ਪੰਥਕ ਏਕਤਾ ਲਈ ਸਾਰੇ ਅਕਾਲੀ ਪਾਰਟੀ ’ਚ ਵਾਪਸ ਪਰਤਣ : ਸੁਖਬੀਰ ਬਾਦਲ

Monday, Apr 06, 2026 - 11:12 AM (IST)

ਪੰਥਕ ਏਕਤਾ ਲਈ ਸਾਰੇ ਅਕਾਲੀ ਪਾਰਟੀ ’ਚ ਵਾਪਸ ਪਰਤਣ : ਸੁਖਬੀਰ ਬਾਦਲ

ਪਟਿਆਲਾ (ਮਨਦੀਪ ਜੋਸਨ, ਬਲਜਿੰਦਰ, ਰਾਣਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਪੰਜਾਬ ਬਚਾਓ’ ਰੈਲੀ ਦੌਰਾਨ ਪਟਿਆਲਾ ਦਿਹਾਤੀ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਦੀ ਹੌਸਲਾ ਅਫਜ਼ਾਈ ਕਰਦਿਆਂ ਇੱਥੇ ਜੁੜੇ ਹਜ਼ਾਰਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਬਿੱਟੂ ਚੱਠਾ ਨੂੰ ਵਿਧਾਇਕ ਬਣਾਓ, ਮੈਂ ਇਸ ਨੂੰ ਸਰਕਾਰ ਵਿਚ ਵੱਡਾ ਮਾਣ ਦਿਆਂਗਾ। ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਭ੍ਰਿਸ਼ਟ ਲੋਕ ਸਮਝਦੇ ਹਨ ਕਿ ਇਹ ਕੈਨੇਡਾ, ਆਸਟ੍ਰੇਲੀਆ ਤੇ ਹੋਰ ਮੁਲਕਾਂ ’ਚ ਭੱਜ ਜਾਣਗੇ, ਜਿਥੇ ਇਨ੍ਹਾਂ ਨੇ ਗੈਰ-ਕਾਨੂੰਨੀ ਪੈਸਾ ਰੱਖਿਆ ਹੈ। ਮੈਂ ਇਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਜੇਕਰ ਇਹ ਭੱਜ ਵੀ ਗਏ ਤਾਂ ਇਨ੍ਹਾਂ ਨੂੰ ਵਾਪਸ ਲਿਆ ਕੇ ਕਾਨੂੰਨ ਮੁਤਾਬਕ ਅਪਰਾਧਾਂ ਲਈ ਜਵਾਬਦੇਹ ਠਹਿਰਾਇਆ ਜਾਵੇਗਾ।

ਸੁਖਬੀਰ ਨੇ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਨੇ ਵਾਰ-ਵਾਰ ਪੰਜਾਬੀਆਂ ਨੂੰ ਧੋਖਾ ਦਿੱਤਾ ਅਤੇ 25 ਸਾਲ ਤੱਕ ਸੱਤਾ ’ਚ ਰਹਿਣ ਦੇ ਬਾਵਜੂਦ ਉਸ ਕੋਲ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਵੀ ਨਹੀਂ ਹੈ। ਉਨ੍ਹਾਂ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ 10 ਸਾਲ ਮੁੱਖ ਮੰਤਰੀ ਰਹੇ ਪਰ ਇਕ ਵਾਰ ਵੀ ਉਹ ਪਟਿਆਲਾ ਦਿਹਾਤੀ ਦੇ ਕਿਸੇ ਵਾਰਡ ਜਾਂ ਪਿੰਡ ’ਚ ਨਹੀਂ ਆਏ, ਜਦੋਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਪਿੰਡਾਂ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ।

ਇਸ ਮੌਕੇ ਸੁਖਬੀਰ ਬਾਦਲ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਆਖਿਆ ਕਿ ਪੰਜਾਬ ਨੂੰ ਦਿੱਲੀ ਦੇ ਲੁਟੇਰਿਆਂ ਤੋਂ ਬਚਾਉਣ, ਪੰਜਾਬ ਦਾ ਮਾਣ ਤੇ ਖੁਸ਼ਹਾਲੀ ਬਹਾਲ ਕਰਨ ਲਈ ਉਹ ਸਮੁੱਚੇ ਨਾਰਾਜ਼ ਅਕਾਲੀਆਂ ਅਤੇ ਹੋਰ ਮੰਚਾਂ ’ਤੇ ਬੈਠੇ ਪੰਜਾਬੀਆਂ ਨੂੰ ਅਪੀਲ ਕਰਦੇ ਹਨ ਕਿ ਪੰਜਾਬ ਦੀ ਇਕਲੌਤੀ ਪਾਰਟੀ ਅਕਾਲੀ ਦਲ ਦੇ ਝੰਡੇ ਹੇਠ ਇਕੱਠੇ ਹੋਣ ਤਾਂ ਜੋ ਇਕ ਨਵਾਂ ਪੰਜਾਬ ਸਿਰਜਿਆ ਜਾ ਸਕੇ।

