ਰਾਜ ਸਭਾ ’ਚ ਵੀ ਭਾਜਪਾ ਲਈ ਵੱਡੀ ਚੁਣੌਤੀ
Friday, Jun 21, 2024 - 04:56 PM (IST)

ਨਵੀਂ ਦਿੱਲੀ- ਜੇ ਭਾਜਪਾ ਲੋਕ ਸਭਾ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਆਪਣੇ ਭਾਈਵਾਲਾਂ ’ਤੇ ਨਿਰਭਰ ਹੋ ਗਈ ਹੈ ਤਾਂ ਰਾਜ ਸਭਾ ’ਚ ਵੀ ਉਹ ਬਹੁਤ ਮੁਸ਼ਕਲ ਸਥਿਤੀ ’ਚ ਹੈ। ਭਾਜਪਾ ਕੋਲ ਆਪਣੇ 90 ਸੰਸਦ ਮੈਂਬਰ ਹਨ ਅਤੇ ਮਹੱਤਵਪੂਰਨ ਬਿੱਲਾਂ ਨੂੰ ਪਾਸ ਕਰਵਾਉਣ ਲਈ ਉਸ ਨੂੰ ਹੋਰ ਸੰਸਦ ਮੈਂਬਰਾਂ ਦੀ ਲੋੜ ਪਵੇਗੀ, ਖਾਸ ਤੌਰ ’ਤੇ ਜਿੱਥੇ ਸਦਨ ’ਚ ਦੋ/ਤਿਹਾਈ ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੋਵੇਗੀ।
ਵਰਤਮਾਨ ’ਚ 15 ਆਸਾਮੀਆਂ ਹਨ ; 245 ਦੇ ਸਦਨ ’ਚ 10 ਚੁਣੇ ਗਏ ਅਤੇ 5 ਨਾਮਜ਼ਦ ਮੈਂਬਰ ਹਨ। ਰਾਜ ਸਭਾ ’ਚ ਆਪਣੇ ਭਾਈਵਾਲਾਂ ਨਾਲ ਭਾਜਪਾ ਜਾਦੂਈ ਗਿਣਤੀ ਤੋਂ ਬਹੁਤ ਘੱਟ ਹੈ। ਉਸ ਨੂੰ ਜਗਨਮੋਹਨ ਰੈੱਡੀ ਦੀ ਅਗਵਾਈ ਵਾਲੀ ਵਾਈ. ਐੱਸ. ਆਰ. ਸੀ. ਪੀ. ਅਤੇ ਬੀ. ਜੇ. ਡੀ. ਦੇ ਸਮਰਥਨ ਦੀ ਲੋੜ ਹੋਵੇਗੀ, ਜਿਸ ਦੇ ਉੱਪਰਲੇ ਸਦਨ ’ਚ 11 ਸੰਸਦ ਮੈਂਬਰ ਹਨ ਅਤੇ ਨਵੀਨ ਪਟਨਾਇਕ ਦੀ ਬੀ. ਜੇ. ਡੀ. ਦੇ 9 ਸੰਸਦ ਮੈਂਬਰ ਹਨ।
ਭਾਜਪਾ ਲਈ ਬੀ. ਜੇ. ਡੀ. ਦਾ ਸਮਰਥਨ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋਵੇਗਾ। ਹਾਲਾਂਕਿ ਇਹ ਪਾਰਟੀਆਂ ਕਾਂਗਰਸ ਦੇ ਨਾਲ ਨਹੀਂ ਜਾ ਸਕਦੀਆਂ ਪਰ ਉਹ ਭਾਜਪਾ ਨੂੰ ਹਰਾਉਣ ਲਈ ‘ਇੰਡੀਆ’ ਬਲਾਕ ਨਾਲ ਹੱਥ ਮਿਲਾ ਸਕਦੀਆਂ ਹਨ।
ਰਾਜ ਸਭਾ ’ਚ ਕਾਂਗਰਸ ਦੇ 26 ਸੰਸਦ ਮੈਂਬਰ ਹੋ ਸਕਦੇ ਹਨ, ਉਥੇ ‘ਇੰਡੀਆ’ ਬਲਾਕ ਕੋਲ ਲੱਗਭਗ 80 ਸੰਸਦ ਮੈਂਬਰ ਹਨ; ਟੀ. ਐੱਮ. ਸੀ. (13), ‘ਆਪ’ (10), ਡੀ. ਐੱਮ. ਕੇ. (10), ਆਰ. ਜੇ. ਡੀ. (5), ਸੀ. ਪੀ. ਐੱਮ. (5), ਸਪਾ (4) ਅਤੇ ਕਈ ਛੋਟੀਆਂ ਪਾਰਟੀਆਂ ਬੀ. ਆਰ. ਐੱਸ. (5) ਅਤੇ ਬਸਪਾ (1) ਹੁਣ ਭਾਜਪਾ ਨੂੰ ਪਹਿਲਾਂ ਵਾਂਗ ਸਮਰਥਨ ਨਹੀਂ ਦੇਣਗੀਆਂ।