ਮੀਂਹ-ਗੜ੍ਹੇਮਾਰੀ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ 'ਚ ਭਾਰੀ ਨੁਕਸਾਨ, ਕਿਸਾਨਾਂ ਦੀ 1.30 ਲੱਖ ਏਕੜ ਫ਼ਸਲ ਤਬਾਹ

Thursday, Apr 09, 2026 - 12:12 PM (IST)

ਮੀਂਹ-ਗੜ੍ਹੇਮਾਰੀ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ 'ਚ ਭਾਰੀ ਨੁਕਸਾਨ, ਕਿਸਾਨਾਂ ਦੀ 1.30 ਲੱਖ ਏਕੜ ਫ਼ਸਲ ਤਬਾਹ

ਜਲੰਧਰ/ਚੰਡੀਗੜ੍ਹ (ਧਵਨ)- ਭਾਰੀ ਬਾਰਿਸ਼ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ ’ਚ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਜਿਸ ਕਾਰਨ ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਅਧਿਕਾਰੀਆਂ ਨੂੰ ਪ੍ਰਭਾਵਿਤ ਖੇਤਰਾਂ ’ਚ ਤਾਇਨਾਤ ਕੀਤਾ ਗਿਆ ਹੈ। ਕਣਕ ਦੀ ਫ਼ਸਲ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ, ਜਿਸ ਦੀ ਕਟਾਈ ਕੁਝ ਖੇਤਰਾਂ ’ਚ ਸ਼ੁਰੂ ਹੋਈ ਹੈ। ਉਥੇ ਹੀ ਪੰਜਾਬ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹਾਲ ਹੀ ਵਿਚ ਹੋਈ ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਕਣਕ ਅਤੇ ਹੋਰ ਰਬੀ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਤੁਰੰਤ ਇਕ ਉੱਚ ਪੱਧਰੀ ਟੀਮ ਭੇਜੀ ਜਾਵੇ।

ਇਹ ਵੀ ਪੜ੍ਹੋ: Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ ਤਾਂ...

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਲਿਖੇ ਪੱਤਰ 'ਚ ਪੰਜਾਬ ਨੇ ਸੂਬੇ 'ਚ ਕਣਕ ਦੀ ਫ਼ਸਲ 'ਤੇ ਖ਼ਰਾਬ ਮੌਸਮ ਦੇ ਪਏ ਗੰਭੀਰ ਪ੍ਰਭਾਵ ਨੂੰ ਉਜਾਗਰ ਕੀਤਾ। ਪੱਤਰ 'ਚ ਕਿਹਾ ਗਿਆ ਕਿ ਇਸ ਰਬੀ ਸੀਜ਼ਨ ਦੌਰਾਨ 35 ਲੱਖ ਹੈਕਟੇਅਰ ਰਕਬੇ 'ਚ ਕਣਕ ਦੀ ਬਿਜਾਈ ਕੀਤੀ ਗਈ ਸੀ ਅਤੇ ਚੰਗੀ ਪੈਦਾਵਾਰ ਦੀ ਉਮੀਦ ਸੀ ਪਰ ਲਗਾਤਾਰ ਹੋ ਰਹੀ ਬਾਰਿਸ਼ ਅਤੇ ਗੜ੍ਹੇਮਾਰੀ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਕਿਸਾਨ ਭਾਈਚਾਰਾ ਡੂੰਘੇ ਸੰਕਟ ਵਿੱਚ ਆ ਗਿਆ ਹੈ। ਸੂਬਾ ਖੇਤੀਬਾੜੀ ਵਿਭਾਗ ਦੇ ਮੁੱਢਲੇ ਅੰਦਾਜ਼ੇ ਅਨੁਸਾਰ 1.30 ਲੱਖ ਏਕੜ ਤੋਂ ਵੱਧ ਰਕਬੇ 'ਚ ਫ਼ਸਲ ਦੇ ਨੁਕਸਾਨ ਦੀ ਸੂਚਨਾ ਮਿਲੀ ਹੈ। ਮੀਂਹ ਜਾਰੀ ਰਹਿਣ ਕਾਰਨ ਨੁਕਸਾਨ ਲਗਾਤਾਰ ਵਧ ਰਿਹਾ ਹੈ ਅਤੇ ਅੰਤਿਮ ਅੰਕੜਾ ਹੋਰ ਵੀ ਜ਼ਿਆਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ ਕੀਤਾ...

ਪੰਜਾਬ ਨੇ ਇਹ ਵੀ ਦੱਸਿਆ ਕਿ ਨੁਕਸਾਨ ਸਿਰਫ਼ ਕਣਕ ਤੱਕ ਹੀ ਸੀਮਤ ਨਹੀਂ ਹੈ, ਸਗੋਂ ਸਬਜ਼ੀਆਂ, ਚਾਰਾ ਅਤੇ ਹੋਰ ਰਬੀ ਫ਼ਸਲਾਂ ਵੀ ਪ੍ਰਭਾਵਿਤ ਹੋਈਆਂ ਹਨ। ਫ਼ਾਜ਼ਿਲਕਾ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਅੰਮ੍ਰਿਤਸਰ, ਮੋਗਾ ਅਤੇ ਮਾਨਸਾ ਸਮੇਤ ਕਈ ਜ਼ਿਲ੍ਹਿਆਂ 'ਚ ਵਿਆਪਕ ਨੁਕਸਾਨ ਹੋਇਆ ਹੈ। ਫ਼ਸਲਾਂ ਦਾ ਇਹ ਨੁਕਸਾਨ ਕਿਸਾਨਾਂ ਦੀ ਰੋਜ਼ੀ-ਰੋਟੀ ਅਤੇ ਸੂਬੇ ਦੀ ਖੇਤੀਬਾੜੀ ਆਰਥਿਕਤਾ ਲਈ ਗੰਭੀਰ ਖ਼ਤਰਾ ਬਣ ਗਿਆ ਹੈ। ਸੂਬਾ ਸਰਕਾਰ ਨੇ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਪਹਿਲਾਂ ਹੀ ਜਾਰੀ ਕਰ ਦਿੱਤੇ ਹਨ।

ਨੁਕਸਾਨ ਦੇ ਵੱਡੇ ਪੱਧਰ ਅਤੇ ਕਿਸਾਨਾਂ 'ਤੇ ਪਏ ਆਰਥਿਕ ਬੋਝ ਨੂੰ ਵੇਖਦੇ ਹੋਏ ਸੂਬੇ ਨੇ ਕੇਂਦਰ ਤੋਂ ਤੁਰੰਤ ਰਾਹਤ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ। ਵਿਸਤ੍ਰਿਤ ਮੁਲਾਂਕਣ ਲਈ ਕੇਂਦਰੀ ਟੀਮ ਦੀ ਤੁਰੰਤ ਲੋੜ ਦੱਸੀ ਗਈ ਹੈ, ਨਾਲ ਹੀ ਸੂਬਾ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਉਹ ਆਪਣੇ ਕਿਸਾਨਾਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਕੇਂਦਰੀ ਟੀਮ ਨੂੰ ਹਰ ਸੰਭਵ ਸਹਿਯੋਗ ਪ੍ਰਦਾਨ ਕਰੇਗੀ।

ਇਹ ਵੀ ਪੜ੍ਹੋ: ਪੁਲਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ! ਵੱਡੇ ਪੱਧਰ 'ਤੇ ਅਧਿਕਾਰੀਆਂ ਦੇ ਤਬਾਦਲੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News