ਲਹੂ ਭਿੱਜਿਆ ਮਣੀਪੁਰ ਸ਼ਾਂਤੀ ਦੀ ਉਡੀਕ ’ਚ, ਲੋਕਾਂ ਦੀਆਂ ਮੁਸ਼ਕਲਾਂ ਰੁਕਣ ’ਚ ਨਹੀਂ ਆ ਰਹੀਆਂ

Monday, Jun 24, 2024 - 02:29 AM (IST)

ਪਿਛਲੇ ਸਾਲ 3 ਮਈ ਨੂੰ ਮਣੀਪੁਰ ’ਚ ਸ਼ੁਰੂ ਹੋਈ ਜਾਤੀ ਹਿੰਸਾ ’ਚ ਹੁਣ ਤੱਕ 20 ਔਰਤਾਂ ਅਤੇ 8 ਬੱਚਿਆਂ ਸਮੇਤ 226 ਤੋਂ ਵੱਧ ਵਿਅਕਤੀਆਂ ਦੀ ਮੌਤ ਅਤੇ 1500 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਹਨ ਜਦਕਿ ਲਗਭਗ 60,000 ਲੋਕ ਰਾਹਤ ਕੈਂਪਾਂ ’ਚ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹਨ।

ਮਣੀਪੁਰ ’ਚ ਜਾਰੀ ਜਾਤੀ ਝੜਪਾਂ ਦੇ ਅੰਕੜੇ 'ਚ ਕਮੀ ਆਈ ਸੀ ਪਰ ਇਸ ਸਾਲ 13 ਅਪ੍ਰੈਲ ਦੇ ਬਾਅਦ ਫਿਰ ਹਿੰਸਾ ਭੜਕ ਉੱਠੀ ਅਤੇ ਬਿਸ਼ਨੂੰਪੁਰ ਜ਼ਿਲੇ ’ਚ ਸੀ.ਆਰ.ਪੀ.ਐੱਫ. ਦੀ ਚੌਕੀ ’ਤੇ ਹਮਲੇ ’ਚ 2 ਵਿਅਕਤੀ ਮਾਰੇ ਗਏ, 2 ਜਵਾਨਾਂ ਸਮੇਤ ਘੱਟੋ-ਘੱਟ 4 ਵਿਅਕਤੀਆਂ ਦੀ ਹੱਤਿਆ ਹੋ ਚੁੱਕੀ ਹੈ। ਲੋਕ ਸਭਾ ਚੋਣਾਂ ਦੇ ਖਤਮ ਹੋਣ ਤੋਂ ਬਾਅਦ, ਸੂਬੇ ’ਚ ਹਿੰਸਕ ਘਟਨਾਵਾਂ ’ਚ ਤੇਜ਼ੀ ਆ ਗਈ ਹੈ।

ਮੰਨੋ ਇਹ ਢੁੱਕਵਾਂ ਨਹੀਂ ਸੀ ਕਿ 29 ਮਈ ਨੂੰ ਮਣੀਪੁਰ ’ਚ ਭਿਆਨਕ ਹੜ੍ਹ ਦੀਆਂ ਖਬਰਾਂ ਆ ਗਈਆਂ ਜਿਸ ਦੇ ਕਾਰਨ ਦੇਸ਼ ਨਾਲੋਂ ਸੂਬੇ ਦਾ ਸੰਪਰਕ ਵੀ ਟੁੱਟ ਗਿਆ। ਹੜ੍ਹ ਨਾਲ ਕੁੱਲ 1,88,143 ਵਿਅਕਤੀ ਪ੍ਰਭਾਵਿਤ ਹੋਏ ਅਤੇ ਘੱਟੋ-ਘੱਟ 24,265 ਘਰਾਂ ਨੂੰ ਵੀ ਨੁਕਸਾਨ ਪੁੱਜਾ।

ਸੂਬੇ ਦੇ ਕਈ ਇਲਾਕਿਆਂ ਇੰਫਾਲ, ਬਿਸ਼ਨੂੰਪੁਰ, ਚੁਰਾਚਾਂਦਪੁਰ ਆਦਿ ’ਚ ਬੜੇ ਹੀ ਭਾਵਪੂਰਨ ਦ੍ਰਿਸ਼ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਇਲਾਕਿਆਂ ’ਚ ਸਥਿਤ ਸਕੂਲਾਂ, ਕਾਲਜਾਂ ਦੀਆਂ ਇਮਾਰਤਾਂ ’ਚ ਜਿਥੇ ਕਿਸੇ ਸਮੇਂ ਵਿਦਿਆਰਥੀਆਂ ਦੀ ਚਹਿਲ-ਪਹਿਲ ਰਹਿੰਦੀ ਸੀ, ਅੱਜ ਇਨ੍ਹਾਂ ’ਚ ਵਿਦਿਆਰਥੀ ਨਹੀਂ, ਇਨਸਾਫ ਦੀ ਉਡੀਕ ਕਰ ਰਹੇ ਹਜ਼ਾਰਾਂ ਉਜੜੇ ਪਰਿਵਾਰ ਰਹਿ ਰਹੇ ਹਨ। ਕਮਰਿਆਂ ’ਤੇ ਜਮਾਤਾਂ ਦੇ ਨਾਂ ਲਿਖੇ ਹੋਏ ਹਨ ਪਰ ਹੁਣ ਇਨ੍ਹਾਂ ਕਮਰਿਆਂ ’ਚ ਵਿਦਿਆਰਥੀਆਂ ਦੇ ਭਵਿੱਖ ਦੇ ਸੁਪਨੇ ਨਹੀਂ ਬੁਣੇ ਜਾਂਦੇ, ਆਪਣੇ ਬੱਚਿਆਂ ਦੀ ਚਿੰਤਾ ’ਚ ਘੁਲ ਰਹੇ ਪਰਿਵਾਰਾਂ ਦੇ ਹਉਕੇ ਗੂੰਜਦੇ ਹਨ।

ਅਜਿਹੇ ਹੀ ਉਜੜੇ ਲੋਕਾਂ ਦੇ ਰਹਿਣ ਵਾਲੇ ਕੈਂਪ ’ਚ ਰਹਿੰਦੀ ਇਕ ਔਰਤ, ਜਿਸ ਦੇ ਵੱਡੇ ਪੁੱਤਰ ਦੀ ਚੁਰਾਚਾਂਦਪੁਰ ’ਚ ਅਤੇ ਛੋਟੇ ਪੁੱਤਰ ਦੀ ਲਾਮਲਾਈ ’ਚ ਹੱਤਿਆ ਕਰ ਦਿੱਤੀ ਗਈ, ਦੇ ਅਨੁਸਾਰ ‘‘ਸਾਡੇ ਕੋਲ ਸਭ ਕੁਝ ਸੀ-ਇਕ ਘਰ, ਰੋਜ਼ਗਾਰ, ਇਕ ਗੁਆਂਢ ਪਰ ਹੁਣ ਸਾਡੇ ਕੋਲ ਯਾਦਾਂ ਅਤੇ ਅਨਿਸ਼ਚਿਤ ਭਵਿੱਖ ਦੇ ਡਰ ਦੇ ਇਲਾਵਾ ਕੁਝ ਨਹੀਂ ਹੈ।’’ ਅੱਖਾਂ ’ਚ ਅੱਥਰੂ ਅਤੇ ਹੱਥਾਂ ’ਚ ਆਪਣੇ ਇਕ ਪੁੱਤਰ ਦੀ ਪਾਟੀ ਹੋਈ ਤਸਵੀਰ ਫੜੀ ਇਸ ਔਰਤ ਨੇ ਕਿਹਾ, ‘‘ਮੇਰੇ ਪੁੱਤਰ, ਮੇਰੀ ਦੁਨੀਆ ਸਨ।’’

ਜਿਥੇ ਪੀੜਤਾਂ ਦਾ ਕਹਿਣਾ ਹੈ ਕਿ ਮਣੀਪੁਰ ਦੀ ਇਸ ਹਾਲਤ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਪਾਲਿਕਾ ਜਵਾਬਦੇਹ ਠਹਿਰਾਵੇ ਅਤੇ ਅਪਰਾਧੀਆਂ ਨੂੰ ਫੜੇ। ਲੋਕਾਂ ਦੇ ਨਿੱਜੀ ਨੁਕਸਾਨ ਦੀਆਂ ਕਹਾਣੀਆਂ ਨਿਆਪਾਲਿਕਾ ਅਤੇ ਸੂਬਾ ਸਰਕਾਰ ਦੇ ਦਖਲ ਦੀ ਮੰਗ ਕਰਦੀਆਂ ਹਨ।

