ਧੁੰਦ ਤੇ ਧੂੰਏਂ ਕਾਰਨ ਸਾਰੇ ਪਾਸੇ ਫੈਲਿਆ ਘੁੱਪ ਹਨੇਰਾ

Sunday, Nov 05, 2017 - 07:35 AM (IST)

ਧੁੰਦ ਤੇ ਧੂੰਏਂ ਕਾਰਨ ਸਾਰੇ ਪਾਸੇ ਫੈਲਿਆ ਘੁੱਪ ਹਨੇਰਾ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, (ਸੁਖਪਾਲ, ਪਵਨ)  - ਪਿਛਲੇ ਤਿੰਨ ਦਿਨਾਂ ਤੋਂ ਇਸ ਖੇਤਰ ਵਿਚ ਪੈ ਰਹੀ ਸੰਘਣੀ ਧੁੰਦ ਨੇ ਜਿਥੇ ਜਨਜੀਵਨ ਵਿਚ ਰੁਕਾਵਟ ਪਾਈ ਹੈ, ਉਥੇ ਲੋਕਾਂ ਦੇ ਅਨੇਕਾਂ ਕੰਮ ਧੰਦੇ ਵੀ ਰੋਕ ਦਿੱਤੇ ਹਨ। ਸਵੇਰ ਵੇਲੇ ਤੋਂ ਹੀ ਧੁੰਦ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਕਿਸੇ ਪਾਸੇ ਕੁਝ ਦਿਖਾਈ ਨਹੀਂ ਦਿੰਦਾ। ਵਾਹਨਾਂ ਵਾਲਿਆਂ ਨੂੰ ਸੜਕਾਂ 'ਤੇ ਲਾਈਟਾਂ ਜਗਾਉਣ ਦੇ ਬਾਵਜੂਦ ਕੁਝ ਨਹੀਂ ਦਿਸਦਾ। ਧੁੰਦ ਤੇ ਧੂੰਏਂ ਕਾਰਨ ਸਾਰੇ ਪਾਸੇ ਫੈਲੇ ਹਨੇਰੇ ਕਰਕੇ ਅਨੇਕਾਂ ਸੜਕੀ ਹਾਦਸੇ ਵਾਪਰ ਚੁੱਕੇ ਹਨ। ਕਈ ਲੋਕ ਇਨ੍ਹਾਂ ਹਾਦਸਿਆਂ ਵਿਚ ਜ਼ਖ਼ਮੀ ਹੋਏ ਹਨ ਤੇ ਕਈ ਜਾਨਾਂ ਵੀ ਗਈਆਂ ਹਨ।
ਜ਼ਿਕਰਯੋਗ ਹੈ ਕਿ ਲੋਕਾਂ ਦੇ ਕਾਰੋਬਾਰ 'ਤੇ ਵੀ ਧੁੰਦ ਨੇ ਮਾੜਾ ਅਸਰ ਪਾਇਆ ਹੈ। ਸੜਕਾਂ ਕੰਢੇ ਸ਼ਹਿਰਾਂ ਤੋਂ ਬਾਹਰ ਸਬਜ਼ੀਆਂ ਵੇਚਣ ਵਾਲਿਆਂ ਕੋਲ ਵੀ ਗਾਹਕ ਘੱਟ ਆਏ ।  ਖੇਤਾਂ ਵਿਚ ਨਰਮਾ ਚੁੱਗਣ ਵਾਲਿਆਂ ਦਾ ਕਹਿਣਾ ਸੀ ਕਿ ਧੁੰਦ ਕਾਰਨ ਕੰਮ ਬਹੁਤ ਘੱਟ ਨਿਬੜਦਾ ਹੈ। ਪਹਿਲਾਂ ਸਵੇਰੇ 8 ਵਜੇ ਆ ਜਾਈਦਾ ਸੀ ਪਰ ਹੁਣ 11 ਵਜੇ ਆਏ ਹਾਂ ਤੇ 4 ਵਜੇ ਘਰਾਂ ਨੂੰ ਵਾਪਸ ਪਰਤਣਾ ਹੈ। ਧੁੰਦ ਨਾਲ ਠੰਡ ਨੇ ਵੀ ਦਸਤਕ ਦੇ ਦਿੱਤੀ ਹੈ। ਅੱਜ ਤੀਜੇ ਦਿਨ ਦੁਪਹਿਰ ਵੇਲੇ ਮੌਸਮ ਵਿਚ ਕੁਝ ਸੁਧਾਰ ਆਇਆ ਹੈ।


Related News