ਨਸ਼ੇ ਕਾਰਨ 5ਵੇਂ ਪੁੱਤ ਦੀ ਹੋਈ ਮੌਤ ਨੂੰ ਲੈ ਕੇ ਬੋਲੀ ਮਾਂ, ਜਿਸ ਘਰ ’ਚ ਅੱਗ ਲੱਗੀ ਹੋਵੇ, ਉਸ ਦਾ ਸੇਕ ਘਰਦਿਆਂ ਨੂੰ ਪਤਾ
Wednesday, Apr 08, 2026 - 01:16 PM (IST)
ਸੁਲਤਾਨਪੁਰ ਲੋਧੀ (ਧੀਰ)- ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ’ਚ ਚਾਰ ਪੁੱਤਰਾਂ ਨੂੰ ਨਸ਼ੇ ਕਾਰਨ ਗੁਆਉਣ ਵਾਲੀ ਇਕ ਮਾਂ ਦੇ 5ਵੇਂ ਪੁੱਤ ਦੀ ਵੀ ਨਸ਼ੇ ਕਾਰਨ ਬੀਤੇ ਦਿਨ ਮੌਤ ਹੋ ਗਈ। ਨਸ਼ਿਆਂ ਕਾਰਨ ਹੋਈ ਇਕ ਮਾਂ ਦੇ ਚਾਰ ਪੁੱਤਰਾਂ ਦੀ ਹੋਈ ਮੌਤ ਨੂੰ ਲੈ ਕੇ ਉਲਟਾ ਪੁਲਸ ਮਾਂ 'ਤੇ ਹੀ ਝੂਠ ਬੋਲਣ ਦਾ ਦੋਸ਼ ਲਗਾਉਂਦੀ ਨਜ਼ਰ ਆਈ।
ਜ਼ਿਕਰਯੋਗ ਹੈ ਕਿ ਮੁਹੱਲਾ ਪਡੋਰੀ ’ਚ ਨਸ਼ਿਆਂ ਦੇ ਵਗ ਰਹੇ ਦਰਿਆ ਕਾਰਨ ਇਕ ਮਾਂ ਵੱਲੋਂ ਪਹਿਲਾਂ ਚਾਰ ਪੁੱਤ ਵਹਾਉਣ ਤੋਂ ਬਾਅਦ ਬਚੀ ਹੋਈ ਇਕ ਉਮੀਦ ਦੀ ਕਿਰਨ ਉਸ ਦੇ ਪੰਜਵੇਂ ਪੁੱਤ ਨੂੰ ਵੀ ਪੰਜਾਬ ਸਰਕਾਰ ਵੱਲੋਂ ਲਗਾਈ ਗੁਹਾਰ ਤੋਂ ਬਾਅਦ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਨੀਂਦ ਤੋਂ ਜਾਗਿਆ।
'ਜਗ ਬਾਣੀ' ਵਿਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਸੋਸ਼ਲ ਮੀਡੀਆ ਵਿਚ ਵਾਇਰਲ ਵੀਡੀਓ ਕਾਰਨ ਹੋਈ ਕਿਰਕਰੀ ਤੋਂ ਉਸ ਦੇ ਪੰਜਵੇਂ ਪੁੱਤਰ ਨੂੰ ਪਹਿਲਾਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖ਼ਲ ਕਰਵਾਇਆ ਅਤੇ ਫਿਰ ਹਾਲਤ ਗੰਭੀਰ ਹੋਣ ’ਤੇ ਉਸ ਨੂੰ ਗੁਰੂ ਨਾਨਕ ਮੈਡੀਕਲ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿੱਥੇ ਸ਼ਾਮ ਨੂੰ ਉਹ ਵੀ ਦਮ ਤੋੜ ਗਿਆ।

ਇਹ ਵੀ ਪੜ੍ਹੋ: Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ ਤਾਂ...
ਪੁੱਤ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਘਰ ’ਚ ਚੀਕ-ਚਿਹਾੜਾ ਮੱਚ ਗਿਆ ਅਤੇ ਪੂਰੇ ਮੁਹੱਲੇ ’ਚ ਮਾਤਮ ਫੈਲ ਗਿਆ। ਮਾਂ ਦੇ ਰੋਂਦੀ ਦੇ ਵਿਰਲਾਪ ਨੇ ਕੰਧਾਂ ਵੀ ਹਿਲਾ ਦਿੱਤੀਆਂ ਅਤੇ ਹਰੇਕ ਵਿਅਕਤੀ ਪਰਿਵਾਰ ਨੂੰ ਹੌਸਲਾ ਰੱਖਣ ਦਾ ਕਹਿ ਰਿਹਾ ਸੀ। ਘਰ ਦੇ ਸਾਰੇ ਚਿਰਾਗ ਬੁੱਝ ਜਾਣ ਤੋਂ ਬਾਅਦ ਸਾਬਕਾ ਕੌਂਸਲਰ ਚਰਨ ਕਮਲ ਪਿੰਟਾ ਨੇ ਘਰ ਦੇ ਮੌਜੂਦਾ ਹਾਲਾਤ ਅਤੇ ਮ੍ਰਿਤਕ ਦੇ ਡੇਢ ਸਾਲ ਦੇ ਮਾਸੂਮ ਨੂੰ ਵੇਖਦਿਆਂ ਘਰ ਦਾ ਗੁਜ਼ਾਰਾ ਕਰਨ ਲਈ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

