ਅੱਤ ਦੀ ਗਰਮੀ ਕਾਰਨ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਜਾਣੋ ਕਦੋਂ ਖੁੱਲ੍ਹਣਗੇ ਅਦਾਰੇ

06/01/2024 4:09:11 PM

ਨਵੀਂ ਦਿੱਲੀ - ਦੇਸ਼ ਵਿਚ ਗਰਮੀ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਅੱਤ ਦੀ ਗਰਮੀ ਕਾਰਨ ਕਈ ਸੂਬਿਆਂ ਵਿੱਚ ਸਕੂਲਾਂ ਨੇ ਗਰਮੀਆਂ ਦੀਆਂ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕਈ ਸੂਬਿਆਂ 'ਚ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਸਨ ਪਰ ਗਰਮੀ ਨੂੰ ਵੇਖਦੇ ਹੋਏ ਸਕੂਲ ਫਿਲਹਾਲ ਬੰਦ ਰਹਿਣ ਵਾਲੇ ਹਨ। ਦੇਸ਼ ਕਈ ਇਲਾਕੇ ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਤਾਮਿਲਨਾਡੂ, ਪੁਡੂਚੇਰੀ, ਤੇਲੰਗਾਨਾ ਅਤੇ ਗੋਆ ਵਿਚ ਗਰਮੀ ਲਗਾਤਾਰ ਵਧ ਰਹੀ ਹੈ। ਇਸ ਕਾਰਨ ਲੋਕਾਂ ਦੇ ਬੇਹੋਸ਼ ਹੋਣ ਅਤੇ ਮੌਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਇਸ ਕਾਰਨ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ।

ਤਾਮਿਲਨਾਡੂ ਵਿੱਚ ਸਕੂਲ 10 ਜੂਨ ਤੱਕ ਬੰਦ

ਤਾਮਿਲਨਾਡੂ ਵਿੱਚ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਸਕੂਲ ਸਿੱਖਿਆ ਵਿਭਾਗ ਨੇ ਸਕੂਲ ਮੁੜ ਖੋਲ੍ਹਣ ਦੀ ਤਾਰੀਖ਼ 6 ਜੂਨ ਤੋਂ ਬਦਲ ਕੇ 10 ਜੂਨ ਕਰਨ ਦਾ ਐਲਾਨ ਕੀਤਾ ਹੈ। ਤਾਮਿਲਨਾਡੂ ਦੇ ਸਕੂਲ ਸਿੱਖਿਆ ਨਿਰਦੇਸ਼ਕ ਜੀ. ਅਰੀਵੋਲੀ ਨੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਸਮੇਤ ਸਾਰੇ ਵਿਦਿਅਕ ਅਦਾਰਿਆਂ ਲਈ ਇਹ ਆਦੇਸ਼ ਜਾਰੀ ਕੀਤੇ ਹਨ।

ਤੇਲੰਗਾਨਾ ਅਤੇ ਪੁਡੂਚੇਰੀ ਵਿੱਚ ਵੀ ਸਕੂਲ ਰਹਿਣਗੇ ਬੰਦ

ਤੇਲੰਗਾਨਾ ਨੇ 2024-25 ਅਕਾਦਮਿਕ ਸਾਲ ਲਈ 12 ਜੂਨ ਨੂੰ ਸਕੂਲ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਹਨ। ਦੂਜੇ ਪਾਸੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੇ ਕਰਾਈਕਲ, ਮਾਹੇ ਅਤੇ ਯਾਨਮ ਵਰਗੇ ਖੇਤਰਾਂ ਦੇ ਸਕੂਲ ਮੁੜ ਖੋਲ੍ਹਣ ਦੀ ਮਿਤੀ 6 ਜੂਨ ਤੋਂ ਵਧਾ ਕੇ 12 ਜੂਨ ਕਰ ਦਿੱਤੀ ਗਈ ਹੈ। ਸਕੂਲ ਸਿੱਖਿਆ ਦੇ ਨਿਰਦੇਸ਼ਕ ਪੀ. ਪ੍ਰਿਯਦਰਸ਼ਨੀ ਨੇ ਸਾਰੇ ਸਰਕਾਰੀ, ਨਿੱਜੀ ਤੌਰ 'ਤੇ ਪ੍ਰਬੰਧਿਤ ਅਤੇ ਸੀਬੀਐਸਈ ਮਾਨਤਾ ਪ੍ਰਾਪਤ ਸਕੂਲਾਂ ਲਈ ਇਹ ਆਦੇਸ਼ ਸਖ਼ਤੀ ਨਾਲ ਜਾਰੀ ਕੀਤੇ ਹਨ। 

