ਅੰਮ੍ਰਿਤਸਰ ’ਚ ਗੋਲੀਬਾਰੀ ਦੀਆਂ ਘਟਨਾਵਾਂ ਵਧੀਆਂ, ਨਾਜਾਇਜ਼ ਅਸਲੇ ’ਤੇ ਪਾਬੰਦੀ ਨਹੀਂ ਲਗਾ ਸਕੀ ਪੁਲਸ

Monday, Jun 24, 2024 - 06:36 PM (IST)

ਅੰਮ੍ਰਿਤਸਰ ’ਚ ਗੋਲੀਬਾਰੀ ਦੀਆਂ ਘਟਨਾਵਾਂ ਵਧੀਆਂ, ਨਾਜਾਇਜ਼ ਅਸਲੇ ’ਤੇ ਪਾਬੰਦੀ ਨਹੀਂ ਲਗਾ ਸਕੀ ਪੁਲਸ

ਅੰਮ੍ਰਿਤਸਰ (ਜਸ਼ਨ)- ਸ਼ਹਿਰ ’ਚ ਗੋਲੀ ਚੱਲਣ ਦੀਆਂ ਘਟਨਾਵਾਂ ਆਮ ਹੀ ਹੋ ਰਹੀਆਂ ਹਨ, ਆਏ ਦਿਨ ਇਕ-ਦੋ ਮਾਮਲੇ ਗੋਲੀ ਚਲਾਉਣ ਦੇ ਸਾਹਮਣੇ ਆ ਰਹੇ ਹਨ। ਇਸ ਦੇ ਬਾਵਜੂਦ ਵੀ ਪੁਲਸ ਕ੍ਰਾਈਮ ’ਤੇ ਪਾਬੰਦੀ ਲਗਾਉਣ ’ਚ ਨਾਕਾਮ ਹੀ ਸਾਬਤ ਹੋ ਰਹੀ ਹੈ। ਇਸੇ ਤਰ੍ਹਾਂ ਹੀ ਗੁਰੂ ਨਗਰੀ ’ਚ ਲੁੱਟ-ਖੋਹ ਦੀਆਂ ਵਾਰਦਾਤਾਂ ਵੀ ਖੂਬ ਹੋ ਰਹੀਆਂ ਹਨ। ਹੁਣ ਲੋਕ ਆਪਣੇ ਸ਼ਹਿਰ ’ਚ ਆਪਣੇ ਆਪ ਨੂੰ ਅਸਰੁੱਖਿਅਤ ਮਹਿਸੂਸ ਕਰ ਰਹੇ ਹਨ। ਦੂਜੇ ਪਾਸੇ ਜ਼ਿਲ੍ਹਾ ਪੁਲਸ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਅਤੇ ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਨਾਲ ਠੀਕ ਹੋਣ ਦੇ ਵੱਡੇ-ਵੱਡੇ ਦਾਅਵੇ ਕਰਦੀ ਨਹੀਂ ਥਕਦੀ, ਪਰ ਸ਼ਹਿਰ ’ਚ ਬੀਤੇ ਦਿਨਾਂ ਤੋਂ ਵਧੀ ਗੋਲੀਬਾਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਅੱਗੇ ਬੇਵੱਸ ਹੋਈ ਪੁਲਸ ਵਿਵਸਥਾ ਦਾ ਜਿਊਂਦਾ ਜਾਗਦਾ ਸਬੂਤ ਹੈ।

