ਅਯੁੱਧਿਆ ’ਚ ਭਾਜਪਾ ਕਿਉਂ ਹਾਰੀ?

06/10/2024 5:42:17 PM

500 ਸਾਲ ਬਾਅਦ ਪ੍ਰਭੂ ਸ਼੍ਰੀ ਰਾਮ ਦੀ ਜਨਮਭੂਮੀ ਅਯੁੱਧਿਆ ’ਚ ਵਿਸ਼ਾਲ ਮੰਦਰ ਦਾ ਨਿਰਮਾਣ ਹੋਇਆ। ਇਹ ਸਾਡੇ ਸਾਰੇ ਸਨਾਤਨੀਆਂ ਲਈ ਮਾਣ ਵਾਲੀ ਗੱਲ ਹੈ। ਅਯੁੱਧਿਆ ’ਚ ਹੋਏ ਵਿਕਾਸ ਲਈ ਭਾਜਪਾ ਸਰਕਾਰ ਨੂੰ ਜਿੰਨਾ ਵੀ ਸਿਹਰਾ ਦਿੱਤਾ ਜਾਵੇ, ਉਹ ਘੱਟ ਹੈ। ਅਯੁੱਧਿਆ ’ਚ ਹੋਏ ਇਸ ਰੈਨੋਵੇਸ਼ਨ ਕਾਰਨ ਅੱਜ ਵਿਸ਼ਵ ਭਰ ਦੇ ਹਿੰਦੂਆਂ ਦਾ ਸਿਰ ਮਾਣ ਨਾਲ ਉੱਚਾ ਉੱਠਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬੀਤੇ 10 ਸਾਲਾਂ ਦੇ ਆਪਣੇ ਕਾਰਜਕਾਲ ’ਚ ਹਿੰਦੂ ਸੱਭਿਆਚਾਰ ਦੀ ਰਾਖੀ ਲਈ ਕਈ ਠੋਸ ਕਦਮ ਚੁੱਕੇ ਹਨ।

ਅਯੁੱਧਿਆ ਦਾ ਵਿਕਾਸ ਵੀ ਉਸੇ ਲੜੀ ਦਾ ਹਿੱਸਾ ਹੈ। ਅੱਜ ਜੋ ਵੀ ਅਯੁੱਧਿਆ ’ਚ ਦਰਸ਼ਨ ਕਰ ਕੇ ਆਉਂਦਾ ਹੈ ਉਹ ਸ਼੍ਰੀ ਰਾਮ ਦੇ ਵਿਸ਼ਾਲ ਮੰਦਰ ਤੇ ਉਸ ਦੇ ਆਸ-ਪਾਸ ਹੋਏ ਵਿਕਾਸ ਨੂੰ ਦੇਖ ਕੇ ਮਾਣ ਕਰਦਾ ਹੈ। ਇੰਨਾ ਸਭ ਹੋਣ ਦੇ ਬਾਵਜੂਦ 2024 ਦੀਆਂ ਚੋਣਾਂ ’ਚ ਅਯੁੱਧਿਆ ’ਚ ਭਾਜਪਾ ਨੂੰ ਮਿਲੀ ਹਾਰ ਤੋਂ ਪੂਰੀ ਦੁਨੀਆ ਦੇ ਹਿੰਦੂ ਅਚੰਭੇ ’ਚ ਹਨ। ਉਂਝ ਤਾਂ ਅਯੁੱਧਿਆ ’ਚ ਹੋਏ ਵਿਕਾਸ ਨੂੰ ਲੈ ਕੇ ਹਰ ਕਿਸੇ ਕੋਲ ਸਿਵਾਏ ਸ਼ਲਾਘਾ ਦੇ ਕੁਝ ਨਹੀਂ ਹੈ ਪਰ ਚੋਣ ਨਤੀਜਿਆਂ ਦੇ ਬਾਅਦ ਤੋਂ ਸੋਸ਼ਲ ਮੀਡੀਆ ’ਚ ਭਾਜਪਾ ਨੂੰ ਮਿਲੀ ਹਾਰ ਦੇ ਕਈ ਕਾਰਨ ਸਾਹਮਣੇ ਆਏ ਹਨ। ਇਨ੍ਹਾਂ ਹੀ ’ਚੋਂ ਇਕ ਅਯੁੱਧਿਆ ਨਿਵਾਸੀ ਸੰਤ ਸਿਆਪਿਆਰੇਸ਼ਰਨ ਦਾਸ ਦਾ ਇਕ ਸੰਦੇਸ਼ ਕਾਫੀ ਚਰਚਾ ’ਚ ਹੈ। ਇਨ੍ਹਾਂ ਨੇ ਅਯੁੱਧਿਆ ’ਚ ਭਾਜਪਾ ਦੀ ਹਾਰ ਦੇ ਅਸਲੀ ਕਾਰਨ ਦੱਸੇ।

