ਇੱਕੋ ਝਟਕੇ ਪੰਜਾਬ ਪੁਲਸ ਸਟੇਸ਼ਨ ਦੇ ਸਾਰੇ ਸਟਾਫ਼ ਦਾ Transfer, ਜਾਣੋ ਕਿਉਂ ਹੋਈ ਕਾਰਵਾਈ

Monday, Apr 06, 2026 - 11:16 AM (IST)

ਇੱਕੋ ਝਟਕੇ ਪੰਜਾਬ ਪੁਲਸ ਸਟੇਸ਼ਨ ਦੇ ਸਾਰੇ ਸਟਾਫ਼ ਦਾ Transfer, ਜਾਣੋ ਕਿਉਂ ਹੋਈ ਕਾਰਵਾਈ

ਬਠਿੰਡਾ/ਜਲੰਧਰ (ਵਿਜੇ ਵਰਮਾ, ਧਵਨ)- ਜ਼ਿਲ੍ਹੇ ’ਚ ਨਸ਼ਿਆਂ ਵਿਰੁੱਧ ਪੁਲਸ ਦੀ ਢਿੱਲੀ ਕਾਰਵਾਈ ਦਾ ਮੁੱਦਾ ਐਤਵਾਰ ਨੂੰ ਆਯੋਜਿਤ ਇਕ ਮੀਟਿੰਗ ’ਚ ਸਥਾਨਕ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੇ ਉਠਾਇਆ, ਜਿਸ ’ਤੇ ਸਖਤ ਐਕਸ਼ਨ ਲੈਂਦੇ ਹੋਏ ਡੀ. ਆਈ. ਜੀ. ਜ਼ੋਨ ਬਠਿੰਡਾ ਹਰਜੀਤ ਸਿੰਘ ਨੇ ਸਰਕਾਰ ਦੇ ਨਿਰਦੇਸ਼ਾਂ ’ਤੇ ਥਾਣਾ ਸਦਰ ਅਧੀਨ ਆਉਂਦੀ ਕੋਟਸ਼ਮੀਰ ਪੁਲਸ ਚੌਕੀ ਦਾ ਪੂਰਾ ਸਟਾਫ ਤਬਦੀਲ ਕਰ ਦਿੱਤਾ। ਇਸ ਦੌਰਾਨ ਡੀ. ਆਈ. ਜੀ. ਹਰਜੀਤ ਸਿੰਘ ਨੇ ਤੁਰੰਤ ਪ੍ਰਭਾਵ ਨਾਲ ਕੋਟਸ਼ਮੀਰ ਪੁਲਸ ਚੌਕੀ ਦੇ ਇੰਚਾਰਜ ਸਮੇਤ 11 ਲੋਕਾਂ ਨੂੰ ਮਾਨਸਾ ਜ਼ਿਲ੍ਹੇ ’ਚ ਤਬਦੀਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਚੌਕੀ ’ਚ ਨਵਾਂ ਸਟਾਫ ਨਿਯੁਕਤ ਕਰਨ ਲਈ ਐੱਸ. ਐੱਸ. ਪੀ. ਨੂੰ ਕਿਹਾ ।

ਅੱਜ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਹੋਈ ਮੀਟਿੰਗ ’ਚ ਸਰਕਾਰ ਵੱਲੋਂ ਸੰਗਠਨਾਂ ਦੇ ਅਹੁਦੇਦਾਰਾਂ ਅਤੇ ਚੇਅਰਮੈਨਾਂ ਤੋਂ ਆਗਾਮੀ ਚੋਣਾਂ ਦੀਆਂ ਤਿਆਰੀਆਂ ਸਬੰਧੀ ਫੀਡਬੈਕ ਲਿਆ, ਜਿਸ ਵਿਚ ਬਠਿੰਡਾ ਦੇ ਗੁਲਾਬਗੜ੍ਹ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਆਪਣੇ ਇਲਾਕੇ ’ਚ ਨਸ਼ਿਆਂ ਦੀ ਵਰਤੋਂ ਅਤੇ ਇਸ ਦੇ ਨਤੀਜੇ ਵਜੋਂ ਨੌਜਵਾਨਾਂ ਦੀਆਂ ਮੌਤਾਂ ਦਾ ਮੁੱਦਾ ਉਠਾਇਆ। ਸਰਪੰਚ ਲੱਖਾ ਸਿੰਘ ਨੇ ਕਿਹਾ ਕਿ ਗੁਲਾਬਗੜ੍ਹ ਅਤੇ ਆਸ-ਪਾਸ ਦੇ ਪੇਂਡੂ ਖੇਤਰਾਂ ’ਚ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ। ਨਸ਼ੇ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਹਾਲ ਹੀ ਵਿਚ ਗੁਲਾਬਗੜ੍ਹ ’ਚ ਹੀ 2 ਮੌਤਾਂ ਹੋਈਆਂ ਹਨ। ਉਨ੍ਹਾਂ ਨੇ ਸਦਰ ਪੁਲਸ ਸਟੇਸ਼ਨ ਅਤੇ ਕੋਟਸ਼ਮੀਰ ਪੁਲਸ ਚੌਕੀ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ।

ਇਸ ਤੋਂ ਬਾਅਦ ਸਰਕਾਰ ਨੇ ਮੀਟਿੰਗ ’ਚ ਡੀ. ਆਈ. ਜੀ. ਜ਼ੋਨ ਹਰਜੀਤ ਸਿੰਘ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸ ਮਾਮਲੇ ’ਚ ਤੁਰੰਤ ਪ੍ਰਭਾਵ ਨਾਲ ਪੂਰੀ ਚੌਕੀ ’ਚ ਤਾਇਨਾਤ ਸਾਰੇ 11 ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਤਬਾਦਲਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਲਗਾਤਾਰ ਮੁਹਿੰਮ ਚਲਾ ਰਹੀ ਹੈ ਪਰ ਇਸ ਦੇ ਬਾਵਜੂਦ ਪੁਲਸ ਕਰਮਚਾਰੀ ਅਤੇ ਅਧਿਕਾਰੀ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ, ਜੋ ਕਿ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।


author

Anmol Tagra

Content Editor

Related News