ਲੁਟੇਰੇ ਸ਼ਹਿਰ ’ਚ ਸ਼ਰੇਆਮ ਹੀ ਲੋਕਾਂ ਨੂੰ ਲੁੱਟ ਰਹੇ ਹਨ, ਲੋਕਾਂ ਤੋਂ ਮੋਬਾਈਲ ਫੋਨ ਖੋਹੇ ਜਾ ਰਹੇ ਹਨ, ਵਾਹਨ ਚੋਰੀ ਦੀਆਂ ਘਟਨਾਵਾਂ ਆਮ ਹੀ ਹੋ ਰਹੀਆਂ ਹਨ। ਗੋਲੀ ਚਲਾਉਣ ਦੇ ਮਾਮਲੇ ਆਮ ਹੀ ਹੋ ਰਹੇ ਹਨ। ਯਾਦ ਰਹੇ ਕਿ ਪਹਿਲਾਂ ਲੁਟੇਰੇ ਰਾਹ ਚਲਦੀਆਂ ਔਰਤਾਂ ਦੇ ਗਲੇ ਤੇ ਕੰਨਾਂ ਤੱਕ ਦੇ ਸੋਨੇ ਦੀ ਗਹਿਣੇ ਉਤਾਰ ਲੈਂਦੇ ਸਨ, ਜਿਸ ਨਾਲ ਔਰਤਾਂ ਨੇ ਪੁਲਸ ਕਾਰਗੁਜਾਰੀ ਤੋਂ ਪ੍ਰੇਸ਼ਾਨ ਹੋ ਕੇ ਸੋਨੇ ਦੇ ਗਹਿਣੇ ਪਹਿਨਣੇ ਹੀ ਬੰਦ ਕਰ ਦਿੱਤੇ ਹਨ। ਇਸ ਤੋਂ ਸਾਫ ਹੈ ਕਿ ਸ਼ਾਤਿਰ ਕ੍ਰਿਮਿਨਲ ਲੋਕ ਪੁਲਸ ’ਤੇ ਕਿਤੇ ਨਾ ਕਿਤੇ ਭਾਰੀ ਪੈਂਦੇ ਸਾਬਿਤ ਹੋ ਰਹੇ ਹਨ। ਪਹਿਲਾਂ ਅਕਸਰ ਗੋਲੀ ਚੱਲਣ ਦੀਆਂ ਘਟਨਾਵਾਂ ਦੇ ਇਲਾਵਾ ਲੁੱਟ-ਖੋਹ ਦੀਆਂ ਘਟਨਾਵਾਂ ਦੇਰ ਸ਼ਾਮ ਜਾਂ ਫਿਰ ਰਾਤ ਨੂੰ ਹੁੰਦੀ ਸੀ, ਪਰ ਹੁਣ ਲੁਟੇਰੇ ਬਿਨਾਂ ਕਿਸੇ ਡਰ ਦੇ ਹੀ ਦਿਨ ’ਚ ਹੀ ਚੋਰੀ ਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਸ਼ਰੇਆਮ ਅੰਜ਼ਾਮ ਦੇ ਰਹੇ ਹਨ। 

ਇਹ ਵੀ ਪੜ੍ਹੋ-  ਸ਼ਰਾਰਤੀ ਲੋਕਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ ਮੁੱਖ ਲੋੜ : ਜਥੇਦਾਰ ਸ੍ਰੀ ਅਕਾਲ ਤਖ਼ਤ

ਪੁਲਸ ਦੇ ਬੈਨ ਲਗਾਉਣ ਦੇ ਬਾਵਜੂਦ ਸ਼ਰੇਆਮ ਨਿਕਲ ਰਹੀਆਂ ਪਿਸਤੌਲਾਂ 

ਪੁਲਸ ਪ੍ਰਸ਼ਾਸਨ ਨੇ ਫਿਲਹਾਲ ਨਵੀਆਂ ਪਿਸਤੌਲਾਂ ਦੇ ਲਾਈਸੈਂਸ ’ਤੇ ਬੈਨ ਲਗਾਇਆ ਹੋਇਆ ਹੈ, ਪਰ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜ਼ਾਮ ਦੇਣ ਵਾਲੇ ਪਿਸਤੌਲਾਂ ਨੂੰ ਖਿਡੌਣਿਆਂ ਵਾਂਗ ਕੱਢ ਰਹੇ ਹਨ। ਗੋਲੀ ਚੱਲਣ ਦੀਆਂ ਘਟਨਾਵਾਂ ਵੀ ਆਮ ਹੀ ਸੁਣਨ ਨੂੰ ਮਿਲ ਰਹੀਆਂ ਹਨ। ਲੋਕਾਂ ਦੇ ਇਲਾਵਾ ਲੁਟੇਰੇ ਬੈਂਕਾਂ ਤੱਕ ਨੂੰ ਵੀ ਨਹੀਂ ਛੱਡ ਰਹੇ। ਦਿਨ-ਦਿਹਾੜੇ ਲੁਟੇਰੇ ਆਉਂਦੇ ਹਨ ਅਤੇ ਪਿਸਤੌਲਾਂ ਦੀ ਨੋਕ ’ਤੇ ਬੈਂਕਾਂ ’ਚ ਅਤੇ ਲੋਕਾਂ ਨੂੰ ਲੁੱਟ ਕੇ ਤੁਰਦੇ ਬਣਦੇ ਹਨ।