‘ਆਪ’ ਸਰਕਾਰ ਵੱਲੋਂ ਦਰਜ ਕੀਤੇ ਕਥਿਤ ਝੂਠੇ ਕੇਸਾਂ ਦੀ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਕ ਮੌਜੂਦਾ ਜੱਜ ਦੀ ਅਗਵਾਈ ਹੇਠ ਕਮੇਟੀ ਬਣਾਵਾਂਗੇ, ਜੋ 3 ਮਹੀਨਿਆਂ ਦੇ ਅੰਦਰ-ਅੰਦਰ ਇਨ੍ਹਾਂ ਸਾਰੇ ਝੂਠੇ ਕੇਸਾਂ ਦੀ ਜਾਂਚ ਕਰੇਗੀ।

ਇਸ ਮੌਕੇ ਪੰਜਾਬ ਵਿਚ ਪਾਰਟੀ ਦਾ ਵਿਜ਼ਨ ਸਾਂਝਾ ਕਰਦਿਆਂ ਸੁਖਬੀਰ ਨੇ ਕਿਹਾ ਕਿ ਸਰਕਾਰੀ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸੂਬੇ ਵਿਚ ਨਵਾਂ ਨਿਵੇਸ਼ ਲਿਆਵੇਗੀ ਪਰ ਨਾਲ ਹੀ ਸ਼ਰਤ ਰੱਖੇਗੀ ਕਿ ਸਾਰੀਆਂ ਨਵੀਆਂ ਇਕਾਈਆਂ ਵਿਚ 75 ਫ਼ੀਸਦੀ ਨੌਕਰੀਆਂ ਪੰਜਾਬੀਆਂ ਨੂੰ ਦਿੱਤੀਆਂ ਜਾਣ। ਉਨ੍ਹਾਂ ਐਲਾਨ ਕੀਤਾ ਕਿ ਨੌਜਵਾਨਾਂ ਨੂੰ ਵਿਆਜ ਮੁਕਤ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਪਸ਼ੂ ਪਾਲਣ ਫਾਰਮ ਸਥਾਪਿਤ ਕਰਨ ਲਈ 75 ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਅਗਲੀ ਅਕਾਲੀ ਸਰਕਾਰ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਿਤ ਕਰੇਗੀ, ਜੋ ਹਰ ਸਾਲ ਇਕ ਲੱਖ ਨੌਜਵਾਨਾਂ ਨੂੰ ਸਿਖਲਾਈ ਦੇਵੇਗੀ ਅਤੇ ਇਸ ਦੇ ਸੈਂਟਰ ਹਰ ਜ਼ਿਲੇ ਵਿਚ ਹੋਣਗੇ। ਅਕਾਲੀ ਦਲ ਦੀ ਸਰਕਾਰ ਆਟਾ-ਦਾਲ ਸਕੀਮ ਦਾ ਵਿਸਥਾਰ ਕਰੇਗੀ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕਰੇਗੀ ਅਤੇ ਸ਼ਗਨ ਸਕੀਮ ਦੀ ਰਕਮ ਵਧਾ ਕੇ 1 ਲੱਖ ਰੁਪਏ ਕੀਤੀ ਜਾਵੇਗੀ।

ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਦਲਜੀਤ ਸਿੰਘ ਚੀਮਾ, ਐੱਨ. ਕੇ. ਸ਼ਰਮਾ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਕਬੀਰ ਦਾਸ ਹਲਕਾ ਸ਼ੁਤਰਾਣਾ, ਮੱਖਣ ਸਿੰਘ ਲਾਲਕਾ ਹਲਕਾ ਨਾਭਾ, ਸਰਬਜੀਤ ਸਿੰਘ ਝਿੰਜਰ ਯੂਥ ਪ੍ਰਧਾਨ, ਅਰਸ਼ਦੀਪ ਸਿੰਘ ਕਲੇਰ ਪ੍ਰਧਾਨ ਲੀਗਲ ਵਿੰਗ, ਜਗਮੀਤ ਸਿੰਘ ਹਰਿਆਊ, ਅਮਿਤ ਸਿੰਘ ਰਾਠੀ, ਮਾਲਵਿੰਦਰ ਸਿੰਘ ਝਿਲ, ਹਰਵਿੰਦਰ ਸਿੰਘ ਬੱਬੂ, ਸਰਪੰਚ ਹਰਵਿੰਦਰ ਸਿੰਘ ਹਰਦਾਸਪੁਰ ਅਤੇ ਹੋਰ ਬਹੁਤ ਸਾਰੇ ਨੇਤਾ ਹਾਜ਼ਰ ਸਨ।
 


author

Anmol Tagra

Content Editor

Related News