ਵੱਖ-ਵੱਖ ਰਾਹਤ ਕੈਂਪਾਂ ’ਚ ਰਹਿਣ ਵਾਲੇ ਲੋਕਾਂ ਨੂੰ ਸ਼ਿਕਾਇਤ ਹੈ ਕਿ ਸੂਬੇ ’ਚ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਦੀ ਜਾਂਚ ਅਤੇ ਉਨ੍ਹਾਂ ’ਤੇ ਕੀਤੀ ਗਈ ਕਾਰਵਾਈ ਬਾਰੇ ਵੀ ਉਨ੍ਹਾਂ ਨੂੰ ਕੋਈ ਅਪਡੇਟ ਨਹੀਂ ਮਿਲਦੀ, ਸਿਵਾਏ ਇਸ ਦੇ ਕਿ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।

ਹਾਲਤ ਇੰਨੀ ਤਣਾਅਪੂਰਨ ਹੈ ਕਿ ਸੂਬੇ ਦੇ ਵੱਖ-ਵੱਖ ਜਾਤੀ ਸਮੂਹਾਂ ਦੇ ਲੋਕਾਂ ਨੂੰ ਵੱਖ-ਵੱਖ ਕੈਂਪਾਂ ’ਚ ਰੱਖਿਆ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਘਰ, ਖੇਤ ਅਤੇ ਸ਼ਾਂਤੀਪੂਰਨ ਜੀਵਨ ਸੀ ਪਰ ਹੁਣ ਉਨ੍ਹਾਂ ਕੋਲ ਕੁਝ ਵੀ ਨਹੀਂ ਰਿਹਾ। ਉਹ ਹੁਣ ਤੰਗ ਕਮਰਿਆਂ ’ਚ ਰਹਿੰਦੇ ਹਨ, ਦੂਜਿਆਂ ਦੀ ਸਹਾਇਤਾ ’ਤੇ ਨਿਰਭਰ ਹਨ ਅਤੇ ਉਨ੍ਹਾਂ ਨੂੰ ਕੋਈ ਪਤਾ ਨਹੀਂ ਕਿ ਕੱਲ ਕੀ ਹੋਵੇਗਾ।

ਲੋਕਾਂ ਦਾ ਭਰੋਸਾ ਸਰਕਾਰ ਤੋਂ ਉੱਠ ਗਿਆ ਹੈ ਕਿਉਂਕਿ ਨਾ ਤਾਂ ਸੂਬਾ ਅਤੇ ਨਾ ਹੀ ਕੇਂਦਰ ਸਰਕਾਰ ਨੇ ਕੋਈ ਚਿੰਤਾ ਪ੍ਰਗਟ ਕੀਤੀ ਅਤੇ ਨਾ ਹੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਕਾਰਜਯੋਜਨਾ ਬਣਾਈ। ਲੋਕ ਕਿਸੇ ਵੀ ਮੁੱਦੇ ’ਤੇ ਸਹਾਇਤਾ ਲਈ ਆਪਣੇ ਪਿੰਡਾਂ ਦੇ ਮੁਖੀਆਂ ਦੇ ਕੋਲ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤ ਤਬਾਹ ਹੋ ਗਏ, ਪਸ਼ੂ ਮਰ ਗਏ ਅਤੇ ਪਹਾੜੀਆਂ ਤੋਂ ਦਾਗੀਆਂ ਜਾਣ ਵਾਲੀਆਂ ਗੋਲੀਆਂ ਉਨ੍ਹਾਂ ਨੂੰ ਕਿਸੇ ਵੀ ਸਮੇਂ ਮਾਰ ਸਕਦੀਆਂ ਹਨ।