ਉਹ ਲਿਖਦੇ ਹਨ, ‘‘ਭਗਤ ਅਤੇ ਭਗਵਾਨ ਦਾ ਯੁੱਗਾਂ-ਯੁੱਗਾਂ ਤੋਂ ਅਨੰਨਯ ਭਾਵਨਪੂਰਨ ਪ੍ਰੇਮ, ਸਨੇਹ, ਪਿਆਰ ਭਾਵ ਰਸ ਨਾਲ ਭਿੱਜਿਆ ਨਾਤਾ ਰਿਹਾ ਹੈ। ਭਗਵਾਨ ਆਪਣੇ ਉਪਰ ਸਾਰੇ ਦੋਸ਼, ਲਾਂਛਣ ਤਾਂ ਕੀ ਲੱਤ ਤੱਕ ਸਹਿ ਲੈਂਦੇ ਹਨ ਪਰ ਉਹ ਆਪਣੇ ਭਗਤ ਦੀ ਪ੍ਰੇਸ਼ਾਨੀ, ਦੁੱਖ-ਤਕਲੀਫ ਨਹੀਂ ਸਹਿਣ ਕਰਦੇ। ਉਦਾਹਰਣ ਵਜੋਂ ਜਦੋਂ ਰਾਵਣ ਨੇ ਜੰਗ ’ਚ ਵਿਭੀਸ਼ਣ ਨੂੰ ਦੇਖਿਆ ਤਾਂ ਉਸ ’ਤੇ ਬਾਣ ਚਲਾਇਆ।

ਜਿਸ ਨੂੰ ਭਗਵਾਨ ਸ਼੍ਰੀ ਰਾਮ ਨੇ ਆਪਣੀ ਛਾਤੀ ’ਤੇ ਸਹਿ ਕੇ ਆਪਣੇ ਭਗਤ ਵਿਭੀਸ਼ਣ ਦੀ ਰੱਖਿਆ ਕੀਤੀ। ਇਸੇ ਤਰ੍ਹਾਂ ਧਿਆਨ ’ਚ ਲੱਗੇ ਸ਼੍ਰੀ ਵਿਸ਼ਨੂੰ ਜੀ ਨਾਲ ਕਿਸੇ ਗੱਲ ’ਤੇ ਗੁੱਸੇ ਹੋ ਕੇ ਭ੍ਰਿਗੂ ਰਿਸ਼ੀ ਨੇ ਉਨ੍ਹਾਂ ਦੀ ਛਾਤੀ ’ਚ ਲੱਤ ਮਾਰੀ ਤਾਂ ਉਨ੍ਹਾਂ ਨੇ ਖੁਦ ਇਸ ਲਈ ਮੁਆਫੀ ਮੰਗੀ। ਇਸ ਪ੍ਰਸੰਗ ’ਤੇ ਪ੍ਰਸਿੱਧ ਚੋਪਾਈ ਹੈ