ਪੀੜਤ ਬਜ਼ੁਰਗ ਮਾਂ ਬੋਲੀ : ਹੁਣ ਦੱਸੇ ਐੱਸ. ਐੱਸ. ਪੀ. 5ਵੇਂ ਪੁੱਤ ਦੀ ਮੌਤ ਕਿਵੇਂ ਹੋਈ?
ਮੈਨੂੰ ਕੀ ਲੋੜ ਝੂਠ ਬੋਲਣ ਦੀ, ਮੇਰੇ ਪੁੱਤਰਾਂ ਦੀ ਮੌਤ ਨਸ਼ੇ ਕਾਰਨ ਹੀ ਹੋਈ
4 ਪੁੱਤਰ ਨਸ਼ਿਆਂ ਦੀ ਦਲਦਲ 'ਚ ਗੁਆ ਦੇਣ ਉਪਰੰਤ ਐੱਸ. ਐੱਸ. ਪੀ. ਕਪੂਰਥਲਾ ਵੱਲੋਂ ਪ੍ਰੈੱਸ ਨੂੰ ਦਿੱਤੇ ਬਿਆਨ ਵਿਚ ਕਿ ਮੁਹੱਲਾ ਪੰਡੋਰੀ ਦੀ ਔਰਤ ਦੇ ਚਾਰ ਪੁੱਤਰਾਂ ਦੀ ਮੌਤ ਦੇ ਵੱਖ-ਵੱਖ ਕਾਰਨ ਸਨ। ਇਸ ਗੱਲ ਨੂੰ ਲੈ ਕੇ ਗੁੱਸੇ ’ਚ ਲਬਰੇਜ ਬਜ਼ੁਰਗ ਮਾਂ ਨੇ ਕਿਹਾ ਕਿ ਪੁੱਤ ਮੈਂ ਜੰਮੇ ਹਨ, ਮੈਨੂੰ ਪਤਾ ਹੈ, ਹੁਣ ਦੱਸੇ ਐੱਸ. ਐੱਸ. ਪੀ. 5ਵੇਂ ਪੁੱਤ ਦੀ ਮੌਤ ਕਿਵੇਂ ਹੋਈ ਹੈ।
ਪੀੜਤ ਨੇ ਕਿਹਾ ਕਿ ਮੈਨੂੰ ਕੀ ਲੋੜ ਹੈ ਝੂਠ ਬੋਲਣ ਦੀ ਕਿ ਮੇਰੇ ਪੁੱਤਰਾਂ ਦੀ ਮੌਤ ਨਸ਼ੇ ਕਾਰਨ ਹੋਈ ਹੈ। ਮੈਨੂੰ ਪਤਾ ਹੈ ਕਿ ਮੈਂ ਆਪਣੇ ਜਿਗਰ ’ਤੇ ਕਿਵੇਂ ਪੁੱਤਾਂ ਦੀ ਮੌਤ ਦਾ ਸੰਤਾਪ ਹੰਡਾਇਆ ਹੈ ਤੇ ਹੁਣ ਪੁਲਸ ਇਸ ’ਤੇ ਆਪਣੀ ਗਲਤੀ ਦਾ ਪਰਦਾ ਪਾ ਕੇ ਸਰਾਸਰ ਝੂਠ ਬੋਲ ਰਹੀ ਹੈ।

