾਈ ਇੰਚਾਰਜ ਅਨਿਲ ਜੈਨ ਅਤੇ ਕੌਮੀ ਜਨਰਲ ਸਕੱਤਰ ਵਿਜੇ ਵਰਗੀਜ ਨਾਲ ਮੁਲਾਕਾਤ ਕੀਤੀ। ਇਸ ਮਾਮਲੇ ਵਿਚ ਆਈ. ਏ. ਐੱਸ. ਅਧਿਕਾਰੀਆਂ ਦੀ ਕੌਮੀ ਪੱਧਰ ਦੀ ਐਸੋਸੀਏਸ਼ਨ ਵੀ ਸਰਗਰਮ ਹੋ ਗਈ ਹੈ। ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖਣ ਦੀ ਤਿਆਰੀ ਕਰ ਲਈ ਹੈ।
ਦੱਸਣਯੋਗ ਹੈ ਕਿ ਪੀੜਤ ਕੁੜੀ ਦੇ ਪਿਤਾ ਇਕ ਆਈ. ਏ. ਐੱਸ. ਅਧਿਕਾਰੀ ਹਨ। ਉਨ੍ਹਾਂ ਸੋਮਵਾਰ ਇਕ ਫੇਸਬੁੱਕ ਪੋਸਟ 'ਤੇ ਆਪਣੀ ਬੇਟੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਇਸ ਮਾਮਲੇ ਵਿਚ ਝੁਕਣਗੇ ਨਹੀਂ।

ਕਾਂਗਰਸ ਨੇ ਵ੍ਹਿਨਿਆ ਨਿਸ਼ਾਨਾ
ਕਾਂਗਰਸ ਵੀ ਇਸ ਮੁੱਦੇ 'ਤੇ ਹਮਲਾਵਰ ਹੋ ਗਈ ਹੈ। ਪਾਰਟੀ ਨੇ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ 'ਤੇ ਜ਼ੇਰਦਾਰ ਨਿਸ਼ਾਨਾ ਵ੍ਹਿਨਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ  ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਹਰਿਆਣਾ ਭਾਜਪਾ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੂਰਜੇਵਾਲਾ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਸ ਦੋਵੇਂ ਹੀ ਕੇਂਦਰੀ ਗ੍ਰਹਿ ਮੰਤਰਾਲਾ ਦੇ ਅਧੀਨ ਆਉਂਦੇ ਹਨ।

ਵਿਕਾਸ 'ਤੇ ਲੱਗੀਆਂ ਅਗਵਾ ਦੀਆਂ ਧਾਰਾਵਾਂ ਕਦੇ ਵੀ ਹੋ ਸਕਦੀ ਹੈ ਮੁੜ ਗ੍ਰਿਫਤਾਰੀ
ਹਰਿਆਣਾ ਭਾਜਪਾ ਪ੍ਰਧਾਨ ਦੇ ਪੁੱਤਰ ਵਿਕਾਸ ਬਰਾਲਾ ਅਤੇ ਉਸ ਦੇ ਦੋਸਤ ਅਸ਼ੀਸ਼ 'ਤੇ ਚੰਡੀਗੜ੍ਹ ਪੁਲਸ ਨੇ ਅਗਵਾ ਦੀ ਕੋਸ਼ਿਸ਼ ਦੀਆਂ ਧਾਰਾਵਾਂ ਲਾ ਦਿੱਤੀਆਂ ਹਨ, ਜਿਸ ਨਾਲ ਇਹ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਵਿਕਾਸ ਅਤੇ ਉਸ ਦੇ ਦੋਸਤ ਨੂੰ ਪੁਲਸ ਕਦੇ ਵੀ ਮੁੜ ਗ੍ਰਿਫਤਾਰ ਕਰ ਸਕਦੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਟੀਮ ਵਿਕਾਸ ਬਰਾਲਾ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰਨ ਲਈ ਰਵਾਨਾ ਹੋ ਚੁੱਕੀ ਹੈ।


Related News