ਸ਼ਮਾ ਬੜੇਨ ਕੋ ਚਾਹੀਏ ਛੋਟਨ ਕੋ ਉਤਪਾਤ। ਵਿਸ਼ਨੂੰ ਕਾ ਕਯਾ ਘਟ ਗਯਾ ਜਬ ਭ੍ਰਿਗੂ ਨੇ ਮਾਰ ਲਾਤ।।’’

ਭਗਤ ਅਤੇ ਭਗਵਾਨ ਦੇ ਅਨੰਨਯ ਨਾਤੇ ਨਾਲ ਸਬੰਧਤ ਕਈ ਉਦਾਹਰਣਾਂ ਹਨ। ਅਸੀਂ ਸਿਰਫ ਉਪਰੋਕਤ 2 ਉਦਾਹਰਣਾਂ ਦੇ ਸਬੰਧ ’ਚ ਹੀ ਭਾਜਪਾ ਦੀ ਅਯੁੱਧਿਆ ’ਚ ਹੋਈ ਭਾਰੀ ਹਾਰ ਦਾ ਵਿਸ਼ਲੇਸ਼ਣ ਕਰਦੇ ਹਾਂ। ਮੈਂ ਅਯੁੱਧਿਆ ’ਚ ਪਿਛਲੇ ਲਗਭਗ 10 ਸਾਲਾਂ ਤੋਂ ਉੱਥੋਂ ਦੀਆਂ ਕੁਝ ਸੇਵਾਵਾਂ ’ਚ ਲੱਗਾ ਹਾਂ। ਇਸ ਕਾਰਨ ਅਯੁੱਧਿਆ ’ਚ ਵਾਪਰਨ ਵਾਲੇ ਵਧੇਰੇ ਚੰਗੇ-ਬੁਰੇ ਤਜਰਬਿਆਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੇ ਨਾਤੇ ਕੁਝ ਲਿਖ ਰਿਹਾ ਹਾਂ।

ਪਹਿਲਾ ਕਾਰਨ : ਪ੍ਰਭੂ ਸ਼੍ਰੀ ਰਾਮ ਜਨਮਭੂਮੀ ਮੰਦਰ ਟਰੱਸਟ ਵੱਲੋਂ ਮੰਦਰ ਬਣਨ ਦੇ ਸ਼ੁਰੂ ’ਚ ਕਿਹਾ ਗਿਆ ਕਿ ਮੰਦਰ ਲਗਭਗ 1000 ਕਰੋੜ ਰੁਪਏ ਨਾਲ ਬਣੇਗਾ, ਫਿਰ ਇਕ ਸਾਲ ਬਾਅਦ ਕਿਹਾ ਕਿ ਮੰਦਰ 1400 ਕਰੋੜ ’ਚ ਬਣੇਗਾ, ਫਿਰ ਇਕ ਸਾਲ ਬਾਅਦ ਤੀਜੀ ਵਾਰ ਕਿਹਾ ਕਿ ਮੰਦਰ 1800 ਕਰੋੜ ’ਚ ਮੁਕੰਮਲ ਹੋਵੇਗਾ, ਜਨਤਾ ਨੇ ਮੰਨ ਵੀ ਲਿਆ।