ਉਨ੍ਹਾਂ ਕਿਹਾ ਕਿ ਜਿਸ ਪੁੱਤਰ ਦੀ ਅੱਗ ਨਾਲ ਸੜ ਕੇ ਮੌਤ ਹੋਣ ਦੀ ਗੱਲ ਐੱਸ. ਐੱਸ. ਪੀ. ਕਰਦੇ ਹਨ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੌਤ ਉਸ ਦੀ ਸੜਨ ਕਾਰਨ ਹੀ ਹੋਈ ਹੈ ਪਰ ਰਾਤ ਨੂੰ ਨਸ਼ੇ ਦੀ ਓਵਰਡੋਜ਼ ਸੇਵਨ ਕਰਨ ਉਪਰੰਤ ਬੀੜੀ ਪੀਂਦੇ ਹੋਏ ਉਸ ਦੇ ਬੈੱਡ ਨੂੰ ਅੱਗ ਲੱਗ ਗਈ।
ਇਸ ਤੋਂ ਇਲਾਵਾ ਜਿਸ ਪੁੱਤਰ ਦੀ ਜੇਲ੍ਹ ’ਚ ਹੋਈ ਮੌਤ ਦਾ ਕਾਰਨ ਦੱਸਿਆ ਗਿਆ ਉਹ ਮੇਰੇ ਪੁੱਤਰ ਨੂੰ ਪੰਜਾਬ ਪੁਲਸ ਦਾ ਹੀ ਇਕ ਮੁਲਜ਼ਮ ਤੋਤੀ ਤੋਂ ਨਸ਼ੇ ਲੈਣ ਲਈ ਮੋਟਰਸਾਈਕਲ ’ਤੇ ਲੈ ਕੇ ਜਾ ਰਿਹਾ ਸੀ, ਜਿੱਥੇ ਫੜੇ ਜਾਣ ’ਤੇ ਪੁਲਸ ਨੇ ਆਪਣਾ ਮੁਲਾਜ਼ਮ ਤਾਂ ਛੱਡ ਦਿੱਤਾ ਪਰ ਮੇਰੇ ਪੁੱਤਰ ’ਤੇ ਨਸ਼ੇ ਦਾ ਕੇਸ ਪਾ ਕੇ ਉਸ ਨੂੰ ਜੇਲ੍ਹ ’ਚ ਸੁੱਟ ਦਿੱਤਾ। ਕੀ ਕਸੂਰ ਸੀ ਮੇਰਾ, ਮੇਰੇ ਵੱਲੋਂ ਪੈਸੇ ਨਾ ਦਿੱਤੇ ਜਾਣ ’ਤੇ ਉਸ ਦੀ ਜੇਲ੍ਹ ’ਚ ਮੌਤ ਹੋ ਗਈ।

ਇਹ ਵੀ ਪੜ੍ਹੋ: ਪੁਲਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਵੱਡੇ ਪੱਧਰ 'ਤੇ ਅਧਿਕਾਰੀਆਂ ਦੇ ਤਬਾਦਲੇ

ਜਿਸ ਘਰ ’ਚ ਅੱਗ ਲੱਗੀ ਹੋਵੇ, ਉਸ ਦਾ ਸੇਕ ਘਰਦਿਆਂ ਨੂੰ ਹੀ ਪਤਾ ਹੁੰਦੈ
ਰੋਂਦੀ ਹੋਈ ਮਾਂ ਨੇ ਕਿਹਾ ਕਿ ਜਿਸ ਘਰ ’ਚ ਅੱਗ ਲੱਗੀ ਹੋਵੇ, ਉਸ ਦਾ ਸੇਕ ਘਰਦਿਆਂ ਨੂੰ ਹੀ ਪਤਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੁਲਸ ਨਾਲ ਮੈਂ ਸਹਿਯੋਗ ਕਰਨਾ ਚਾਹੁੰਦੀ ਹਾਂ ਪਰ ਅਜਿਹੇ ਝੂਠੇ ਅਤੇ ਗਲਤ ਬਿਆਨ ਦੇ ਕੇ ਕੀ ਪੁਲਸ ਆਪਣੇ-ਆਪ ਨੂੰ ਸੱਚ ਸਾਬਤ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਮੈਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਪਰ ਮੈਂ ਹੁਣ ਚੁੱਪ ਨਹੀਂ ਬੈਠਾਂਗੀ। ਉਨ੍ਹਾਂ ਕਿਹਾ ਕਿ ਮੈਂ ਤਾਂ ਆਪਣੇ ਪੰਜ ਪੁੱਤ ਗਵਾ ਦਿੱਤੇ ਹਨ ਅਤੇ ਜੇ ਪੁਲਸ ਕਿਸੇ ਹੋਰ ਦਾ ਪੁੱਤ ਬਚਾ ਸਕਦੀ ਤਾਂ ਬਚਾਵੇ ਨਹੀਂ ਤਾਂ ਪੂਰੀ ਜਨਤਾ ਦੇ ਸਾਹਮਣੇ ਉਹ ਸਾਰਾ ਕੁਝ ਬਿਆਨ ਕਰੇਗੀ। ਰੋਂਦੀ ਮਾਤਾ ਵਾਰ-ਵਾਰ ਵਿਰਲਾਪ ਕਰਦਿਆਂ ਬੇਹੋਸ਼ ਹੋਈ ਜਾ ਰਹੀ ਸੀ, ਜਿਸ ਦਾ ਦੁੱਖ਼ ਵੇਖ ਕੇ ਹਰੇਕ ਦਾ ਕਲੇਜ਼ਾ ਕੰਬ ਗਿਆ।
ਇਹ ਵੀ ਪੜ੍ਹੋ: Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