ਇਥੇ ਖਾਸ ਗੱਲ ਇਹ ਹੈ ਕਿ ਜ਼ਿਆਦਾਤਰ ਗੋਲੀ ਚਲਾਉਣ ਦੇ ਮਾਮਲੇ ਘੱਟ ਉਮਰ ਦੇ ਨੌਜਨਾਵਾਂ ਵੱਲੋਂ ਹੀ ਸਾਹਮਣੇ ਆ ਰਹੇ ਹਨ, ਜੋ ਕਿ ਇਕ ਡੂੰਘੀ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਜਿਨ੍ਹਾਂ ਹੱਥਾਂ ’ਚ ਕਾਪੀਆਂ-ਕਿਤਾਬਾਂ ਹੋਣੀਆਂ ਚਾਹੀਦੀਆਂ, ਉਨ੍ਹਾਂ ਦੀ ਥਾਂ ’ਤੇ ਪਿਸਤੌਲਾਂ ਦਿਖ ਰਹੀਆਂ ਹਨ। ਸਭ ਤੋਂ ਵੱਡਾ ਪ੍ਰਸ਼ਨ ਇਹ ਹੈ ਕਿ ਇਨ੍ਹਾਂ ਛੋਟੀਆਂ ਉਮਰਾਂ ਦੇ ਨੌਜਵਾਨਾਂ ਦੇ ਹੱਥਾਂ ’ਚ ਆਖਿਰ ਪਿਸਤੌਲਾਂ ਆਉਂਦੀਆਂ ਕਿਥੋਂ ਹਨ, ਇਹ ਇਕ ਵੱਡੀ ਜਾਂਚ ਦਾ ਵਿਸ਼ਾ ਹੈ।

ਇਹ ਵੀ ਪੜ੍ਹੋ-  ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚ ਯੋਗਾ ਕਰਨ ਵਾਲੀ ਕੁੜੀ ਦੇ ਮੁਆਫ਼ੀ ਮੰਗਣ ਮਗਰੋਂ SGPC ਦੀ ਵੱਡੀ ਕਾਰਵਾਈ

ਬੇਵੱਸ ਨਜ਼ਰ ਆਉਣ ਲੱਗੀ ਪੁਲਸ

ਪੁਲਸ ਵਾਲੇ ਭਾਵੇਂ ਸਮੇਂ-ਸਮੇਂ ’ਤੇ ਗੋਲੀ ਚਲਾਉਣ ਵਾਲਿਆਂ ਦੇ ਇਲਾਵਾ ਲੁੱਟ-ਖੋਹ ਕਰਨ ਤੇ ਵਾਹਨ ਚੋਰੀ ਕਰਨ ਵਾਲੇ ਗਿਰੋਹਾਂ ਦਾ ਪਰਦਾਫਾਸ਼ ਕਰਦੀ ਹੈ ਪਰ ਉਨ੍ਹਾਂ ਦੀ ਗਿਣਤੀ ਵਰਤਮਾਨ ’ਚ ਵਾਪਰ ਰਹੀਆਂ ਵਾਰਦਾਤਾਂ ਦੇ ਅਨੁਸਾਰ ਕਾਫੀ ਘੱਟ ਹੈ। ਕੁਲ ਮਿਲਾ ਕੇ ਹੁਣ ਤੱਕ ਪੁਲਸ ਅਜਿਹੇ ਮਾਮਲਿਆਂ ਨੂੰ ਪੂਰੀ ਤਰ੍ਹਾਂ ਹੱਲ ਕਰਨ ਪ੍ਰਤੀ ਨਾਕਾਫੀ ਹੀ ਸਿੱਧ ਹੋ ਰਹੀ ਹੈ। ਵੱਡੀ ਲੁੱਟ ਤੇ ਗੋਲੀ ਚਲਾਉਣ ਦੇ ਜ਼ਿਆਦਾਤਰ ਅਜਿਹੇ ਕਈ ਮਾਮਲੇ ਅਜੇ ਵੀ ਅੰਮ੍ਰਿਤਸਰ ਦੀ ਸਿਟੀ ਤੇ ਪੇਂਡੂ ਪੁਲਸ ਲਈ ਗਲੇ ਦੀ ਹੱਡੀ ਬਣੇ ਹੋਏ ਹਨ, ਭਾਵ ਕਿ ਅਜੇ ਤੱਕ ਹੱਲ ਨਹੀਂ ਹੋ ਸਕੇ ਹਨ। ਅਜਿਹੇ ਮਾਮਲਿਆਂ ਦੇ ਮੱਦੇਨਜ਼ਰ ਪੁਲਸ ਜਾਣਕਾਰੀ ਮਿਲਣ ’ਤੇ ਕੇਸਾਂ ਨੂੰ ਦਰਜ ਕਰ ਦਿੰਦੀ ਹੈ, ਪਰ ਇਨ੍ਹਾਂ ਦੇ ਹੱਲ ਕਰਨ ’ਚ ਅਸਮਰਥ ਹੀ ਸਾਬਿਤ ਹੁੰਦੀ ਹੈ।

ਇਹ ਵੀ ਪੜ੍ਹੋ-  ਪੰਜਾਬ ਦੇ ਨੇਵੀ ਅਫ਼ਸਰ ਨਾਲ ਵੱਡਾ ਹਾਦਸਾ, ਹਫ਼ਤੇ ਤੋਂ ਨਹੀਂ ਲੱਗਾ ਕੋਈ ਸੁਰਾਗ, ਪਿਓ ਨੇ ਰੋ-ਰੋ ਦੱਸੀ ਇਹ ਗੱਲ (ਵੀਡੀਓ)