ਸੋਚੋ, ਸ਼੍ਰੀ ਰਾਮ ਜਨਮਭੂਮੀ ਮੰਦਰ ਟਰੱਸਟ ਦੇ ਮੈਂਬਰ ਇੰਨੇ ਹਿਸਾਬ ਦੇ ਕੱਚੇ ਹਨ ਕਿ 3-3 ਵਾਰ ਮੰਦਰ ਦੀ ਕੁੱਲ ਲਾਗਤ ਵਧਾ-ਵਧਾ ਕੇ ਦੱਸਣਗੇ, ਜਦਕਿ ਇਸ ਤਰ੍ਹਾਂ ਦੇ ਸਾਰੇ ਮੁਲਾਂਕਣ ਪਹਿਲੀ ਵਾਰ ’ਚ ਸਹੀ ਹੋਣੇ ਚਾਹੀਦੇ ਸਨ। ਜ਼ਮੀਨ ਖਰੀਦਣ ਤੋਂ ਲੈ ਕੇ ਮੰਦਰ ਨਿਰਮਾਣ ਤੱਕ ’ਚ ਪੈਸਿਆਂ ਦਾ ਕੋਈ ਪਾਰਦਰਸ਼ੀ ਹਿਸਾਬ ਨਹੀਂ ਹੈ।

ਦੂਜਾ ਕਾਰਨ : ਭਗਵਾਨ ਪ੍ਰਤੀ ਵਿਲੱਖਣ ਭਗਤੀ ਭਾਵਨਾ ਨਾਲ ਰੰਗੇ ਹਜ਼ਾਰਾਂ ਭਗਤ ਕਿੰਨੇ ਕਿਲੋਮੀਟਰ ਚੱਲ ਕੇ ਆਉਂਦੇ ਹਨ ਪਰ ਮੰਦਰ ਟਰੱਸਟ ਜਾਂ ਅਯੁੱਧਿਆ ਪ੍ਰਸ਼ਾਸਨ ਵੱਲੋਂ ਸਹੂਲਤਾਂ ਦੀ ਘਾਟ ’ਚ ਉਹ ਇਧਰ-ਓਧਰ ਭਟਕਦੇ ਹਨ। ਸ਼ੁੱਧ ਪੀਣ ਵਾਲੇ ਪਾਣੀ ਦੇ ਕੁਝ ਫਰਿੱਜ ਹੁਣ ਗਰਮੀ ਵਧਣ ’ਤੇ ਲਾਏ ਹਨ ਪਰ ਚੰਦੇ ਦੇ 10,000 ਕਰੋੜ ਦੇ ਵਿਆਜ ਰੂਪੀ 1800 ਕਰੋੜ ਰੁਪਏ ’ਚ ਬਣ ਰਹੇ ਮੰਦਰ ਦੇ ਬਾਕੀ ਪੈਸੇ ਦੀ ਐੱਫ. ਡੀ. ਕਰਾਈ ਜਾ ਰਹੀ ਹੈ।

ਪਰ ਰਾਮ ਦਾ ਪੈਸਾ ਰਾਮ ਦੇ ਭਗਤਾਂ ’ਤੇ ਖਰਚ ਨਹੀਂ ਹੋ ਰਿਹਾ। ਜਦਕਿ ਅਯੁੱਧਿਆ ਜੀ ’ਚ ਲੋਕ ਮਾਨਤਾ ਹੈ ਕਿ ਅਯੁੱਧਿਆ ਜੀ ’ਚ ਕੋਈ ਭੁੱਖਾ ਨਹੀਂ ਸੌਂਦਾ। ਉਸ ਨੂੰ ਅੰਨਪੂਰਨਾ ਰੂਪਾ ਮਾਤਾ ‘ਸ਼੍ਰੀਸੀਤਾਜੀ’ ਭੋਜਨ ਕਰਾਉਂਦੀ ਹੈ। ਕੀ ਮਾਤਾ ਸ਼੍ਰੀਸੀਤਾਜੀ ਨੇ ਨਾਂ ’ਤੇ ਟਰੱਸਟ 20-30 ਜਗ੍ਹਾ ਭੰਡਾਰੇ ਨਹੀਂ ਚਲਾ ਸਕਦਾ?

