ਆਰਥਿਕ ਤੰਗੀ ਤੇ ਮਾਨਸਿਕ ਪਰੇਸ਼ਾਨੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Saturday, Apr 04, 2026 - 10:59 AM (IST)

ਆਰਥਿਕ ਤੰਗੀ ਤੇ ਮਾਨਸਿਕ ਪਰੇਸ਼ਾਨੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਅਬੋਹਰ (ਸੁਨੀਲ) : ਇੱਥੇ ਪਿੰਡ ਕੁਲਾਰ ਦੇ ਇਕ ਨੌਜਵਾਨ ਵੱਲੋਂ ਆਰਥਿਕ ਤੰਗੀ ਅਤੇ ਮਾਨਸਿਕ ਪਰੇਸ਼ਾਨੀ ਕਾਰਨ ਘਰ ’ਚ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਪੁਲਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਲਗਭਗ 24 ਸਾਲਾ ਵਿਕਾਸ ਪੁੱਤਰ ਰਾਮ ਸਿੰਘ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੀ ਮਹਿਕ ਨਾਮ ਦੀ 2 ਸਾਲ ਦੀ ਇਕ ਧੀ ਹੈ। ਮ੍ਰਿਤਕ ਦੇ ਭਰਾ ਰਵੀ ਨੇ ਦੱਸਿਆ ਕਿ ਵਿਕਾਸ ਮਜ਼ਦੂਰੀ ਕਰਦਾ ਸੀ ਪਰ ਕੰਮ ਸਹੀ ਨਾ ਚੱਲਣ ਕਾਰਨ ਉਹ ਅਕਸਰ ਪਰੇਸ਼ਾਨ ਰਹਿੰਦਾ ਸੀ। ਘਟਨਾ ਵੇਲੇ ਉਸ ਦੀ ਪਤਨੀ ਧੀ ਸਮੇਤ ਆਪਣੇ ਮਾਪਿਆਂ ਦੇ ਘਰ ਗਈ ਹੋਈ ਸੀ ਅਤੇ ਵਿਕਾਸ ਘਰ ’ਚ ਇਕੱਲਾ ਸੀ।

ਬੀਤੀ ਰਾਤ ਉਹ ਖਾਣਾ ਖਾ ਕੇ ਸੌਂ ਗਿਆ ਪਰ ਸਵੇਰੇ ਲਗਭਗ 6 ਵਜੇ ਜਦੋਂ ਰਵੀ ਉੱਠਿਆ ਤਾਂ ਉਸ ਨੇ ਵਿਕਾਸ ਨੂੰ ਕਮਰੇ ’ਚ ਫ਼ਾਹੇ ਨਾਲ ਲਟਕਦਾ ਪਾਇਆ। ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹੇਠਾਂ ਉਤਾਰਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ‘ਨਰ ਸੇਵਾ ਨਾਰਾਇਣ ਸੇਵਾ ਸਮਿਤੀ’ ਦੇ ਮੈਂਬਰ ਚਿਮਨ ਲਾਲ ਦੀ ਮਦਦ ਨਾਲ ਲਾਸ਼ ਨੂੰ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਪਤਨੀ ਵੀ ਹਸਪਤਾਲ ਪਹੁੰਚ ਗਈ ਹੈ। ਪੁਲਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਬੀ. ਐੱਨ. ਐੱਸ. ਦੀ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News