ਪਹਿਲਾਂ ਦਸਤੀ ਹਥਿਆਰਾਂ ਨਾਲ ਹੁੰਦੀ ਸੀ ਗਰੁੱਪਾਂ ਦਰਮਿਆਨ ਲੜਾਈ

ਅੱਜ ਤੋਂ ਬੀਤੇ 15 ਸਾਲ ਪਹਿਲਾਂ ਜੋ ਵੀ ਵਿਅਕਤੀਆਂ ਦੇ ਗਰੁੱਪਾਂ ਦਰਮਿਆਨ ਲੜਾਈਆਂ ਹੁੰਦੀਆਂ ਸਨ, ਉਹ ਸਿਰਫ ਦਸਤੀ ਹਥਿਆਰਾਂ (ਡੰਡਿਆਂ, ਹਾਕੀ, ਬੇਸਬਾਲ) ਆਦਿ ਨਾਲ ਹੁੰਦੀਆਂ ਸਨ, ਜਿਸ ਨਾਲ ਵਿਅਕਤੀ ਸਿਰਫ ਜ਼ਖ਼ਮੀ ਤਾਂ ਜ਼ਰੂਰ ਹੁੰਦਾ ਸੀ, ਪਰ ਸਮਾਂ ਰਹਿੰਦੇ ਜ਼ਖਮੀ ਵਿਅਕਤੀ ਠੀਕ ਹੋ ਜਾਂਦਾ ਸੀ। ਇਸ ਤੋਂ ਬਾਅਦ 10-12 ਸਾਲਾਂ ਪਹਿਲਾਂ ਰੰਜਿਸ਼ ਤਹਿਤ ਦੋ ਗਰੁੱਪਾਂ ਦੇ ਦਰਮਿਆਨ ਜੋ ਲੜਾਈਆਂ ਹੋਣ ਲੱਗੀਆਂ, ਉਨ੍ਹਾਂ ਵਿਚ ਦਸਤੀ ਹਥਿਆਰਾਂ ਦੇ ਇਲਾਵਾ ਤੇਜ਼ਧਾਰ ਹਥਿਆਰਾਂ (ਦਾਤਰ, ਕਿਰਪਾਨਾਂ) ਦੀ ਵਰਤੋਂ ਹੋਣ ਲੱਗੀ। ਇਸ ਵਿਚ ਵੀ ਵਿਅਕਤੀ ਗੰਭੀਰ ਜ਼ਖਮੀ ਹੋ ਜਾਂਦਾ ਸੀ, ਪਰ ਉਸ ਦਾ ਇਲਾਜ ਕਾਫੀ ਹੱਦ ਤੱਕ ਸੰਭਵ ਹੁੰਦਾ ਸੀ। ਪਰ ਵਰਤਮਾਨ ਦੀ ਗੱਲ ਕਰੀਏ ਤਾਂ ਹੁਣ ਮਾਮੂਲੀ ਜਿਹੀ ਗੱਲ ’ਤੇ ਘੱਟ ਉਮਰ ਦੇ ਨੌਜਵਾਨ ਵੀ ਤੈਸ਼ ’ਚ ਆ ਜਾਂਦੇ ਹਨ ਅਤੇ ਗੁੱਸੇ ’ਚ ਆ ਕੇ ਤੁਰੰਤ ਹੀ ਪਿਸਤੌਲਾਂ ਕੱਢ ਕੇ ਸਾਹਮਣੇ ਵਾਲੇ ’ਤੇ ਗੋਲੀਆਂ ਚਲਾ ਦਿੰਦੇ ਹਨ। ਹੁਣ ਨੌਜਵਾਨਾਂ ਦਰਮਿਆਨ ਭੱਜ-ਦੌੜ ਦੇ ਇਸ ਯੁੱਗ ’ਚ ਸਹਿਣਸ਼ੀਲਤਾ ’ਚ ਵੀ ਕਾਫੀ ਕਮੀ ਦੇਖੀ ਗਈ ਹੈ। ਇਥੇ ਸਭ ਤੋਂ ਵੱਡਾ ਹੈਰਾਨੀਜਨਕ ਪਹਿਲੂ ਇਹ ਹੈ ਕਿ ਆਖਿਰ ਸਿਰਫ ਇੰਨੀ ਜਿਹੀ ਉਮਰ ’ਚ ਹੀ ਉਨ੍ਹਾਂ ਕੋਲ ਹਥਿਆਰ ਕਿੱਥੋਂ ਆਏ। ਪੁਲਸ ਨੂੰ ਇਸ ਵਿਸ਼ੇ ’ਤੇ ਧਿਆਨ ਦੇਣ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News