ਤੀਜਾ ਕਾਰਨ : ਮਾਣਯੋਗ ਯੋਗੀ ਜੀ ਦੇ ਮੁੱਖ ਮੰਤਰੀ ਕਾਲ ਦੇ ਪਿਛਲੇ 7 ਸਾਲਾਂ ਤੋਂ ਅਯੁੱਧਿਆ ਜੀ ਦੀਆਂ ਗਲੀਆਂ ਕਈ ਵਾਰ ਭੰਨੀਆਂ-ਤੋੜੀਆਂ ਗਈਆਂ ਹਨ ਜਿਸ ਕਾਰਨ ਗਲੀਆਂ ’ਚ ਜਾਮ ਅਤੇ ਲਾਲ ਬੱਤੀ ਲੱਗੇ ਸਾਈਰਨ ਵਜਾਉਂਦੀਆਂ ਵੀ. ਆਈ. ਪੀ. ਗੱਡੀਆਂ ਕਾਰਨ ਮੁੱਖ ਮਾਰਗ ਦਾ ਰੂਟ ਬਦਲਦਾ ਰਹਿੰਦਾ ਹੈ।

ਇਸੇ ਕਾਰਨ ਚਾਰ-ਚੁਫੇਰੇ ਹਫੜਾ-ਦਫੜੀ ਦੇ ਮਾਹੌਲ ਨੇ ਅਯੁੱਧਿਆ ਦੀ ਸ਼ਾਂਤੀ ਭੰਗ ਕਰ ਦਿੱਤੀ ਹੈ। ਜਿਧਰ ਦੇਖੋ ਵੱਡੇ-ਬੁੱਢੇ, ਬੀਮਾਰ-ਲਾਚਾਰ ਭਟਕਦੇ ਭਗਤੀ ’ਚ ਲੀਨ ਭਗਤ ਧੱਕੇ ਖਾਂਦੇ ਹਨ ਪਰ ਉਨ੍ਹਾਂ ਦਾ ਦਰਦ ਕੌਣ ਸੁਣੇ? ਸਰਕਾਰ ਅਤੇ ਉਸ ਦੇ ਇੱਥੋਂ ਦੇ ਸਰਦਾਰ ਸਾਰੇ ਸੱਤਾ ਦੇ ਨਸ਼ੇ ’ਚ ਫੁੱਲੇ ਰਹੇ।

ਚੌਥਾ ਕਾਰਨ : ਅਯੁੱਧਿਆ ਜੀ ਦੇ ਨਵੇਂ ਘਾਟ ਤੋਂ ਫੈਜ਼ਾਬਾਦ ਦੇ ਸਹਾਦਤ ਗੰਜ ਤੱਕ 14 ਕਿਲੋਮੀਟਰ ਲੰਬੇ ਬਾਜ਼ਾਰ ਦੇ ਛੋਟੇ-ਛੋਟੇ ਦੁਕਾਨਦਾਰ ਅਯੁੱਧਿਆ ਦੇ ਖੇਤਰੀ ਵਾਸੀ ਇਸੇ ਲੋਕ ਸਭਾ ਹਲਕੇ ਦੇ ਹਨ। ਇਨ੍ਹਾਂ ਦੀਆਂ ਵਧੇਰੇ ਦੁਕਾਨਾਂ 70-80 ਸਾਲ ਤੋਂ ਪਗੜੀ (ਵਿਰਾਸਤ ਰਾਸ਼ੀ) ਕਾਰਨ ਘੱਟ ਕਿਰਾਏ ’ਤੇ ਹਨ। ਇਸ ਮਾਰਗ ਦੇ ਚੌੜਾਕਰਨ ’ਚ ਉਨ੍ਹਾਂ ਦੇ ਹਿੱਤਾਂ ਦੀ ਬਜਾਏ ਮਕਾਨ ਮਾਲਕਾਂ ਦੇ ਹਿੱਤਾਂ ਦਾ ਖਿਆਲ ਰੱਖਿਆ ਗਿਆ। ਦੁਕਾਨਦਾਰਾਂ ਦੇ ਮੁੜ-ਵਸੇਬੇ ’ਚ ਬੜੀਆਂ ਬੇਨਿਯਮੀਆਂ ਵਰਤੀਆਂ ਗਈਆਂ ਜਿਸ ਕਾਰਨ ਉਨ੍ਹਾਂ ਦੇ ਅੰਦੋਲਨ ਤੇ ਰੋਸ-ਵਿਖਾਵੇ ਵਾਰ-ਵਾਰ ਦਬਾ ਦਿੱਤੇ ਗਏ। ਇਸ ਨਾਲ ਅਯੁੱਧਿਆ ਜੀ ਦੇ ਦਿਹਾਤ ’ਚ ਗਲਤ ਸੰਦੇਸ਼ ਗਿਆ।

