ਪੰਜਾਬ 'ਚ ਪੈ ਗਏ ਗੜੇ, ਸਾਰੇ ਜ਼ਿਲ੍ਹਿਆਂ ਜਾਰੀ ਹੋਇਆ ALERT! ਜਾਣੋ ਤਾਜ਼ਾ ਅਪਡੇਟ (ਵੀਡੀਓ)
Tuesday, Mar 31, 2026 - 06:28 PM (IST)
ਚੰਡੀਗੜ੍ਹ/ਮਲੋਟ (ਵੈੱਬ ਡੈਸਕ/ਸ਼ਾਮ ਜੁਨੇਜਾ): ਪੰਜਾਬ ਦੇ ਮੌਸਮ ਨੇ ਇਕ ਵਾਰ ਫ਼ਿਰ ਰੁਖ ਬਦਲਿਆ। ਅੱਜ ਸ਼ਾਮ ਨੂੰ ਫ਼ਾਜ਼ਿਲਕਾ ਵਿਚ ਗੜੇਮਾਰੀ ਹੋਈ ਹੈ। ਇਸੇ ਤਰ੍ਹਾਂ ਹੋਰ ਵੀ ਕਈ ਜ਼ਿਲ੍ਹਿਆਂ ਵਿਚ ਬੱਦਲ ਬਣੇ ਹੋਏ ਹਨ ਤੇ ਮੀਂਹ ਪੈਣ ਦੇ ਅਸਾਰ ਹਨ। ਉੱਥੇ ਹੀ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੌਰਾਨ ਵੀ ਸੂਬੇ ਵਿਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਤਾਪਮਾਨ ਵਿਚ ਗਿਰਾਵਟ ਆਵੇਗੀ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

ਵਿਭਾਗ ਵੱਲੋਂ ਅੱਜ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਹੀ ਮੀਂਹ ਤੇ ਹਨੇਰੀ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਮੁਤਾਬਕ, 3-4 ਅਪ੍ਰੈਲ ਤਕ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਬਾਰਿਸ਼ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ। ਉੱਥੇ ਹੀ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ।
ਜਾਣਕਾਰੀ ਮੁਤਾਬਕ, ਅੱਜ ਮਲੋਟ ਉਪ ਮੰਡਲ ਦੇ ਦਰਜਨ ਭਰ ਪਿੰਡਾਂ ਵਿਚ ਮੀਂਹ ਅਤੇ ਹੋਈ ਗੜੇਮਾਰੀ ਹੋਈ, ਜਿਸ ਨਾਲ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ। ਮਲੋਟ ਅਤੇ ਲੰਬੀ ਬਲਾਕ ਦੇ ਵੱਖ ਵੱਖ ਪਿੰਡਾਂ ਤੋਂ ਮਿਲੀਆਂ ਖਬਰਾਂ ਅਨੁਸਾਰ ਇਸ ਬਾਰਿਸ਼ ਅਤੇ ਗੜੇਮਾਰੀ ਨਾਲ ਅਗੇਤੀ ਕਣਕ ਦਾ ਭਾਰੀ ਨੁਕਸਾਨ ਹੋਇਆ ਹੈ। ਮਹਿਕਮਾਂ ਖੇਤੀਬਾੜੀ ਵੱਲੋਂ ਇਸ ਦੀ ਪੁਸ਼ਟੀ ਕੀਤੀ ਹੈ। ਉਧਰ ਖੇਤੀਬਾੜੀ ਵਿਭਾਗ ਅਤੇ ਮੌਸਮ ਵਿਭਾਗ ਦੀਆਂ ਰਿਪੋਰਟਾਂ ਕਰਕੇ ਕਿਸਾਨਾਂ ਵਿਚ ਅਜੇ ਅਗਲੇ ਦਿਨਾਂ ਵਿਚ ਵੀ ਬਾਰਿਸ਼ ਦਾ ਡਰ ਬਣਿਆ ਹੋਇਆ ਹੈ।
ਪਿਛਲੇ ਕਈ ਦਿਨਾਂ ਤੋਂ ਮੌਸਮ ਦੇ ਵਿਗੜੇ ਤੇਵਰਾਂ ਨੂੰ ਲੈ ਕੇ ਕਿਸਾਨਾਂ ਦੀ ਜਾਨ ਕੜਿੱਕੀ ਵਿਚ ਸੀ। ਅੱਜ ਦੁਪਿਹਰ ਦੋ ਵਜੇ ਹੋਈ ਬਾਰਿਸ਼ ਅਤੇ ਗੜੇਮਾਰੀ ਕਰਕੇ ਮਲੋਟ ਦੇ ਪਿੰਡ ਕੱਟਿਆਵਾਲੀ, ਸਰਾਵਾਂ, ਅਸਪਾਲ, ਬੋਦੀਵਾਲਾ ਖੜਕ ਸਿੰਘ, ਮਿੱਡਾ, ਕਬਰਵਾਲਾ, ਤਰਖਾਨਵਾਲਾ ਵਿਚ ਗੜੇਮਾਰੀ ਨਾਲ ਭਾਰੀ ਨੁਕਸਾਨ ਹੋਇਆ ਹੈ। ਇਨ੍ਹਾਂ ਪਿੰਡਾਂ ਵਿਚ 30 ਤੋਂ 40 ਪ੍ਰਤੀਸ਼ਤ ਤੱਕ ਰਕਬੇ ਵਿਚ ਅਗੇਤੀ ਕਣਕ ਜੋ ਪੱਕ ਕਿ ਤਿਆਰ ਹੋ ਚੁੱਕੀ ਸੀ ਪੂਰੀ ਤਰ੍ਹਾਂ ਧਰਤੀ ਤੇ ਵਿਛ ਗਈ ਅਤੇ ਕਣਕ ਦੇ ਸਿੱਟੇ ਨਸ਼ਟ ਹੋ ਗਏ। ਇਸ ਤੋਂ ਇਲਾਵਾ ਲੰਬੀ ਦੇ ਫ਼ਤਿਹਪੁਰ ਮੰਨੀਆਂ ਤੋਂ ਲੈ ਕੇ ਫੁੱਲੂਖੇੜਾ, ਭਾਈ ਕਾ ਕੇਰਾ, ਸ਼ਾਮ ਖੇੜਾ ਸਮੇਤ ਪਿੰਡਾਂ ਵਿਚ ਹਲਕੀ ਤੇ ਭਾਰੀ ਗੜੇਮਾਰੀ ਹੋਈ ਜਿਸ ਨਾਲ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ।
ਕਿਸਾਨ ਇੰਦਰਜੀਤ ਸਿੰਘ ਅਸਪਾਲ ਨੇ ਦੱਸਿਆ ਕਿ ਉਨ੍ਹਾਂ ਦੀ ਸਾਰੀ ਕਣਕ ਜੋ ਪੱਕ ਕਿ ਤਿਆਰ ਸੀ ਪੂਰੀ ਤਰ੍ਹਾਂ ਖਤਮ ਹੋ ਗਈ। ਕਰੀਬ 20 ਮਿੰਟ ਬਾਰਿਸ਼ ਤੇ ਗੜੇਮਾਰੀ ਨੇ ਕਿਸਾਨਾਂ ਦੇ ਮੂੰਹ ਵਿਚੋਂ ਬੁਰਕੀ ਖੋਹ ਲਈ ਹੈ। ਸੁਖਮੰਦਰ ਸਿੰਘ ਸਰਪੰਚ ਅਸਪਾਲ ਨੇ ਵੀ ਕਿਸਾਨਾਂ ਦੇ ਨੁਕਸਾਨ ਦੀ ਪੁਸ਼ਟੀ ਕੀਤੀ। ਇਸ ਸਬੰਧੀ ਗੁਰਵਿੰਦਰ ਸਿੰਘ ਫਤਿਹਪੁਰ ਮੰਨੀਆਂ ਨੇ ਦੱਸਿਆ ਕਿ ਉਨ੍ਹਾਂ ਸਮੇਤ ਆਸਪਾਸ ਪਿੰਡਾਂ ਵਿਚ ਹਲਕੀ ਗੜੇਮਾਰੀ ਹੋਈ ਜਿਸ ਨਾਲ ਜਿੱਥੇ ਪੂਰੀ ਤਰ੍ਹਾਂ ਪੱਕ ਚੁੱਕੀ ਕਣਕ ਦਾ ਨੁਕਸਾਨ ਹੋਇਆ ਉਥੇ ਬਾਕੀ ਕਣਕ ਦੇ ਝਾੜ ਤੇ ਵੀ ਅਸਰ ਪਵੇਗਾ। ਉਧਰ ਭਗਵੰਤ ਸਿੰਘ ਮਿੱਡਾ ਸਮੇਤ ਕਿਸਾਨਾਂ ਨੇ ਫਸਲ ਦੇ ਨੁਕਸਾਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਬੰਧੀ ਸਰਕਾਰ ਨੁਕਸਾਨ ਦਾ ਜਾਇਜ਼ਾ ਲੈਕੇ ਕਿਸਾਨਾਂ ਦੀ ਬਾਂਹ ਫੜੇ।
ਇਸ ਮਾਮਲੇ ਤੇ ਖੇਤੀਬਾੜੀ ਅਧਿਕਾਰੀ ਡਾ.ਮੰਗਲਸੈਨ ਕੰਬੋਜ ਨੇ ਦੱਸਿਆ ਕਿ ਇਨ੍ਹਾਂ 6-7 ਪਿੰਡਾਂ ਵਿਚ ਨੁਕਸਾਨ ਦੀਆਂ ਖ਼ਬਰਾਂ ਹਨ। ਉਨ੍ਹਾਂ ਕਿਹਾ ਕਿ ਇਸ ਦਾ ਜਿਅਦਾ ਅਸਰ ਪੱਕ ਕਿ ਤਿਆਰ ਹੋਈ ਕਣਕ ਤੇ ਪਿਆ ਹੈ। ਉਨ੍ਹਾਂ ਕਿਹਾ ਪ੍ਰਭਾਵਿਤ ਪਿੰਡਾਂ ਵਿਚ 30 ਤੋਂ 40 ਪ੍ਰਤੀਸ਼ਤ ਰਕਬਾ ਗੜੇਮਾਰੀ ਦੀ ਮਾਰ ਵਿਚ ਆਇਆ ਹੈ। ਉਸ ਵਿਚੋਂ ਵੀ ਜਿਆਦਾ ਨੁਕਸਾਨ ਤਿਆਰ ਕਣਕ ਦਾ ਹੋਇਆ ਹੈ। ਨੁਕਸਾਨ ਗੜਿਆਂ ਕਾਰਨ ਹੁੰਦਾ ਹੈ ਅਤੇ ਬਾਰਿਸ਼ ਨਾਲ ਕੋਈ ਜਿਆਦਾ ਨੁਕਸਾਨ ਨਹੀਂ ਹੁੰਦਾ। ਇਸ ਸਬੰਧੀ ਸਹੀ ਨੁਕਸਾਨ ਦੀ ਪੁਸ਼ਟੀ ਮਾਲ ਵਿਭਾਗ ਵੱਲੋਂ ਮੁਆਇਨੇ ਤੋਂ ਬਾਅਦ ਹੋਵੇਗੀ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਦੀਆਂ ਸੂਚਨਾਵਾਂ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਸ੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਸਮੇਤ ਜ਼ਿਲਿਆ ਵਿਚ ਬਾਰਿਸ਼ ਦੀ ਸੰਭਾਵਨਾ ਹੈ। ਜਿਸ ਕਰਕੇ ਕਿਸਾਨਾਂ ਵਿਚ ਸਹਿਮ ਬਣਿਆ ਹੋਇਆ। ਪਿੰਡ ਸਰਾਵਾਂ ਬੋਦਲਾਂ ਦੇ ਕਿਸਾਨ ਅਤੇ ਰਿਟ.ਫਾਇਰ ਅਫਸਰ ਜਰਨੈਲ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਅਸਪਾਲਾਂ ਸਮੇਤ ਉਪਰਲੇ ਪਾਸੇ ਨੁਕਸਾਨ ਹੋਇਆ ਹੈ ਪਰ ਜਿੰਨ੍ਹਾਂ ਸਮਾਂ ਮੌਸਮ ਸਾਫ਼ ਨਹੀਂ ਹੁੰਦਾ ਕਿਸਾਨਾਂ ਤੇ ਡਰ ਦੀ ਤਲਵਾਰ ਲਟਕਦੀ ਰਹੇਗੀ।