ਇਕ ਔਰਤ ਨੇ ਕੰਕਰਾਂ ਭਰੇ ਮੁੱਠੀ ਭਰ ਚੌਲ ਦਿਖਾਉਂਦੇ ਹੋਏ ਕਿਹਾ, ‘‘ਸਾਨੂੰ ਦਿਨ ’ਚ ਦੋ ਵਾਰ ਖਾਣਾ ਮਿਲਦਾ ਹੈ ਪਰ ਦੇਖੋ ਸਾਨੂੰ ਕੀ ਮਿਲਦਾ ਹੈ?’’ ਇਕ ਦੁਖੀ ਔਰਤ ਨੇ ਕਿਹਾ, ‘‘ਮੇਰੇ ਬੱਚੇ ਡਾਕਟਰ ਅਤੇ ਇੰਜੀਨੀਅਰ ਬਣਨ ਦਾ ਸੁਪਨਾ ਦੇਖਦੇ ਸੀ। ਹੁਣ ਮੈਨੂੰ ਨਹੀਂ ਪਤਾ ਕਿ ਉਹ ਕਦੀ ਦੁਬਾਰਾ ਸਕੂਲ ਜਾਂ ਕਾਲਜ ਜਾ ਵੀ ਸਕਣਗੇ ਜਾਂ ਨਹੀਂ।’’

ਹਾਲਾਂਕਿ 13 ਜੁਲਾਈ, 2023 ਨੂੰ ਯੂਰਪੀ ਸੰਸਦ ਨੇ ਮਣੀਪੁਰ ’ਚ ਹਿੰਸਾ ਨੂੰ ਰੋਕਣ ਅਤੇ ਧਾਰਮਿਕ ਘੱਟਗਿਣਤੀਆਂ, ਖਾਸ ਕਰ ਕੇ ਇਸਾਈਆਂ ਦੀ ਰੱਖਿਆ ਲਈ ਸੱਦਾ ਦਿੱਤਾ ਸੀ। ਆਰ. ਐੱਸ. ਐੱਸ. ਮੁਖੀ ਸ਼੍ਰੀ ਮੋਹਨ ਭਾਗਵਤ ਨੇ ਹਾਲ ਹੀ ’ਚ ਸਰਕਾਰ ਦਾ ਇਸ ਸਮੱਸਿਆ ਵੱਲ ਧਿਆਨ ਦਿਵਾਇਆ।

17 ਜੂਨ ਨੂੰ ਮਣੀਪੁਰ ਹਿੰਸਾ ਅਤੇ ਸੂਬੇ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ’ਚ ਬੈਠਕ ਕਰ ਕੇ ਮੈਤੇਈ ਅਤੇ ਕੁਕੀ ਭਾਈਚਾਰੇ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਹੈ। ਇਸ ਬੈਠਕ ’ਚ ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਹਾਜ਼ਰ ਨਹੀਂ ਸਨ ਪਰ ਮਣੀਪੁਰ ਦੇ ਸੁਰੱਖਿਆ ਸਲਾਹਕਾਰ ਕੁਲਦੀਪ ਸਿੰਘ ਇਸ ’ਚ ਸ਼ਾਮਲ ਸਨ।

ਅਤੇ ਹੁਣ ਸੂਬੇ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ 21 ਜੂਨ ਨੂੰ ਕਿਹਾ ਹੈ ਕਿ ਸੂਬੇ ’ਚ ਪੈਦਾ ਹੋਈ ਜਾਤੀ ਅਸ਼ਾਂਤੀ ਦੂਰ ਕਰਨ ਲਈ ਮੋਦੀ ਸਰਕਾਰ ਜਲਦੀ ਹੀ ਇਕ ਕਾਰਜਯੋਜਨਾ ਬਣਾਵੇਗੀ ਅਤੇ ਸੂਬੇ ’ਚ ਚੱਲ ਰਹੇ ਸੰਕਟ ਦਾ ਹੱਲ ਜਲਦ ਹੀ ਹੋ ਜਾਵੇਗਾ। ਅਜਿਹੇ ’ਚ ਚੰਗਾ ਹੈ ਕਿ ਮਣੀਪੁਰ ਦੀ ਸਮੱਸਿਆ ਦਾ ਕਿਸੇ ਨੂੰ ਧਿਆਨ ਤਾਂ ਆਇਆ। ਹੁਣ ਅੱਗੇ-ਅੱਗੇ ਦੇਖੋ ਹੁੰਦਾ ਹੈ ਕੀ ?

-ਵਿਜੇ ਕੁਮਾਰ


Harpreet SIngh

Content Editor

Related News