ਪੰਜਵਾ ਕਾਰਨ : ਕਈ ਵੀ. ਆਈ. ਪੀ. ਵਾਂਗ ਮੁੰਬਈ ਤੱਕ ਤੋਂ ਸਿਨੇਮਾ ਅਦਾਕਾਰਾਂ ਨੂੰ ਵੀ ਜਨਮਭੂਮੀ ਮੰਦਰ ’ਚ ਪ੍ਰਾਣ-ਪ੍ਰਤਿਸ਼ਠਾ ਦਾ ਸੱਦਾ ਭੇਜਿਆ ਗਿਆ ਪਰ ਅਯੁੱਧਿਆ ਦੇ ਚੁਫੇਰੇ ਦੇ ਜ਼ਿਲਿਆਂ ’ਚ ਮੌਜੂਦ ਕਈ ਅਜਿਹੇ ਕਾਰ ਸੇਵਕਾਂ ਨੂੰ ਸੱਦਾ ਤੱਕ ਨਹੀਂ ਭੇਜਿਆ ਜਿਨ੍ਹਾਂ ਨੇ ਜਨਮਭੂਮੀ ਮੁਕਤੀ ਅੰਦੋਲਨ ’ਚ ਡਾਂਗਾਂ ਅਤੇ ਗੋਲੀਆਂ ਖਾਧੀਆਂ ਸਨ। ਸੰਤ ਸਿਆਪਿਆਰੇਸ਼ਰਨ ਦਾਸ ਜੀ ਕਹਿੰਦੇ ਹਨ ਕਿ ‘‘ਅਯੁੱਧਿਆ ਜੀ ’ਚ ਭਾਜਪਾ ਦੀ ਹਾਰ ਦੇ ਉਂਝ ਤਾਂ ਕਈ ਕਾਰਨ ਹਨ। ਕਿੰਨੇ ਗਿਣਾਵਾਂ, ਇੱਥੋਂ ਦੇ ਠਾਕੁਰ ਸੰਸਦ ਮੈਂਬਰ ਲੱਲੂ ਸਿੰਘ ਆਪਣੀ ਠਕੁਰਾਈ ਦੀ ਠਸਕ ’ਚ ਕੰਮ ਦੇ ਨਾਂ ’ਤੇ ਜਨਤਾ ਨੂੰ ਪਿਛਲੇ 10 ਸਾਲਾਂ ਤੋਂ ਝੂਠੇ ਲਾਰੇ ਲਾਉਂਦੇ ਰਹੇ। ਉਨ੍ਹਾਂ ਨੇ ਜਨਤਾ ਦੀ ਨਬਜ਼ ਉਨ੍ਹਾਂ ਦੇ ਦਰਮਿਆਨ ਜਾ ਕੇ ਕਦੀ ਨਹੀਂ ਜਾਣੀ।

