ਪੁਰਾਣੀ ਰੰਜਿਸ਼ ਕਾਰਨ 18 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ
Monday, Mar 30, 2026 - 03:34 PM (IST)
ਫਿਰੋਜ਼ਪੁਰ (ਰਾਜੇਸ਼ ਢੰਡ) : ਫਿਰੋਜ਼ਪੁਰ ਕੈਂਟ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ 18 ਸਾਲਾ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਆਸ਼ਿਸ਼ ਉਰਫ਼ ਕੱਟਾ ਵਜੋਂ ਹੋਈ ਹੈ। ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਇਸ ਮਾਮਲੇ 'ਚ 11 ਬਾਏ ਨੇਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੀ ਮਾਸੀ ਰਜਨੀ ਵਾਸੀ ਬਸਤੀ ਟੈਂਕਾਂਵਾਲੀ ਨੇ ਦੱਸਿਆ ਕਿ ਉਸ ਦੀ ਭੈਣ ਜੇਲ੍ਹ 'ਚ ਹੈ ਅਤੇ ਜੀਜੇ ਦੀ ਮੌਤ ਹੋ ਚੁੱਕੀ ਹੈ। ਇਸ ਕਾਰਨ ਉਸ ਦਾ ਭਾਣਜਾ ਆਸ਼ਿਸ਼ ਉਸ ਨੂੰ ਮਿਲਣ ਆਇਆ ਸੀ। ਜਦੋਂ ਉਹ ਵਾਪਸ ਜਾ ਰਿਹਾ ਸੀ ਤਾਂ ਦੁਪਹਿਰ ਕਰੀਬ 3 ਵਜੇ ਸ਼ਮਸ਼ਾਨਘਾਟ ਰੋਡ ’ਤੇ ਵੱਖ-ਵੱਖ ਗੱਡੀਆਂ 'ਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ।
ਰਜਨੀ ਨੇ ਦੱਸਿਆ ਕਿ ਹਮਲਾਵਰਾਂ ਕੋਲ ਕਿਰਪਾਨਾਂ, ਕਾਪੇ, ਰਾਡਾਂ ਅਤੇ ਚਾਕੂ ਸਨ। ਉਸ ਨੇ ਆਪਣੇ ਭਾਣਜੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਰੌਲਾ ਵੀ ਪਾਇਆ ਪਰ ਦੋਸ਼ੀਅਨ ਨੇ ਬੇਰਹਿਮੀ ਨਾਲ ਆਸ਼ਿਸ਼ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਨੋਂ ਮਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਏ। ਰਜਨੀ ਨੇ ਦੱਸਿਆ ਕਿ ਉਕਤ ਹਮਲਾਵਰਾਂ ਦੀ ਪਛਾਣ ਸਲੀਮ, ਅਜੈ, ਅਭੀ ਪੁੱਤਰ ਬੱਬੂ ਪ੍ਰਧਾਨ, ਬੋਬੋ ਪੁੱਤਰ ਨੋਨਾ, ਮੈਂਗੋ ਅਤੇ ਯੂਵੀ ਪੁੱਤਰ ਮੈਂਗੋ, ਰਿੰਕਲ, ਚੰਦੂ ਅਤੇ ਡੋਗਰਾ ਮੋਗਾ ਰੋਡ ਵਜੋਂ ਹੋਈ। ਵਜ਼ਾ ਰੰਜ਼ਿਸ਼ ਇਹ ਹੈ ਕਿ ਅਭੀ ਹੁਰਾਂ ਨਾਲ ਉਸ ਦੇ ਭਾਣਜੇ ਦੀ ਪੁਰਾਣੀ ਲਾਗ-ਡਾਟ ਚੱਲ ਰਹੀ ਸੀ, ਜਿਸ ਕਰਕੇ ਇਨ੍ਹਾਂ ਨੇ ਹਮਮਸ਼ਵਰਾ ਹੋ ਕੇ ਉਸ ਦੇ ਭਾਣਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
