ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਪਸ਼ੂਆਂ ਦੀ ਮੌਤ

Saturday, Apr 04, 2026 - 04:31 PM (IST)

ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਪਸ਼ੂਆਂ ਦੀ ਮੌਤ

ਮਾਨਸਾ (ਜੱਸਲ) : ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਮੀਂਹ-ਤੂਫ਼ਾਨ ਅਤੇ ਗੜ੍ਹੇਮਾਰੀ ਨੇ ਲੋਕਾਂ ਦੇ ਸਾਹ ਸੂਤ ਲਏ ਹਨ। ਜਿੱਥੇ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉੱਥੇ ਦੂਸਰੇ ਪਾਸੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਤੋਂ ਇੱਕੋ ਘਰ ਦੇ ਤਿੰਨ ਪਸ਼ੂਆਂ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਵਿਖੇ ਜੀਤ ਸਿੰਘ ਸਪੁੱਤਰ ਮਹਿੰਦਰ ਸਿੰਘ ਮਿਸਤਰੀ ਦੇ ਘਰ ਅਸਮਾਨੀ ਬਿਜਲੀ ਡਿੱਗਣ ਕਾਰਨ ਤਿੰਨ ਪਸ਼ੂਆਂ, ਜਿਸ 'ਚ ਇੱਕ ਮੱਝ, ਗਾਂ ਅਤੇ ਕਟਰੂ ਸ਼ਾਮਲ ਹਨ, ਦੀ ਮੌਤ ਹੋ ਗਈ ਹੈ।

ਇਸ ਨਾਲ ਪੂਰੇ ਪਰਿਵਾਰ 'ਚ ਮਾਤਮ ਛਾ ਗਿਆ। ਜੀਤ ਸਿੰਘ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ ਪਰ ਇਸ ਕੁਦਰਤੀ ਕਹਿਰ ਨੇ ਉਸਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜੀਤ ਸਿੰਘ ਨੇ ਦੱਸਿਆ ਕਿ ਮੇਰੇ ਤਿੰਨਾਂ ਪਸ਼ੂਆਂ ਦੀ ਕੀਮਤ ਲਗਭਗ 3 ਲੱਖ ਕਰੀਬ ਸੀ, ਹੁਣ ਇਹ ਘਾਟਾ ਸਹਿਣਾ ਮੁਸ਼ਕਲ ਹੈ। ਇਸ ਮੌਕੇ ਸਰਪੰਚ ਪੋਹਲੋਜੀਤ ਸਿੰਘ, ਚੇਅਰਮੈਨ ਬਲਵੀਰ ਸਿੰਘ, ਗੋਰਾ ਸਿੰਘ, ਬਿੰਦਰ ਸਿੰਘ, ਹਰਮੀਤ ਸਿੰਘ ਤੋਂ ਇਲਾਵਾ ਪਿੰਡ ਦੇ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਰਿਵਾਰ ਦੇ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਕੀਤੀ ਹੈ।


author

Babita

Content Editor

Related News