ਬਿਹਾਰ 'ਚ ਸਕੂਲ ਦੁਬਾਰਾ ਬੰਦ

ਬਿਹਾਰ ਸਰਕਾਰ ਨੇ ਗਰਮੀ ਕਾਰਨ ਸਕੂਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਖੇਤਰ ਦੇ ਕਈ ਸਕੂਲਾਂ ਵਿੱਚ ਵਿਦਿਆਰਥਣਾਂ ਦੀ ਸਿਹਤ ਵਿਗੜਨ ਅਤੇ ਉਹ ਬੇਹੋਸ਼ ਹੋ ਜਾਣ ਤੋਂ ਬਾਅਦ ਬਿਹਾਰ ਸਰਕਾਰ ਨੇ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਬੇਗੂਸਰਾਏ ਅਤੇ ਸ਼ੇਖਪੁਰਾ ਦੇ ਸਕੂਲਾਂ 'ਚ 50 ਤੋਂ ਵਧ ਵਿਦਿਆਰਥਣਾਂ ਦੇ ਬੇਹੋਸ਼ ਹੋ ਜਾਣ ਕਾਰਨ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਹੁਣ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਕੂਲਾਂ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਸਕੂਲਾਂ ਨੂੰ 30 ਮਈ ਤੋਂ 08 ਜੂਨ 2024 ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਗੋਆ ਵਿੱਚ ਵੀ ਸਕੂਲ ਨਾ ਖੋਲ੍ਹਣ ਦਾ ਐਲਾਨ

ਗੋਆ ਵਿਧਾਨ ਸਭਾ ਦੇ ਸਪੀਕਰ ਰਮੇਸ਼ ਤਵਾਦਕਰ ਨੇ ਸਕੂਲ ਨਾ ਖੋਲ੍ਹਣ ਦੀ ਅਪੀਲ ਕੀਤੀ ਹੈ। ਕਹਿਰ ਦੀ ਗਰਮੀ ਅਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਕਾਰਨ ਇੱਥੋਂ ਦੇ ਸਕੂਲ ਮੁੜ ਖੋਲ੍ਹਣ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਗਈ ਹੈ। ਦਰਅਸਲ, 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਨਾਲ ਸਕੂਲ ਮੁੜ ਖੁੱਲ੍ਹਣ ਦੇ ਸੰਜੋਗ 'ਤੇ ਚਿੰਤਾ ਜ਼ਾਹਰ ਕਰਦੇ ਹੋਏ, ਤਵਾਦਕਰ ਨੇ ਇਸ ਸਮੇਂ ਚੱਲ ਰਹੀਆਂ ਵਿਹਾਰਕ ਚੁਣੌਤੀਆਂ 'ਤੇ ਜ਼ੋਰ ਦਿੱਤਾ, ਜਿਸ ਵਿਚ ਕਈ ਅਧਿਆਪਕਾਂ ਨੂੰ ਚੋਣ ਡਿਊਟੀ ਵਿਚ ਸ਼ਾਮਲ ਕੀਤਾ ਜਾਣਾ ਵੀ ਸ਼ਾਮਲ ਹੈ।

ਤੁਹਾਨੂੰ ਦੱਸ ਦੇਈਏ ਕਿ ਉੱਤਰੀ ਭਾਰਤ ਵਿੱਚ ਕਈ ਥਾਵਾਂ ‘ਤੇ ਵੱਧ ਤੋਂ ਵੱਧ ਤਾਪਮਾਨ 47 ਨੂੰ ਪਾਰ ਕਰ ਗਿਆ ਹੈ। ਗਰਮੀ ਕਾਰਨ ਲੋਕਾਂ ਦੀ ਮੌਤ ਹੋ ਰਹੀ ਹੈ। ਭਿਆਨਕ ਗਰਮੀ ਕਾਰਨ ਦੇਸ਼ ਭਰ 'ਚ ਹੁਣ ਤੱਕ 43 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਿਹਾਰ ਵਿੱਚ 32, ਉੜੀਸਾ ਵਿੱਚ 10, ਔਰੰਗਾਬਾਦ ਵਿੱਚ 17, ਅਰਾਹ ਵਿੱਚ 6, ਗਯਾ ਅਤੇ ਰੋਹਤਾਸ ਵਿੱਚ ਤਿੰਨ-ਤਿੰਨ, ਬਕਸਰ ਵਿੱਚ ਦੋ ਅਤੇ ਪਟਨਾ ਵਿੱਚ ਇੱਕ ਮੌਤ ਹੋਈ ਹੈ। ਇਸ ਤੋਂ ਇਲਾਵਾ ਝਾਰਖੰਡ ਦੇ ਪਲਾਮੂ ਜ਼ਿਲੇ 'ਚ ਪਿਛਲੇ 24 ਘੰਟਿਆਂ 'ਚ 5 ਲੋਕਾਂ ਦੀ ਮੌਤ ਹੋ ਗਈ ਹੈ।


Harinder Kaur

Content Editor

Related News