ਸੰਵਿਧਾਨ ਬਦਲਣ ਦੇ ਬਿਆਨ ਨੇ ਇੱਥੋਂ ਦੇ 35 ਫੀਸਦੀ ਦੇ ਬਰਾਬਰ ਦਲਿਤ ਵੋਟਾਂ ਦਾ ਸਪਾ ਵੱਲ ਧਰੁਵੀਕਰਨ ਕੀਤਾ। ਅਸਲੀ ਸਮੱਸਿਆ ਤਾਂ ਅਯੁੱਧਿਆ ਜੀ ਦੀਆਂ ਗਲੀਆਂ ਦੇ ਜਾਮਰੂਪੀ ਝਾਮ ਨੇ ਇੱਥੋਂ ਦੇ ਮੂਲ ਵਾਸੀਆਂ ਨੂੰ ਬੇਹਾਲ ਕੀਤਾ। ਸਿਰਫ ਪ੍ਰਚਾਰ ਨਾਲ ਕਦੀ ਕਿਸੇ ਦੀ ਸਰਕਾਰ ਨਹੀਂ ਬਣੀ। ਅਯੁੱਧਿਆ ’ਚ ਬੇਤਰਤੀਬ ਕੰਮ ਨਾਲ ਅਫਸਰਾਂ, ਨੇਤਾਵਾਂ, ਮੰਤਰੀਆਂ ਨੇ ਚਾਂਦੀ ਨਹੀਂ ਸੋਨਾ ਅਤੇ ਹੀਰੇ ਲੁੱਟੇ ਹਨ।

ਅਯੁੱਧਿਆ ਏਅਰਪੋਰਟ ਲਈ ਕਿਸਾਨਾਂ ਤੋਂ ਪਹਿਲਾਂ ਸਸਤੀਆਂ ਜ਼ਮੀਨਾਂ ਅਫਸਰਾਂ ਤੇ ਨੇਤਾਵਾਂ ਨੇ ਖਰੀਦ ਕੇ ਫਿਰ ਉਸ ਦਾ ਸਰਕਲ ਰੇਟ ਵਧਾ ਕੇ ਖੂਬ ਚਾਂਦੀ ਕੁੱਟੀ ਪਰ ਜਦੋਂ ਪੱਤਾ-ਪੱਤਾ ਭਗਵਾਨ ਸ਼੍ਰੀ ਰਾਮ ਹਿਲਾਉਂਦੇ ਹਨ ਉਦੋਂ ਇਨ੍ਹਾਂ ਦੀ ਹਾਰ ਵੀ ਮੇਰੇ ਖਿਆਲ ਨਾਲ ਖੁਦ ਭਗਵਾਨ ਸ਼੍ਰੀ ਰਾਮ ਨੇ ਦੇ ਕੇ ਇਨ੍ਹਾਂ ਨੂੰ ਚਿਤਾਵਨੀ ਦਿੱਤੀ ਹੈ। ਭਾਜਪਾ ਨੂੰ ਸੱਤਾ ਦਾ ਨਸ਼ਾ ਲੈ ਬੈਠਾ। ਇਸ ਬਾਰੇ ਗੋਸਵਾਮੀ ਤੁਲਸੀਦਾਸ ਜੀ ਸ਼੍ਰੀਰਾਮਚਰਿਤਮਾਨਸ ’ਚ ਲਿਖਦੇ ਹਨ-ਨਹਿਂ ਕੋਉ ਅਸ ਜਨਮਾ ਜਗ ਮਾਹੀਂ। ਪ੍ਰਭੂਤਾ ਪਾਇ ਜਾਹਿ ਮਦ ਨਾਹੀਂ।। ਹੁਣ ਇਹ ਵੰਗਾਰ ਤਾਂ ਭਾਜਪਾ ਦੇ ਸਾਹਮਣੇ ਹੈ ਕਿ ਉਹ ਹਿੰਦੂ ਧਰਮ ਖੇਤਰਾਂ ’ਚ ਇਸ ਚੋਣ ’ਚ ਮਿਲੀ ਆਪਣੀ ਅਸਫਲਤਾ ਦੇ ਕਾਰਨ ਲੱਭੇ।

ਵਿਨੀਤ ਨਾਰਾਇਣ


Tanu

Content Editor

Related News